ਧਰਤੀ ਦਾ ਲਾਲ, ਲਾਲ ਬਹਾਦਰ ਸ਼ਾਸਤਰੀ

ਧਰਤੀ ਦਾ ਲਾਲ, ਲਾਲ ਬਹਾਦਰ ਸ਼ਾਸਤਰੀ

ਦੁਨੀਆਂ ਦੇ ਨਕਸ਼ੇ ’ਤੇ ਭਾਰਤ ਦਾ ਸਿਰ ਉੱਚਾ ਕਰਨ ਤੇ ਵੱਖਰੀ ਪਹਿਚਾਣ ਬਣਾਉਣ ਵਿੱਚ ਲਾਲ ਬਹਾਦਰ ਸ਼ਾਸਤਰੀ ਜੀ ਦਾ ਨਾਂਅ ਪਹਿਲੀ ਕਤਾਰ ਵਿੱਚ ਆਉਂਦਾ ਹੈ। ਲੋਕਾਂ ਨੂੰ ਜ਼ਿੰਦਗੀ ਤੇ ਦੇਸ਼ ਸੇਵਾ ਦੇ ਮਾਇਨੇ ਸਮਝਾਉਣ ਵਾਲੇ ਸ਼ਾਸਤਰੀ ਜੀ ਦਾ ਜਨਮ 2 ਅਕਤੂਬਰ 1904 ਨੂੰ ਰਾਮਨਗਰ (ਵਾਰਾਨਸੀ) ਵਿੱਚ ਮਾਤਾ ਰਾਮਦੁਲਾਰੀ ਦੇਵੀ ਦੀ ਕੁੱਖੋਂ, ਪਿਤਾ ਸ੍ਰੀ ਸ਼ਾਰਦਾ ਪ੍ਰਸਾਦ ਸ੍ਰੀਵਾਸਤਵ ਦੇ ਘਰ ਹੋਇਆ। ਅਜੇ ਉਹ ਇੱਕ ਸਾਲ ਦੇ ਹੀ ਹੋਏ ਸਨ ਕਿ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਇਸ ਕਰਕੇ ੳਨ੍ਹਾਂ ਦੀ ਮਾਤਾ ਉਨ੍ਹਾਂ ਦੀਆਂ ਦੋ ਭੈਣਾਂ ਸਮੇਤ ਆਪਣੇ ਪਿਤਾ ਕੋਲ ਆ ਗਏ ਤੇ ਇੱਥੇ ਹੀ ਵੱਸ ਗਏ। ਉਨ੍ਹਾਂ ਦਾ ਬਚਪਨ ਬੜੀ ਗੁਰਬਤ ’ਚ ਬੀਤਿਆ ਤੇ ਪਰਿਵਾਰਕ ਜਿੰਮੇਵਾਰੀਆਂ ਨੇ ਉਨ੍ਹਾਂ ਨੂੰ ਬਹੁਤ ਸਾਹਸੀ ਬਣਾ ਦਿੱਤਾ ਸੀ।

ਇੱਕ ਵਾਰ ਉਹ ਆਪਣੇ ਜ਼ਮਾਤੀਆਂ ਨਾਲ ਮੇਲਾ ਦੇਖਣ ਗਏ ਜੋ ਗੰਗਾ ਨਦੀ ਪਾਰ ਲੱਗਾ ਸੀ। ਘਰ ’ਚ ਗੁਰਬਤ ਦਾ ਆਲਮ ਇਹ ਸੀ ਕਿ ਉਨ੍ਹਾਂ ਕੋਲ ਕਿਸ਼ਤੀ ਵਾਲੇ ਨੂੰ ਦੇਣ ਲਈ ਪੈਸੇ ਨਹੀਂ ਸਨ। ਇਸ ਲਈ ਉਨ੍ਹਾਂ ਨੇ ਗੰਗਾ ਨਦੀ ਪਾਰ ਕਰਨ ਲਈ ਨਦੀ ’ਚ ਛਾਲ ਮਾਰ ਦਿੱਤੀ ਅਤੇ ਲਹਿਰਾਂ ਦਾ ਸਾਹਮਣਾ ਕਰਦੇ ਹੋਏ ਕਿਨਾਰੇ ’ਤੇ ਪਹੁੰਚ ਗਏ। ਮੇਲਾ ਵੇਖ ਕੇ ਫਿਰ ਉਸੇ ਤਰ੍ਹਾਂ ਵਾਪਸ ਆਏ। ਸਾਰੇ ਲੋਕ ਇਹ ਦੇਖ ਕੇ ਦੰਗ ਰਹਿ ਗਏ ਸਨ ਕਿ ਇੱਕ ਕਮਜੋਰ ਜਿਹਾ ਬਾਲਕ ਇਹ ਸਭ ਕੁਝ ਕਿਸ ਤਰ੍ਹਾਂ ਕਰ ਸਕਦਾ ਹੈ।

‘ਹੋਣਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ’ ਇਸ ਕਹਾਵਤ ਨੂੰ ਉਨ੍ਹਾਂ ਨੇ ਅੱਗੇ ਜਾ ਕੇ ਸੱਚ ਕਰ ਦਿਖਾਇਆ ਜੋ ਇਤਿਹਾਸ ’ਚ ਮਿਸਾਲ ਬਣ ਗਈ। ਸ਼ਾਸਤਰੀ ਜੀ ਨੇ ਮੁੱਢਲੀ ਵਿੱਦਿਆ ਪ੍ਰਾਪਤੀ ਵਾਰਾਨਸੀ ਅਤੇ ਮੁਗਲਸਰਾਏ ਤੋਂ ਕੀਤੀ। ਸੰਨ 1926 ਵਿੱਚ ਕਾਸ਼ੀ ਵਿੱਦਿਆਪੀਠ ਤੋਂ ਗੈ੍ਰਜੂਏਸ਼ਨ ਪਹਿਲੇ ਦਰਜੇ ’ਚ ਪਾਸ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਸ਼ਾਸਤਰੀ ਦੀ ਉਪਾਧੀ ਨਾਲ ਨਿਵਾਜਿਆ ਗਿਆ। 16 ਮਈ 1928 ਨੂੰ ਉਨ੍ਹਾਂ ਦਾ ਵਿਆਹ ਲਲਿਤਾ ਦੇਵੀ ਨਾਲ ਹੋਇਆ ਤੇ ਉਨ੍ਹਾਂ ਦੇ ਛੇ ਬੱਚੇ ਪੈਦਾ ਹੋਏ ਜੋ ਅਜੋਕੀ ਰਾਜਨੀਤੀ ’ਚ ਸਿਰਕੱਢ ਆਗੂ ਹਨ।

ਸ਼ਾਸਤਰੀ ਜੀ ਮਹਾਤਮਾ ਗਾਂਧੀ ਤੇ ਬਾਲ ਗੰਗਾਧਰ ਤਿਲਕ ਤੋਂ ਬਹੁਤ ਪ੍ਰਭਾਵਿਤ ਸਨ। ਆਪਣੀ ਪੜ੍ਹਾਈ ਦੌਰਾਨ ਹੀ ਉਹ ਦੇਸ਼ ਦੀ ਆਜ਼ਾਦੀ ਦੀ ਲੜਾਈ ’ਚ ਕੁੱਦ ਪਏ ਸਨ। ਸੰਨ 1920 ਵਿੱਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਉਨ੍ਹਾਂ ਨੇ ਨਾ-ਮਿਲਵਰਤਣ ਅੰਦੋਲਨ ’ਚ ਹਿੱਸਾ ਲਿਆ ਜਿਸ ਕਾਰਨ ਜੇਲ੍ਹ ਜਾਣਾ ਪਿਆ। 1930 ਦੇ ਨਮਕ ਸੱਤਿਆਗ੍ਰਹਿ ’ਚ ਸ਼ਮੂਲੀਅਤ ਹੋਣ ਕਾਰਨ ਢਾਈ ਸਾਲ ਕੈਦ ਕੱਟਣੀ ਪਈ। ਇਸੇ ਤਰ੍ਹਾਂ ਭਾਰਤ ਛੱਡੋ ਅੰਦੋਲਨ ਵਿੱਚ ਵੀ ਇਨ੍ਹਾਂ ਦੀ ਭੂਮਿਕਾ ਅਹਿਮ ਰਹੀ। ਆਪਣੇ ਪਰਿਵਾਰ ਨਾਲੋਂ ਉਹ ਹਮੇਸ਼ਾ ਦੇਸ਼ ਸੇਵਾ ਨੂੰ ਪਹਿਲ ਦਿੰਦੇ ਸਨ। ਇਸੇ ਕਰਕੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਨੌਂ ਸਾਲ ਜੇਲ ’ਚ ਬਿਤਾਉਣੇ ਪਏ ਸਨ।

ਉਨ੍ਹਾਂ ਦਾ ਰਾਜਨੀਤਿਕ ਸਫਰ ਬਾਕਮਾਲ ਰਿਹਾ ਤੇ ਸਖਤ ਫੈਸਲੇ ਲੈਣ ’ਚ ਉਹ ਝਿਜਕਦੇ ਨਹੀਂ ਸਨ। ਆਜ਼ਾਦੀ ਤੋਂ ਬਾਅਦ ਉਹ ਆਪਣੇ ਸੂਬੇ ਉੱਤਰ ਪ੍ਰਦੇਸ਼ ’ਚ ਪਾਰਲੀਮਾਨੀ ਸਕੱਤਰ ਬਣੇ। ਗੋਵਿੰਦ ਬੱਲਭ ਪੰਤ ਦੀ ਸਰਕਾਰ ’ਚ ਉਹ ਮੰਤਰੀ ਬਣੇ ਤੇ ਰਫੀ ਅਹਿਮਦ ਕਿਦਵਈ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਕੈਬਨਿਟ ’ਚ ਸ਼ਾਮਲ ਕਰ ਲਿਆ ਗਿਆ ਸੀ। ਆਵਾਜਾਈ ਮੰਤਰੀ ਹੁੰਦੇ ਹੋਏ ਉਨ੍ਹਾਂ ਪਹਿਲੀ ਵਾਰ ਮਹਿਲਾ ਕੰਡਕਟਰ ਨਿਯੁਕਤ ਕੀਤੀਆਂ। ਪੁਲਿਸ ਮੰਤਰੀ ਹੁੰਦੇ ਹੋਏ 1947 ਦੇ ਦੰਗਿਆਂ ਨੂੰ ਰੋਕਣ ਤੇ ਰਫਿਊਜ਼ੀਆਂ ਦੇ ਪੁਨਰ-ਵਸੇਬੇ ’ਚ ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਰਿਹਾ। ਉਹ ਪੱਕੇ ਗਾਂਧੀਵਾਦੀ ਅਤੇ ਕਾਂਗਰਸੀ ਸਨ। ਸੰਨ 1951 ਵਿੱਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਬਣੇ ਤੇ ਚੋਣਾਂ ਦੌਰਾਨ ਉਮੀਦਵਾਰਾਂ ਦੀ ਚੋਣ ਦਾ ਜਿੰਮਾ ਉਨ੍ਹਾਂ ਦੇ ਸਿਰ ਸੀ। ਉਨ੍ਹਾਂ ਦੀ ਦੇਖਰੇਖ ’ਚ 1952, 57, 62 ਦੀਆਂ ਚੋਣਾਂ ’ਚ ਪਾਰਟੀ ਨੇ ਬੁਲੰਦੀਆਂ ਨੂੰ ਛੋਹਿਆ।

ਸੰਨ 1952 ਵਿੱਚ ਉਹ ਰਾਜ ਸਭਾ ਮੈਂਬਰ ਚੁਣੇ ਗਏ ਤੇ ਪੰਡਿਤ ਨਹਿਰੂ ਦੀ ਕੈਬਨਿਟ ’ਚ ਰੇਲਵੇ ਅਤੇ ਆਵਾਜਾਈ ਮੰਤਰੀ ਬਣੇ।1961 ’ਚ ਉਹ ਦੇਸ਼ ਦੇ ਗ੍ਰਹਿ ਮੰਤਰੀ ਬਣੇ, ਭਾਰਤ-ਚੀਨ ਜੰਗ ਦੌਰਾਨ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। 27 ਮਈ 1964 ਵਿੱਚ ਪੰਡਿਤ ਨਹਿਰੂ ਦੀ ਬੇਵਕਤੀ ਮੌਤ ਨੇ ਪਾਰਟੀ ਤੇ ਦੇਸ਼ ਨੂੰ ਡੂੰਘੀਂ ਸੋਚੀਂ ਪਾ ਦਿੱਤਾ ਸੀ। ਆਖਿਰ ਕਾਂਗਰਸ ਪਾਰਟੀ ਪ੍ਰਧਾਨ ਕੇ. ਕਾਮਰਾਜ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਸ਼ਾਸਤਰੀ ਜੀ ਨੂੰ 9 ਜੂਨ 1964 ਨੂੰ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਦੀ ਜਿੰਮੇਵਾਰੀ ਸੌਂਪ ਦਿੱਤੀ ਗਈ। ਇਸ ਜਿੰਮੇਵਾਰੀ ਨੂੰ ਸੰਭਾਲਦਿਆਂ ਉਨ੍ਹਾਂ ਸਾਹਮਣੇ ਬਹੁਤ ਚੁਣੌਤੀਆਂ ਸਨ। ਦੇਸ਼ ਅੰਨ ਦੀ ਥੁੜ ਦੇ ਮਾੜੇ ਦੌਰ ’ਚੋਂ ਗੁਜ਼ਰ ਰਿਹਾ ਸੀ ਚਾਰੇ ਪਾਸੇ ਉਦਾਸੀ ਛਾਈ ਹੋਈ ਸੀ। ਦੂਜੇ ਪਾਸੇ ਪਾਕਿਸਤਾਨ ਨੇ 1965 ’ਚ ਭਾਰਤ ਖਿਲਾਫ ਜੰਗ ਛੇੜ ਦਿੱਤੀ ਸੀ। ਇਸ ਨਾਜੁਕ ਦੌਰ ’ਚ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ।

ਬੱਸ ਫਿਰ ਕੀ ਸੀ ਕਿਸਾਨ ਖੇਤਾਂ ’ਚ ਜੁਟ ਗਏ ਤੇ ਫੌਜੀ ਜਵਾਨਾਂ ਨੇ ਮੋਰਚੇ ਸੰਭਾਲ ਲਏ। ਦੇਸ਼ ’ਚ ਅੰਨ ਦੀ ਕਮੀ ਦੌਰਾਨ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕਰਕੇ ਹਫਤੇ ’ਚ ਇੱਕ ਦਿਨ ਦਾ ਖਾਣਾ ਰਾਸ਼ਟਰ ਹਿੱਤ ਦੇਣ ਲਈ ਪ੍ਰੇਰਿਆ ਸੀ। ਉਹ ਖੁਦ ਵੀ ਵਰਤ ਰੱਖਦੇ ਸਨ। ਆਪਣੇ ਘਰ ਫੁੱਲਾਂ ਦੀ ਜਗ੍ਹਾ ਉਨ੍ਹਾਂ ਨੇ ਕਣਕ ਬੀਜੀ ਸੀ। ਉਹ ਬੜੀ ਸਾਦੀ ਜ਼ਿੰਦਗੀ ਜਿਉਂਦੇ ਸਨ
ਜਦ ਉਹ ਕਂੇਦਰੀ ਮੰਤਰੀ ਸਨ ਇੱਕ ਦਿਨ ਇਕੱਲੇ ਰੇਲ ’ਚ ਸਫਰ ਕਰਨ ਲਈ ਚੜ੍ਹੇ ਤਾਂ ਉਨ੍ਹਾਂ ਦੇ ਸਾਹਮਣੇ ਸੀਟ ’ਤੇ ਇੱਕ ਆਦਮੀ ਬੈਠਾ ਸੀ ਜੋ ਕਾਫੀ ਪ੍ਰੇਸ਼ਾਨ ਜਾਪਦਾ ਸੀ। ਸ਼ਾਸਤਰੀ ਜੀ ਨੇ ਜਦ ਉਸ ਨਾਲ ਗੱਲ ਕਰਨੀ ਚਾਹੀ ਤਾਂ ਉਹ ਉਨ੍ਹਾਂ ਨੂੰ ਆਮ ਜਿਹਾ ਇਨਸਾਨ ਸਮਝ ਕੇ ਕਹਿੰਦਾ, ‘ਤੁਸੀਂ ਮੇਰੀ ਕੀ ਮੱਦਦ ਕਰ ਸਕਦੇ ਹੋ! ਮੈਂ ਫੌਜ ਦਾ ਅਫਸਰ ਹਾਂ ਤੇ ਕੰਮ-ਧੰਦੇ ਦੇ ਚੱਕਰ ’ਚ ਹਰ ਦੂਜੇ ਚੌਥੇ ਦਿਨ ਅੰਮ੍ਰਿਤਸਰ ਆਉਣਾ ਪੈਂਦਾ ਹੈ।

ਇਸ ਰੋਜ਼ ਦੇ ਸਫਰ ਨੇ ਮੈਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ।’ ਇਹ ਸੁਣ ਕੇ ਸ਼ਾਸਤਰੀ ਜੀ ਹੱਸ ਕੇ ਕਹਿਣ ਲੱਗੇ, ‘ਤੁਸੀਂ ਮੈਨੂੰ ਆਪਣਾ ਨਾਂਅ ਪਤਾ ਲਿਖ ਕੇ ਦਿਉ ਮੇਰਾ ਜਾਣਕਾਰ ਕੇਂਦਰ ਸਰਕਾਰ ’ਚ ਮੰਤਰੀ ਹੈ।’ ਉਸ ਆਦਮੀ ਨੇ ਮਰੇ ਮਨ ਨਾਲ ਮਜਾਕੀਆ ਲਹਿਜੇ ’ਚ ਅਖਬਾਰ ’ਤੇ ਹੀ ਆਪਣਾ ਨਾਂਅ ਪਤਾ ਲਿਖ ਦਿੱਤਾ ਤੇ ਸੋਚਿਆ ਕਿ ਇਹ ਆਮ ਜਿਹਾ ਬੰਦਾ ਮੇਰਾ ਕੀ ਕੰਮ ਕਰਵਾਏਗਾ। ਅਗਲੇ ਸਟੇਸ਼ਨ ’ਤੇ ਜਦ ਸ਼ਾਸਤਰੀ ਜੀ ਉੱਤਰੇ ਤਾਂ ਉੱਚ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਸਲੂਟ ਮਾਰਦੇ ਦੇਖਿਆ ਤਾਂ ਉਸ ਨੇ ਪੁੱਛਿਆ, ‘ਤੁਸੀਂ ਕੌਣ ਹੋ?’ ਤਾਂ ਉਨ੍ਹਾਂ ਕਿਹਾ, ‘ਲਾਲ ਬਹਾਦਰ ਸ਼ਾਸਤਰੀ!’?ਇਹ ਸੁਣ ਕੇ ਉਸ ਸਖਸ਼ ਦਾ ਮੂੰਹ ਖੁੱਲੇ੍ਹ ਦਾ ਖੁੱਲ੍ਹਾ ਰਹਿ ਗਿਆ ਤੇ ਕੁਝ ਦਿਨਾਂ ਬਾਅਦ ਉਸਦੀ ਅੰਮ੍ਰਿਤਸਰ ਬਦਲੀ ਦੇ ਹੁਕਮ ਆ ਗਏ ਸਨ।

ਪਾਕਿਸਤਾਨ ਨਾਲ ਚੱਲ ਰਹੀ ਫੌਜੀ ਲੜਾਈ ਕਾਰਨ, ਜੰਗਬੰਦੀ ਲਈ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੂੰ ਤਾਸ਼ਕੰਦ ਬੁਲਾਇਆ ਗਿਆ। ਜਿੱਥੇ ਪਾਕਿਸਤਾਨ ਦੇ ਰਾਸ਼ਟਰਪਤੀ ਆਯੂਬ ਖਾਨ ਨਾਲ ਕਰੜਾ ਫੈਸਲਾ ਲਿਆ ਤੇ ਗੋਲੀਬੰਦੀ ਦੇ ਸਮਝੌਤੇ ’ਤੇ 10 ਜਨਵਰੀ 1966 ਨੂੰ ਦਸਤਖਤ ਕੀਤੇ ਜੋ ਤਾਸ਼ਕੰਦ ਸਮਝੌਤੇ ਨਾਲ ਮਸ਼ਹੂਰ ਹੈ। ਇਸਦੀ ਸੰਸਾਰ ਭਰ ’ਚ ਬਹੁਤ ਚਰਚਾ ਹੋਈ। ਇਸ ਸਮਝੌਤੇ ਦਾ ਸਾਰਾ ਮਜਾ ਉਦੋਂ ਕਿਰਕਿਰਾ ਹੋ ਗਿਆ ਜਦ 11 ਜਨਵਰੀ 1966 ਦੀ ਸਵੇਰ 2:30 ਵਜੇ ਸ਼ਾਸਤਰੀ ਜੀ ਦੀ ਭੇਦਭਰੀ ਹਾਲਤ ’ਚ ਮੌਤ ਹੋ ਗਈ। ਉਨ੍ਹਾਂ ਦੀ ਮੌਤ ਅੱਜ ਵੀ ਰਾਜ਼ ਬਣੀ ਹੋਈ ਹੈ। ਸਾਰੇ ਦੇਸ਼ ’ਚ ਸੋਗ ਦੀ ਲਹਿਰ ਦੌੜ ਗਈ ਸੀ। ਦੇਸ਼ ਨੇ ਧਰਤੀ ਦਾ ਸੱਚਾ ਲਾਲ ਗਵਾ ਲਿਆ ਸੀ।
ਚੱਕ ਬਖਤੂ, ਬਠਿੰਡਾ
ਮੋ. 94641-72783
-ਲੇਖਕ ਮੈਡੀਕਲ ਅਫਸਰ ਹੈ
ਡਾ. ਗੁਰਤੇਜ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ