ਪੰਜਾਬ ‘ਚ ਸਰਕਾਰ ਦੀ ਸ਼ਹਿ ‘ਤੇ ਭੂ ਤੇ ਰੇਤ ਮਾਫੀਆ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਟੱਪਿਆ : ਚੰਦੂਮਾਜਰਾ

Land, Sand Mafia, Basis, Government's, Rise, Boundaries, ,Crime, Chandumajra

ਵਿਧਾਇਕ ਸੰਦੋਆ ‘ਤੇ ਰੇਤ ਮਾਫੀਆ ਵਲੋਂ ਕੀਤੇ ਗਏ ਹਮਲੇ ਦੀ ਪੁਰਜ਼ੋਰ ਨਿੰਦਾ

ਪਟਿਆਲਾ (ਸੱਚ ਕਹੂੰ ਨਿਊਜ਼)। ਹਲਕਾ ਸਨੌਰ ਤੋਂ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਸਰਕਾਰ ਦੀ ਸ਼ਹਿ ‘ਤੇ ਰੇਤ ਅਤੇ ਭੂ ਮਾਫੀਆ ਗੁੰਡਾਗਰਦੀ ਦੀਆਂ ਸਮੁੱਚੀਆਂ ਹੱਦਾਂ ਟੱਪ ਚੁੱਕਾ ਹੈ। ਇਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਸ਼ਰੇਆਮ ਰੇਤ ਅਤੇ ਭੂ ਮਾਫੀਆ ਦੇ ਗੁੰਡੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਘੁੰਮ ਰਹੇ ਹਨ। ਹੁਣ ਤਾਂ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਤਾਂ ਵੀ ਪਾਰ ਕਰ ਗਈ ਕਿ ਲੋਕਾਂ ਦੇ ਚੁਣੇ ਗਏ ਨੁਮਾਇੰਦਿਆਂ ਨੂੰ ਨਹੀਂ ਬਖਸ਼ਿਆ ਜਾ ਰਿਹਾ।

ਪਹਿਲਾਂ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਘਨੌਰ ਹਲਕੇ ‘ਚ ਸ਼ਰੇਆਮ ਮਾਈਨਿੰਗ ਮਾਫੀਆ ਨੇ ਇੱਕ ਅਧਿਕਾਰੀ ਦੀ ਕੁੱਟਮਾਰ ਕੀਤੀ ਫਿਰ ਉਸ ਨੂੰ ਥਾਣੇ ‘ਚ ਬੰਦ ਕਰਕੇ ਕੁੱਟਿਆ ਗਿਆ। ਹੁਣ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਸ਼ਰੇਆਮ ਰੇਤ ਅਤੇ ਭੂ ਮਾਫੀਆ ਨੇ ਬੜੀ ਬੁਰੀ ਤਰਾਂ ਕੁੱਟਿਆ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਚ ਇੰਝ ਲੱਗ ਰਿਹਾ ਹੈ ਜਿਵੇਂ ਲੋਕਤੰਤਰ ਨਹੀਂ ਸਗੋਂ ਭੂ ਮਾਫੀਆ ਤੇ ਰੇਤ ਮਾਫੀਆ ਦਾ ਰਾਜ ਹੋਵੇ।

ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਜਿਹੀ ਗੁੰਡਾਗਰਦੀ ਦੀ ਸਖਤ ਨਿੰਦਾ ਕਰਦਾ ਹੈ ਅਤੇ ਇਹ ਕਹਿਣ ਤੋਂ ਵੀ ਗੁਰੇਜ ਨਹੀਂ ਕਰਦਾ ਕਿ ਅਜਿਹੇ ਹਮਲੇ ਸਰਕਾਰੀ ਸ਼ਹਿ ਤੋਂ ਬਿਨਾਂ ਸੰਭਵ ਨਹੀਂ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਚਾਹੀਦਾ ਹੈ ਕਿ ਰੇਤ ਅਤੇ ਭੂ ਮਾਫੀਆ ਦੇ ਇਨਾਂ ਗੁੰਡਿਆਂ ਨੂੰ ਨੱਥ ਪਾਈ ਜਾਵੇ ਅਤੇ ਇਸ ਦੀ ਵੱਡੇ ਪੱਧਰ ‘ਤੇ ਜਾਂਚ ਕਰਕੇ ਇਨਾਂ ਗੁੰਡਿਆਂ ਨੂੰ ਸ਼ਹਿ ਦੇਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ ਵੀ ਹਾਜ਼ਰ ਸਨ।