‘ਜੰਗ’ ਦੀ ਰਾਹ ‘ਤੇ ਕਿਰਨ ਬੇਦੀ, ਪੁਡੂਚੇਰੀ ‘ਚ ਵੀ ਦਿੱਲੀ ਵਰਗੇ ਹਾਲਾਤ

ਨਵੀਂ ਦਿੱਲੀ। ਦਿੱਲੀ ‘ਚ ਕੇਜਰੀਵਾਲ ਸਰਕਾਰ ਤੇ ਉਪ ਰਾਜਪਾਲ ਦਰਮਿਆਨ ਖਹਿਬਾਜ਼ੀ ਦੇ ਜੋ ਹਾਲਾਤ ਹਨ, ਉਹੀ ਹਾਲ ਪੁਡੂਚੇਰੀ ‘ਚ ਵੀ ਹੁੰਦਾ ਦਿਸ ਰਿਹਾ ਹੈ। ਪੁਡੂਚੇਰੀ ਵੀ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਇੱਥੋਂ ਦੀ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਅਤੇ ਮੁੱਖ ਮੰਤਰੀ ਵੀ ਨਰਾਇਣਸਾਮੀ ਦਰਮਿਆਨ ਖਿੱਚੋਤਾਣ ਚੱਲ ਰਹੀ ਹੈ। ਬੇਦੀ ਨੇ ਮੁੱਖ ਮੰਤਰੀ  ਤੇ ਉਨ੍ਹਾਂ ਦੀ ਕੈਬਨਿਟ ਦੀ ਅਣਦੇਖੀ ਕਰਦੇ ਹੇ ਅਧਿਕਾਰੀਆਂ ਨਾਲ ਗੱਲਬਾਤ ਲਈ ਇੱਕ ਵਟਸਐਪ ਗਰੁੱਪ ਬਣਾਇਆ ਹੈ।
ਬੇਦੀ ਨੇ 29 ਮਈ ਨੂੰ ਉਥੋਂ ਦੇ ਉਪਰਾਜਪਾਲ ਵਜੋਂ ਅਹੁਦਾ ਸੰਭਾਲਿਆ ਸੀ। ਉਸ ਸਮੇਂ ਤੱਕ ਇੱਥੇ ਕਾਂਗਰਸ ਦੀ ਸਰਕਾਰ ਨੇ ਕਾਰਜਭਾਰ ਵੀ ਨਹੀਂ ਸੰਭਾਲਿਆ ਸੀ। ਬੇਦੀ ਲਗਾਤਾਰ ਵਟਸਐਪ ਗਰੁੱਪ ਦੇ ਮਾਧਿਅਮ ਨਾਲ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੀ ਹੈ ਤੇ ਨਾਲ ਹੀ ਸੋਸ਼ਲ ਮੀਡੀਆ ਨੈਟਵਰਕਸ ਦੀ ਸਹਾਇਤਾ ਨਾਲ ਕਈ ਵਿਕਾਸ ਯੋਜਨਾਵਾਂ ਦੀ ਤਰੱਕੀ ‘ਤੇ ਵੀ ਨਜਰ ਰੱਖਦੀ ਹੈ।
ਹਾਲ ਹੀ ‘ਚ ਮੁੱਖ ਮੰਤਰੀ ਨਰਾਇਣਸਾਮੀ ਨੇ ਮੁੱਖ ਸਕੱਤਰਾਂ, ਸਕੱਤਰਾਂ, ਵਿਭਾਗਾਂ ਦੇ ਮੁਖੀਆਂ ਤੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਸੀ। ਇਸ ‘ਚ ਉਨ੍ਹਾਂ ਨੇ ਬੇਦੀ ਵੱਲੋਂ ਬਣਾਏ ਗਏ ਵਟਸਐਪ ਗਰੁੱਪ ‘ਤੇ ਸਖ਼ਤ ਇਤਰਾਜ ਪ੍ਰਗਟਾਉਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਪ੍ਰਸ਼ਾਸਨਿਕ ਕਾਰਜਾਂ ਲਈ ਸਬੰਧਿਤ ਮੰਤਰੀਆਂ ਦੇ ਨਾਲ ਨਿਯਮਿਕ ਸੰਪਰਕ ‘ਚ ਰਹਿਣ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਮਿਲਣ ਵਾਲੇ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ੀ ਕਰਨ ਦਾ ਵੀ ਆਦੇਸ਼ ਦਿੱਤਾ ਗਿਆ।