ਲਾਲੂ ਪ੍ਰਸ਼ਾਦ ਯਾਦਵ ਨੂੰ ਸਾਢੇ ਤਿੰਨ ਸਾਲ ਦੀ ਸਜ਼ਾ, ਪੰਜ ਲੱਖ ਰੁਪਏ ਜ਼ੁਰਮਾਨਾ

Lalu Prasad Yadav, Sentenced, Fodder, Scam, RJD

ਰਾਂਚੀ (ਏਜੰਸੀ)। ਚਾਰਾ ਘਪਲੇ ਵਿੱਚ ਦੋਸ਼ੀ ਪਾਏ ਗਏ ਆਰਜੇਡੀ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੂੰ ਇੱਥੇ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਅੱਜ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਲਾਲੂ ਨੂੰ ਪੰਜ ਲੱਖ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਲਾਲੂ ਨੂੰ ਜ਼ਮਾਨਤ ਵੀ ਨਹੀਂ ਮਿਲੇਗੀ। ਇਸ ਲਈ ਉਨ੍ਹਾਂ ਨੂੰ ਹਾਈਕੋਰਟ ਜਾਣਾ ਪਵੇਗਾ।

ਇਹ ਵੀ ਪੜ੍ਹੋ : ਕੁਝ ਘੰਟਿਆਂ ਲਈ ਮਾਨਸਾ ਬਣੇਗਾ ਚੰਡੀਗੜ੍ਹ !

ਦੇਵਘਰ ਖਜ਼ਾਨਾ ‘ਚੋਂ ਨਜਾਇਜ਼ ਤਰੀਕੇ ਨਾਲ 89.27 ਲੱਖ ਰੁਪਏ ਕਢਵਾਉਣ ਦੇ ਮਾਮਲੇ ਵਿੱਚ ਇਹ ਵੱਡਾ ਫੈਸਲਾ ਆਇਆ ਹੈ। ਵੀਡੀਓ ਕਾਨਫਰੰਸਿਗ ਦੇ ਜ਼ਰੀਏ ਲਾਲੂ ਸਮੇਤ ਸਾਰੇ 16 ਦੋਸ਼ੀਆਂ ਨੇ ਰਾਂਚੀ ਦੀ ਬਿਰਸਾ ਮੁੰਡਾ ਜੇਲ੍ਹ ਵਿੱਚ ਇਕੱਠੇ ਬੈਠ ਕੇ ਜੱਜ ਦਾ ਫੈਸਲਾ ਸੁਣਿਆ। ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਫੂਲ ਚੰਦਰ, ਮਹੇਸ਼ ਪ੍ਰਸਾਦ, ਬੀ ਜੂਲੀਅਸ, ਰਾਜਾ ਰਾਮ, ਰਾਜਿੰਦਰ ਪ੍ਰਸਾਦ, ਸੁਨੀਲ ਕੁਮਾਰ, ਸੁਧੀਰ ਕੁਮਾਰ ਅਤੇ ਸੁਸ਼ੀਲ ਕੁਮਾਰ ਨੂੰ ਵੀ 3.5 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਜਿਕਰਯੋਗ ਹੈ ਕਿ ਪਿਛਲੇ ਸਾਲ 24ਦਸੰਬਰ ਨੂੰ ਸੀਬੀਆਈ ਜੱਜ ਨੇ 1990-1994 ਦਰਮਿਆਨ ਦੇਵਘਰ ਦੇ ਸਰਕਾਰੀ ਖਜ਼ਾਨੇ ਵਿੱਚੋਂ 89.27 ਲੱਖ ਰੁਪਏ ਦੀ ਨਜਾਇਜ਼ ਨਿਕਾਸੀ ਦੇ ਮਾਮਲੇ ਵਿੱਚ ਲਾਲੂ ਸਮੇਤ 16 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਸਮੇਤ ਛੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ। ਸਜਾ ਦਾ ਫੈਸਲਾ 3 ਜਨਵਰੀ ਨੂੰ ਹੀ ਆਉਣਾ ਸੀ ਪਰ ਤਾਰੀਖ ਇੱਕ-ਇੱਕ ਦਿਨ ਕਰਕੇ ਟਲਦੀ ਜਾ ਰਹੀ ਸੀ।

ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਨੇ ਦੋਸ਼ੀਆਂ ਨੂੰ ਸਜ਼ਾ ਤੋਂ ਜ਼ਿਆਦਾ ਸਜ਼ਾ ਦੇਣ ਦੀ ਮੰਗ ਕੀਤੀ ਸੀ, ਜਦੋਂਕਿ ਲਾਲੂ ਦੇ ਵਕੀਲ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਘੱਟ ਤੋਂ ਘੱਟ ਸਜ਼ਾ ਦੇਣ ਦੀ ਅਪੀਲ ਕੀਤੀ ਸੀ। ਪਿਛਲੇ ਤਿੰਨ ਦਿਨਾਂ ਤੋਂ ਅਦਾਲਤ ਵਿੱਚ ਸੁਣਵਾਈ ਦੌਰਾਨ ਲਾਲੂ ਅਤੇ ਜੱਜ  ਦਰਮਿਆਨ ਗੱਲਬਾਤ ਦੇ ਕਈ ਪ੍ਰਸੰਗ ਸਾਹਮਣੇ ਆਏ ਸਨ। ਅਦਾਲਤ ਦੇ ਜੱਜ ਸ਼ਿਵਪਾਲ ਸਿੰਘ ਨੇ ਕਿਹਾ ਸੀ ਕਿ ਲਾਲੂ ਦੇ ਲੋਕਾਂ ਵੱਲੋਂ ਉਨ੍ਹਾਂ ਕੋਲ ਕਈ ਫੋਨ ਆਏ ਸਨ। ਜੱਜ ਨੇ ਲਾਲੂ ਪ੍ਰਸ਼ਾਦ ਯਾਦਵ ਨੂੰ ਕਿਹਾ ਸੀ ਕਿ ਤੁਹਾਡੇ ਲਈ ਮੇਰੇ ਕੋਲ ਕਈ ਲੋਕਾਂ ਨੇ ਸਿਫ਼ਾਰਸ਼ਾਂ ਕੀਤੀਆਂ ਹਨ, ਪਰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਸਿਰਫ਼ ਕਾਨੂੰਨ ਦਾ ਪਾਲਣ ਕਰਾਂਗਾ।

ਜੇਲ੍ਹ ‘ਚੋਂ ਭੇਜਿਆ ਸੰਦੇਸ਼, ਤੇਜਸਵੀ ਬੋਲੇ, ਪਾਰਟੀ ਇਕਜੁਟ

ਸਜ਼ਾ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਆਰਜੇਡੀ ਵੱਲੋਂ ਬੁਲਾਈ ਗਈ ਬੈਠਕ ਵਿੱਚ ਵਿਧਾਇਕਾਂ ਸਮੇਤ ਪਾਰਟੀ ਦੇ ਸਾਰੇ ਅਹੁਦੇਦਾਰ ਮੌਜ਼ੂਦ ਸਨ। ਬੈਠਕ ਵਿੱਚ ਲਾਲੂ ਯਾਦਵ ਦੀ ਚਿੱਠੀ ਨੇਤਾਵਾਂ ਵਿੱਚ ਵੰਡੀ ਗਈ। ਤੇਜਸਵੀ ਯਾਦਵ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਫੈਸਲਾ ਆਉਣ ਤੋਂ ਬਾਅਦ ਲਾਲੂ ਯਾਦਵ ਨੇ ਜੇਲ੍ਹ ‘ਚੋਂ ਚਿੱਠੀ ਲਿਖੀ ਸੀ ਜੋ ਉਹ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। ਹੁਣ ਪਾਰਟੀ ਦੇ ਲੋਕ ਬਿਹਾਰ ਵਾਸੀਆਂ ਨੂੰ ਲਾਲੂ ਪ੍ਰਸ਼ਾਦ ਯਾਦਵ ਦਾ ਸੰਦੇਸ਼ ਪਹੁੰਚਾਉਣਗੇ।