ਲਾਲੂ ਨੂੰ ਮੁੜ ਮਿਲੀ ਇੱਕ ਦਿਨ ਦੀ ਰਾਹਤ, ਭਲਕ ਦੀ ਪਈ ਫੈਸਲੇ ਦੀ ਤਾਰੀਖ

Lalu prasad Yadav, Judgment, Scam, CBI, Court

ਰਾਂਚੀ (ਏਜੰਸੀ)। ਰਾਸ਼ਟਰੀ ਜਨਤਾ ਦਲ (ਆਰਜੇਡੀ) ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਖਿਲਾਫ਼ ਚਾਰਾ ਘਪਲੇ ਮਾਮਲੇ ਵਿੱਚ ਉਨ੍ਹਾਂ ਨੂੰ ਇੱਕ ਦਿਨ ਦੀ ਹੋਰ ਰਾਹਤ ਮਿਲ ਗਈ ਹੈ। ਹੁਣ ਇਸ ਮਾਮਲੇ ‘ਚ ਫੈਸਲਾ ਸ਼ੁੱਕਰਵਾਰ ਨੂੰ ਆਵੇਗਾ। ਪਹਿਲਾਂ ਅੱਜ ਸੁਣਵਾਈ ਹੋਣੀ ਸੀ ਪਰ ਵਕੀਲ ਦੇ ਦੇਹਾਂਤ ਕਾਰਨ ਮਾਮਲੇ ਦੀ ਸੁਣਵਾਈ ਟਲ ਗਈ ਸੀ। ਵਿਸ਼ੇਸ਼ ਸੀਬੀਆਈ ਅਦਾਲਤ ਨੇ 23ਦਸੰਬਰ ਨੂੰ ਲਾਲੂ ਨੂੰ 15 ਹੋਰ ਜਣਿਆਂ ਸਮੇਤ ਦੇਵਘਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ ਅਤੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰ ਸਮੇਤ ਛੇ ਜਣਿਆਂ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਸਜ਼ਾ ਦੇ ਐਲਾਨ ਲਈ 3 ਜਨਵਰੀ ਦੀ ਤਾਰੀਖ ਨਿਰਧਾਰਿਤ ਕੀਤੀ ਸੀ।

ਰਾਂਚੀ ਦੀ ਬਿਰਸਾ ਮੁੰਡਾ ਜੇਲ੍ਹ ‘ਚੋਂ ਲਾਲੂ ਅਤੇ ਹੋਰ ਦੋਸ਼ੀਆਂ ਨੂੰ ਅਦਾਲਤ ਲਿਆਂਦਾ ਗਿਆ, ਪਰ ਜੱਜ ਦੇ ਸਜ਼ਾ ਦੇ ਐਲਾਨ ਨਾ ਕਰਨ ਦੇ ਫੈਸਲੇ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਵਾਪਸ ਜੇਲ੍ਹ ਲਿਜਾਇਆ ਗਿਆ। ਦੇਵਘਰ ਖਜ਼ਾਨੇ ‘ਚੋਂ 1991 ਅਤੇ 1994 ਦਰਮਿਆਨ 89.27 ਲੱਖ ਰੁਪਏ ਧੋਖਾਧੜੀ ਕਰਕੇ ਕਢਵਾਏ ਗਏ ਸਨ। ਇਸ ਮਾਮਲੇ ਵਿੱਚ ਤੱਤਕਾਲੀ ਮੁੱਖ ਮੰਤਰੀ ਲਾਲੂ ਸਮੇਤ ਹੋਰਨਾਂ ਨੂੰ ਪਾਰਟੀ ਬਣਾਇਆ ਗਿਆ ਸੀ।

ਤੇਜਸਵੀ ਸਮੇਤ ਚਾਰ ਨੂੰ ਉਲੰਘਣਾ ਦਾ ਨੋਟਿਸ

ਸੀਬੀਆਈ ਜੱਜ ਸ਼ਿਵਪਾਲ ਸਿੰਘ ਨੇ ਲਾਲੂ ਦੇ ਬੇਟੇ ਤੇਜਸਵੀ ਯਾਦਵ, ਆਰਜੇਡੀ ਆਗੂਆਂ ਰਘੂਵੰਸ਼ ਪ੍ਰਸਾਦ ਸਿੰਘ, ਸ਼ਿਵਾਨੰਦ ਤਿਵਾੜੀ ਅਤੇ ਕਾਂਗਰਸ ਨੇਤਾ ਮੁਨੀਸ਼ ਤਿਵਾੜੀ ਨੂੰ ਅਦਾਲਤ ਦੀ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ 23 ਜਨਵਰੀ ਨੂੰ ਅਦਾਲਤ ਵਿੱਚ ਨਿੱਜੀ ਤੌਰ ‘ਤੇ  ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਨ੍ਹਾਂ ਸਾਰਿਆਂ ਨੇ ਲਾਲੂ ਖਿਲਾਫ਼ ਆਏ ਫੈਸਲੇ ਨੂੰ ਲੈ ਕੇ ਨਿਊਜ਼ ਚੈਨਲਾਂ ‘ਤੇ ਅਦਾਲਤ ਦੀ ਅਲੋਚਨਾ ਕੀਤੀ ਸੀ। ਤੇਜਸਵੀ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ।