ਕਿਸਾਨ ਮਜਦੂਰ ਜਥੇਬੰਦੀ ਨੇ G-20 ਦੀ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਮੀਟਿੰਗ ਖਿਲਾਫ ਫੂਕੇ ਪੁਤਲੇ

Amritsar News

G-20 ਦੇਸ਼ਾਂ ਨੂੰ ਦੱਸਿਆ ਭਾਰਤ ਦੇ ਕਿਸਾਨ ਮਜ਼ਦੂਰ ਦੇ ਹਿੱਤਾਂ ਲਈ ਹਾਨੀਕਾਰਕ | Amritsar News

ਅੰਮ੍ਰਿਤਸਰ (ਰਾਜਨ ਮਾਨ) ਜ਼ੀ-20 ਦੇਸ਼ਾਂ ਦੀਆਂ ਦੇਸ਼ ਭਰ ਵਿਚ ਚਲ ਰਹੀਆਂ ਮੀਟਿੰਗਾਂ ਦੇ ਦੌਰ ਦੌਰਾਨ ਪਹਿਲੀ ਲੇਬਰ-20 (ਐੱਲ-20) ਮੀਟਿੰਗ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਣ ਤੋਂ ਇੱਕ ਦਿਨ ਪਹਿਲਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਇਸ ਦਾ ਵਿਰੋਧ ਕਰਦੇ ਹੋਏ ਸਰਕਾਰ ਦੇ ਪੁਤਲੇ ਫੂਕੇ ਗਏ।

ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ,ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੇ ਚੱਬਾ ਅਤੇ ਕੱਥੂਨੰਗਲ ਨੰਗਲ ਟੋਲ ਪਲਾਜ਼ਾ ਤੇ ਮਾਨ ਸਰਕਾਰ ਦੀ ਅਰਥੀ ਫੂਕੀ ਗਈ। ਉਹਨਾਂ ਕਿਹਾ ਕਿ ਇਸ ਵਿੱਚ ਜੀ-20 ਦੇਸ਼ਾਂ ਦੇ ਟਰੇਡ ਯੂਨੀਅਨ ਕੇਂਦਰਾਂ ਦੇ ਆਗੂ ਅਤੇ ਨੁਮਾਇੰਦੇ ਸ਼ਾਮਲ ਹੁੰਦੇ ਹਨ ਜੋ ਕਿਰਤ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਦੇ ਨਾਅ ‘ਤੇ ਲੁਕਵੇਂ ਢੰਗ ਨਾਲ ਵੱਖ-ਵੱਖ ਦੇਸ਼ਾਂ ਵਿਚ ਕਾਰਪੋਰੇਟ ਪੱਖੀ ਨੀਤੀ ਤੇ ਹੀ ਕੰਮ ਕਰਦੇ ਹਨ ।

ਓਹਨਾ ਕਿਹਾ ਕਿ ਸਿੱਖਿਆ ਅਤੇ ਕਿਰਤ ਨੀਤੀ ਨੂੰ ਲੈ ਕੇ ਹੋਣ ਜਾ ਰਹੀ ਇਹ ਮੀਟਿੰਗ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਂਗ ਹੈ ਕਿਉਂਕਿ ਕਾਰਪੋਰੇਟ ਪੱਖੀ ਇਹ ਦੇਸ਼ ਸਸਤੀ ਤੋਂ ਸਸਤੀ ਲੇਬਰ ਅਤੇ ਮਹਿੰਗੀ ਤੋਂ ਮਹਿੰਗੀ ਸਿੱਖਿਆ ਵਾਲੀਆਂ ਨੀਤੀਆਂ ਤੇ ਕੰਮ ਕਰਦੇ ਹਨ, ਇਹੀ ਦੇਸ਼ ਕਿਸਾਨਾਂ ਨੂੰ ਸਬਸਿਡੀ ਦੇਣ ਦੇ ਖਿਲਾਫ ਹਨ ਅਤੇ ਇਹਨਾਂ ਦੀਆਂ ਨੀਤੀਆਂ ਹੀ ਐੱਮ.ਐੱਸ.ਪੀ. ਦੇਣ ਦੇ ਰਸਤੇ ਵਿਚ ਵੱਡਾ ਅੜਿੱਕਾ ਹਨ।

ਸਰਕਾਰਾਂ ਲੋਕਾਂ ਨਾਲ ਕਮਾ ਰਹੀਆਂ ਧ੍ਰੋਹ : ਕਿਸਾਨ ਆਗੂ

ਓਹਨਾ ਕਿਹਾ ਕਿ ਇਹ ਗਰੁੱਪ ਕੁਲ ਦੁਨੀਆ ਦੇ 75% ਵਪਾਰ ਨੂੰ ਕੰਟਰੋਲ ਕਰਦਾ ਹੈ ਅਤੇ ਵੱਖ ਵੱਖ ਦੇਸ਼ਾਂ ਨਾਲ ਕੀਤੇ ਜਾਣ ਵਾਲੇ ਕਿਸਾਨ ਵਲੋਂ ਪੈਦਾ ਕੀਤੇ ਜਾਂਦੇ ਖਾਧ ਪਦਾਰਥਾਂ ਦੇ ਵਪਾਰਕ ਲੈਣ ਦੇਣ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਫਸਲਾਂ ਦਾ ਪੂਰਾ ਭਾਅ ਨਹੀਂ ਮਿਲਦਾ ਅਤੇ ਮਜਦੂਰ ਨੂੰ ਪੂਰੀ ਮਜਦੂਰੀ ਨਹੀਂ ਮਿਲ ਪਾਓਂਦੀ, ਸੋ ਅਜਿਹੀਆਂ ਮੀਟਿੰਗਾਂ ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਦੇ ਕੁਦਰਤੀ ਸਰੋਤਾਂ ਅਤੇ ਖੇਤੀ ਸੈਕਟਰ ਦੀ ਸੰਸਾਰ ਬੈਂਕ, ਮੁਦਰਾ ਕੋਸ਼ ਫੰਡ, ਵਿਸ਼ਵ ਵਪਾਰ ਸੰਸਥਾ ਵਰਗੇ ਸਾਮਰਾਜਵਾਦੀ ਅਦਾਰਿਆਂ ਹੱਥੋਂ ਲੁੱਟ ਲਈ ਨਵੇਂ ਨਵੇਂ ਰਾਹ ਬਣਾਏ ਜਾ ਰਹੇ ਹਨ ।

ਪੰਜਾਬ ਦੇ ਪਾਣੀਆਂ ਤੇ ਕਬਜ਼ਾ ਕਰਨ ਲਈ ਵਿਉਂਤਾਂ ਘੜਨ ਦੇ ਲਾਏ ਦੋਸ਼

ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਜਿਲ੍ਹਾ ਆਗੂ ਸਕੱਤਰ ਸਿੰਘ ਕੋਟਲਾ ਅਤੇ ਬਾਜ਼ ਸਿੰਘ ਸਾਰੰਗੜਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰਾਂ ਵਿਚ ਬੈਠੇ ਸਿਆਸਤਦਾਨ ਲੋਕਾਂ ਨਾਲ ਧ੍ਰੋਹ ਕਮਾ ਰਹੇ ਹਨ, ਇਹਨਾਂ ਦੇਸ਼ਾਂ ਦੇ ਇਸ਼ਾਰੇ ਤੇ ਹੀ ਤਿੰਨ ਕਾਲੇ ਖੇਤੀ ਕਾਨੂੰਨ ਲਿਆਂਦੇ ਗਏ ਸਨ ਅਤੇ ਹੁਣ ਪੰਜਾਬ ਦੇ ਪਾਣੀਆਂ ਤੇ ਕਬਜ਼ਾ ਕਰਨ ਲਈ ਵਿਉਂਤਾਂ ਘੜੀਆਂ ਜਾ ਰਹੀਆਂ ਹਨ ਅਤੇ ਸਰਕਾਰਾਂ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਓਹਨਾ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੱਖ-ਵੱਖ ਰੂਪਾਂ ਵਿਚ ਹਮਲੇ ਸਾਹਮਣੇ ਆਉਣਗੇ ਪਰ ਜਥੇਬੰਦੀ ਆਪਣੀ ਪੂਰੀ ਸਮਰੱਥਾ ਨਾਲ ਇਸਦੇ ਵਿਰੋਧ ਅਤੇ ਲੋਕਾਂ ਦੇ ਹੱਕ ਵਿੱਚ ਖੜੀ ਹੈ। (Amritsar News)

ਇਸੇ ਤਰ੍ਹਾਂ ਸਿਖਿਆ,ਪਾਣੀ,ਅਤੇ ਹੋਰ ਜੰਤਕ ਖੇਤਰ ਨਿਜੀ ਕੰਪਨੀਆਂ ਨੂੰ ਵੇਚਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਸ ਮੌਕੇ ਹਾਜ਼ਰ ਆਗੂ ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਅਤੇ ਸੰਸਾਰ ਬੈਂਕ ਦੀਆਂ ਨੀਤੀਆਂ ਦਾ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਪੁਰ ਜ਼ੋਰ ਖੰਡਣ ਕਰਦੀ ਹੈ ਅਤੇ ਹਾਕਮ ਸਰਕਾਰਾ ਨੂੰ ਚਿਤਾਵਨੀ ਦਿੰਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਘੰਰਸ਼ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਜੋਨ ਮਜੀਠਾ, ਕੱਥੂਨੰਗਲ ਅਤੇ ਜੋਨ ਬਾਬਾ ਬੁੱਢਾ ਜੀ ਨੇ ਸ਼ਿਰਕਤ ਕੀਤੀ ।

ਇਸ ਮੌਕੇ ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਮੁਖਤਾਰ ਸਿੰਘ ਭੰਗਵਾ, ਲਖਬੀਰ ਸਿੰਘ ਕੱਥੂਨੰਗਲ, ਮੇਜ਼ਰ ਸਿੰਘ ਅਬਦੁਲ, ਗੁਰਬਾਜ਼ ਸਿੰਘ ਭੁੱਲਰ, ਕਿਰਪਾਲ ਸਿੰਘ ਕਲੇਰ, ਗੁਰਦੀਪ ਸਿੰਘ ਹਮਜ਼ਾ,ਕਾਬਲ ਸਿੰਘ ਵਰਿਆਮ ਨੰਗਲ,ਟੇਕ ਸਿੰਘ ਝੰਡੇ, ਬਲਕਾਰ ਸਿੰਘ ਅਲਕੜੇ, ਵਰਿੰਦਰ ਸਿੰਘ ਕੱਥੂਨੰਗਲ, ਕੁਲਦੀਪ ਸਿੰਘ ਦਾਦੂਪੁਰਾ, ਕਾਨ ਸਿੰਘ ਅਠਵਾਲ ਆਗੂ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ