ਲਾਰੇਂਸ ਬਿਸ਼ਨੋਈ ਤੋਂ ਪੁੱਛ ਪੜਤਾਲ ਕਰੇਗੀ ਪੰਜਾਬ ਪੁਲਿਸ, ਜਲਦ ਹੀ ਸਿੱਟ ਜਾਏਗੀ ਦਿੱਲੀ

Lawrence Bishnoi

ਦਿੱਲੀ ਪੁਲਿਸ ਦੇ ਰਿਮਾਂਡ ’ਤੇ ਚੱਲ ਰਿਹਾ ਐ ਲਾਰੇਂਸ ਬਿਸਨੋਈ, ਪੰਜਾਬ ਪੁਲਿਸ ਵੀ ਰਿਮਾਂਡ ’ਚ ਹੋਏਗੀ ਸ਼ਾਮਲ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜਲਦ ਹੀ ਪੰਜਾਬ ਪੁਲਿਸ ਲਾਰੇਂਸ ਬਿਸਨੋਈ (Lawrence Bishnoi) ਤੋਂ ਪੁੱਛ ਪੜਤਾਲ ਕਰੇਗੀ। ਇਸ ਲਈ ਪੰਜਾਬ ਪੁਲਿਸ ਦੀ ਇਸ ਮਾਮਲੇ ਵਿੱਚ ਬਣਾਈ ਗਈ ਸਪੈਸ਼ਲ ਜਾਂਚ ਟੀਮ ਦੇ ਅਧਿਕਾਰੀ ਦਿੱਲੀ ਰਵਾਨਾ ਹੋਣਗੇ। ਇਸ ਦੌਰਾਨ ਲਾਰੇਂਸ ਬਿਸ਼ਨੋਈ ਤੋਂ ਕਈ ਸੁਆਲਾਂ ਦੇ ਜੁਆਬ ਲੈਣਗੇ। ਇਸ ਸਮੇਂ ਲਾਰੇਂਸ ਬਿਸ਼ਨੋਈ ਦਿੱਲੀ ਪੁਲਿਸ ਦੇ ਰਿਮਾਂਡ ’ਤੇ ਚੱਲ ਰਿਹਾ ਹੈ ਤਾਂ ਇਸ ਰਿਮਾਂਡ ਵਿੱਚ ਪੰਜਾਬ ਪੁਲਿਸ ਵੀ ਸ਼ਾਮਲ ਹੋਣ ਚਾਹੁੰਦੀ ਹੈ।

ਇਸ ਲਈ ਦਿੱਲੀ ਜਾ ਕੇ ਪੰਜਾਬ ਪੁਲਿਸ, ਦਿੱਲੀ ਪੁਲਿਸ ਨੂੰ ਬੇਨਤੀ ਕਰੇਗੀ ਕਿ ਉਨਾਂ ਨੂੰ ਵੀ ਕੁਝ ਸਮਾਂ ਪੁੱਛ ਪੜਤਾਲ ਕਰਨ ਲਈ ਦਿੱਤਾ ਜਾਵੇ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਵੱਲੋਂ ਸ਼ੁਰੂਆਤੀ ਹਾਮੀ ਭਰ ਦਿੱਤੀ ਗਈ ਹੈ, ਕਿਉਂਕਿ ਪੰਜਾਬ ਪੁਲਿਸ ਵੱਲੋਂ ਫੜੇ ਗਏ ਕਈ ਦੋਸ਼ੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਹੀ ਲਾਰੇਂਸ ਬਿਸ਼ਨੋਈ (Lawrence Bishnoi) ਤੋਂ ਸੁਆਲ ਪੁੱਛੇ ਜਾਣੇ ਹਨ ਤਾਂ ਦਿੱਲੀ ਪੁਲਿਸ ਖੁਦ ਵੀ ਇਸ ਕਤਲ ਮਾਮਲੇ ਵਿੱਚ ਲਾਰੇਂਸ ਬਿਸ਼ਨੋਈ ਅਤੇ ਹੋਰਨਾਂ ਦੀ ਭੂਮਿਕਾ ਨੂੰ ਲੈ ਕੇ ਜਾਂਚ ਕਰ ਰਹੀ ਹੈ। ਪੰਜਾਬ ਪੁਲਿਸ ਦੇ ਦਿੱਲੀ ਪੁੱਜਣ ’ਤੇ ਦਿੱਲੀ ਪੁਲਿਸ ਨੂੰ ਵੀ ਕਾਫ਼ੀ ਜਾਣਕਾਰੀ ਮਿਲ ਸਕਦੀ ਹੈ। ਪੰਜਾਬ ਪੁਲਿਸ ਵੱਲੋਂ ਹਾਲਾਂਕਿ ਇਸ ਮਾਮਲੇ ਵਿੱਚ ਕੋਈ ਵੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਲਈ ਕਿਸੇ ਵੀ ਸਮੇਂ ਪੰਜਾਬ ਪੁਲਿਸ ਰਵਾਨਾ ਹੋ ਸਕਦੀ ਹੈ।

ਇਥੇ ਦੱਸਣਯੋਗ ਹੈ ਕਿ ਬੀਤੇ ਡੇਢ ਹਫਤੇ ਪਹਿਲਾਂ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦਾ ਕੁਝ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕਰ ਰਹੀ ਹੈ ਅਤੇ 10 ਦੇ ਕਰੀਬ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਲਾਰੇਂਸ ਬਿਸ਼ਨੋਈ (Lawrence Bishnoi) ਗੈਂਗ ਵੱਲੋਂ ਜਿੰਮੇਵਾਰੀ ਲਈ ਗਈ ਸੀ ਤਾਂ ਤਿਹਾੜ ਜੇਲ੍ਹ ਵਿੱਚ ਬੰਦ ਲਾਰੇਂਸ ਬਿਸਨੋਈ ਤੋਂ ਪੰਜਾਬ ਪੁਲਿਸ ਪੁੱਛ ਪੜਤਾਲ ਕਰਨਾ ਚਾਹੁੰਦੀ ਹੈ ਤਾਂ ਇਥੇ ਹੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਵੀ ਪੰਜਾਬ ਵਿੱਚ ਲੈ ਕੇ ਆਉਣ ਦੀ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ