ਜਾਗਰੂਕਤਾ ਦੀ ਘਾਟ ਖਤਰਨਾਕ

Awareness

ਬੀਤੇ ਦਿਨ ਸੰਗਰੂੁਰ ’ਚ ਅੰਗੀਠੀ ਦਾ ਧੂੰਆਂ ਚੜ੍ਹਨ ਨਾਲ ਵਿਅਕਤੀਆਂ ਦੀ ਮੌਤ ਦਰਦਨਾਕ ਹਾਦਸਾ ਹੈ। ਅਜਿਹੀਆਂ ਹੀ ਦੋ ਘਟਨਾਵਾਂ ਰਾਜਸਥਾਨ ’ਚ ਵਾਪਰੀਆਂ ਹਨ ਜਿੱਥੇ ਪੰਜ ਮੌਤਾਂ ਹੋਈਆਂ ਹਨ। ਇਸ ਘਟਨਾ ਚੱਕਰ ਨਾਲ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ 21ਵੀਂ ਸਦੀ ’ਚ ਅਜਿਹੀਆਂ ਘਟਨਾਵਾਂ ਵਾਪਰਨੀਆਂ ਸਮਾਜ ਤੇ ਦੇਸ਼ ਦੇ ਪੱਛੜੇਪਣ (Lack of Awareness) ਦੀ ਨਿਸ਼ਾਨੀ ਹੈ।

ਸਿਹਤ ਵਿਭਾਗ ਕੋਲ ਅਰਬਾਂ ਰੁਪਏ ਦਾ ਬਜਟ ਹੁੰਦਾ ਹੈ ਇਸ ਦੇ ਬਾਵਜੂਦ ਅਜ਼ਾਦੀ ਦੇ 75 ਸਾਲਾਂ ਬਾਅਦ ਵੀ ਲੋਕਾਂ ’ਚ ਵਿਗਿਆਨਕ ਜਾਗਰੂਕਤਾ ਦੀ ਘਾਟ ਹੋਣਾ ਚਿੰਤਾ ਦਾ ਵਿਸ਼ਾ ਹੈ। ਸਰਦੀਆਂ ’ਚ ਠੰਢ ਤੋਂ ਬਚਣ ਲਈ ਅਜੇ ਵੀ ਲੋਕ ਕੋਲੇ ਨਾਲ ਬਲਣ ਵਾਲੀ ਅੰਗੀਠੀ ਰੱਖ ਕੇ ਕਮਰੇ ਦੇ ਬੂਹੇ-ਬਾਰੀਆਂ ਬੰਦ ਕਰ ਦਿੰਦੇ ਹਨ ਜਿਸ ਨਾਲ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਹੁੰਦੀ ਹੈ। ਅੱਗ ਬਾਲਣ ਨਾਲ ਕਮਰੇ ’ਚ ਆਕਸੀਜ਼ਨ ਖਤਮ ਹੋ ਜਾਂਦੀ ਹੈ ਅਤੇ ਕਾਰਬਨ ਮੋਨੋਆਕਸਾਈਡ ਸਰੀਰ ’ਚ ਦਾਖਲ ਹੋਣ ਨਾਲ ਦਿਮਾਗ ਅਤੇ ਦਿਲ ਨੂੰ ਲੋੜੀਂਦੀ ਆਕਸੀਜ਼ਨ ਨਹੀਂ ਮਿਲਦੀ। ਆਕਸੀਜਨ ਦੀ ਘਾਟ ’ਚ ਦਿਲ ਖੂਨ ਨੂੰ ਪੰਪ ਕਰਨਾ ਬੰਦ ਕਰ ਦਿੰਦਾ ਹੈ।

ਅੰਗੀਠੀ ਨਾਲ ਮੌਤਾਂ ਹੋਣੀਆਂ ਹੈਰਾਨੀਜਨਕ

ਜਿਸ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਅੱਜ ਦੇ ਹਾਈਟੈਕ ਜ਼ਮਾਨੇ ’ਚ ਅੰਗੀਠੀ ਨਾਲ ਮੌਤਾਂ ਹੋਣੀਆਂ ਹੈਰਾਨੀਜਨਕ ਹੈ ਕਿਉਂਕਿ ਹੁਣ ਤੱਕ ਸਾਡਾ ਸਮਾਜ ਤੇ ਸਿਸਟਮ ਇੰਨਾ ਜ਼ਰੂਰ ਵਿਕਸਿਤ ਹੋ ਜਾਣਾ ਚਾਹੀਦਾ ਸੀ ਕਿ ਲੋਕਾਂ ਨੂੰ ਅੰਗੀਠੀ ਦੀ ਬੰਦ ਕਮਰੇ ’ਚ ਚੜ੍ਹੀ ਗੈਸ ਦੇ ਨਤੀਜਿਆਂ ਬਾਰੇ ਜਾਣਕਾਰੀ ਹੁੰਦੀ। ਇਹ ਘਟਨਾ ਇਸ ਤੱਥ ਨੂੰ ਸਾਬਤ ਕਰਦੀ ਹੈ ਕਿ ਵਿਕਾਸ ਦਾ ਪਹੀਆ ਅਜੇ ਬਰਾਬਰ ਨਹੀਂ ਘੁੰਮਿਆ ਸਮਾਜ ’ਚ ਦੋ-ਤਿੰਨ ਵਰਗ ਹਨ ਹੇਠਲਾ ਵਰਗ ਆਪਣੀਆਂ ਤੰਗੀਆਂ ਅਤੇ ਗਿਆਨ ਦੀ ਘਾਟ ਦਾ ਸ਼ਿਕਾਰ ਹੈ। ਇੱਕ ਕਮਰੇ ’ਚ ਕਈ-ਕਈ ਜੀਆਂ ਦਾ ਗੁਜ਼ਾਰਾ ਕਰਨਾ ਅਤੇ ਵਿਗਿਆਨਕ ਜਾਗਰੂਕਤਾ ਦੀ ਘਾਟ ਨੂੰ ਹੋਰ ਖਤਰਨਾਕ ਬਣਾਉਂਦਾ ਹੈ।

ਇੱਕ ਵੱਡੀ ਸਮੱਸਿਆ ਇਹ ਹੈ ਕਿ ਕੋਈ ਘਟਨਾ ਵਾਪਰਨ ਤੋਂ ਇੱਕ-ਦੋ ਦਿਨਾਂ ਬਾਅਦ ਗੱਲ ਆਈ-ਗਈ ਹੋ ਜਾਂਦੀ ਹੈ। ਕਿਸੇ ਘਟਨਾ ਤੋਂ ਸਬਕ ਨਹੀਂ ਲਿਆ ਜਾਂਦਾ ਤੇ ਕੁਝ ਦਿਨਾਂ ਬਾਅਦ ਫ਼ਿਰ ਉਹੀ ਕੁਝ ਵਾਪਰ ਜਾਂਦਾ ਹੈ ਅਸਲ ’ਚ ਵਿਕਾਸ ਤੇ ਸਮਾਜ ’ਚ ਤਾਲਮੇਲ ਨਹੀਂ ਬਿਠਾਇਆ ਜਾ ਸਕਿਆ ਸਿਰਫ਼ ਸੜਕਾਂ, ਪੁਲਾਂ ਤੇ ਗਗਨ ਛੋਂਹਦੀਆਂ ਇਮਾਰਤਾਂ ਨੂੰ ਹੀ ਵਿਕਾਸ ਮੰਨਿਆ ਜਾਂਦਾ ਹੈ। ਅਸਲ ’ਚ ਮਨੁੱਖ ਦਾ ਮਾਨਸਿਕ ਤੇ ਬੌਧਿਕ ਵਿਕਾਸ ਵੀ ਭੌਤਿਕ ਵਿਕਾਸ ਦੇ ਬਰਾਬਰ ਹੋਣਾ ਚਾਹੀਦਾ ਹੈ।

ਜਾਣਕਾਰੀ ਨਾ ਹੋਣ ਕਾਰਨ ਹੁੰਦੇ ਹਾਦਸੇ

ਵਿਗਿਆਨਕ ਯੁੱਗ ਦੇ ਬਾਵਜ਼ੂਦ ਅਜੇ ਵੀ ਕਾਫ਼ੀ ਲੋਕ ਜਾਗਰੂਕਤਾ ਦੀ ਘਾਟ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਰਸੋਈ ਗੈਸ ਦੀ ਵਰਤੋਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ। ਇਸੇ ਤਰ੍ਹਾਂ ਅੰਧਵਿਸ਼ਵਾਸ ਕਾਰਨ ਲੋਕ ਟੂਣੇ-ਟੋਟਕਿਆਂ ਕਾਰਨ ਆਪਣੀ ਜਾਨ ਖਤਰੇ ’ਚ ਪਾ ਲੈਂਦੇ ਹਨ। ਸਰਕਾਰਾਂ ਲੋਕਾਂ ਦੇ ਦਿਮਾਗ ਨੂੰ ਵੀ ਰੌਸ਼ਨ ਕਰਨ ਵਾਸਤੇ ਮੁਹਿੰਮ ਚਲਾਉਣ ਤਾਂ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

ਲੋਕਾਂ ਨੂੰ ਜਾਗਰੂਕ ਕਰਨ ਲਈ ਸਿੱਖਿਆ ਤੇ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ। ਸਰਕਾਰਾਂ ਦੇ ਮਾਨਸਿਕ ਤੇ ਬੌਧਿਕ ਵਿਕਾਸ ਲਈ ਪ੍ਰਚਾਰ ’ਤੇ ਪੈਸਾ ਖਰਚਣ ਤਾਂ ਸਮਾਜ ’ਚ ਵੱਡੀ ਤਬਦੀਲੀ ਲਿਆ ਸਕਦੀਆਂ ਹਨ। ਵਧੀਆ ਸਮਾਜ ਲਈ ਵਧੀਆ ਦਿਮਾਗ ਵਾਲੇ ਨਾਗਰਿਕ ਪਹਿਲੀ ਸ਼ਰਤ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ