ਕੇਨ ਕਮਿਸ਼ਨਰ ਵੱਲੋਂ ਵੱਖ-ਵੱਖ ਪਿੰਡਾਂ ’ਚ ਖੇਤਾਂ ਦਾ ਦੌਰਾ

ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦੀ ਸਲਾਹੁਤਾ

ਬਰਨਾਲਾ, (ਜਸਵੀਰ ਸਿੰਘ ਗਹਿਲ)। ਕੇਨ ਕਮਿਸ਼ਨਰ ਪੰਜਾਬ ਡਾ. ਰਾਜੇਸ਼ ਕੁਮਾਰ ਰਹੇਜਾ ਵੱਲੋਂ ਬਰਨਾਲਾ ਜ਼ਿਲ੍ਹੇ ਦਾ ਪ੍ਰਭਾਵੀ ਦੌਰਾ ਕਰਦਿਆਂ ਸਟਾਫ ਦੀ ਮੀਟਿੰਗ ਕਰਨ ਤੋਂ ਇਲਾਵਾ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦੇ ਕਾਰਜ਼ ਦੀ ਸਲਾਹੁਤਾ ਕੀਤੀ ਗਈ।
ਕੇਨ ਕਮਿਸ਼ਨਰ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਰਨਾਲਾ ਜ਼ਿਲ੍ਹੇ ’ਚ ਕੋਈ ਬਾਇਓਮਾਸ ਪਲਾਟ ਨਾ ਹੋਣ ’ਤੇ ਪ੍ਰਸ਼ਾਸਨ ਨੇ ਪਰਾਲੀ ਦਾ ਡੰਪ ਲਗਵਾਇਆ ਜਿਸ ਨਾਲ ਜ਼ਿਲ੍ਹੇ ਵਿਚਲੀ ਪਰਾਲੀ ਨੂੰ ਸੰਭਾਲ ਕੇ ਪਰਾਲੀ ਨੂੰ ਅੱਗ ਲਗਾਉਣ ਦੇ ਕੇਸਾਂ ’ਚ ਗਿਰਾਵਟ ਲਿਆਂਦੀ ਹੈ।

ਉਹਨਾਂ ਮੁੱਖ ਖੇਤੀਬਾੜੀ ਅਫਸਰ ਦੀ ਸਲਾਹੁਤਾ ਕੀਤੀ ਕਿ ਉਹਨਾਂ ਵੱਲੋਂ ਕਿਸਾਨਾਂ ਵਿੱਚ ਵਿਚਰ ਕੇ ਕਿਸਾਨਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਗਿਆ ਤੇ ਕਿਸਾਨਾਂ ਨੂੰ ਜਾਗਰੂਕ ਕਰਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਪ੍ਰੇਰਿਆ ਗਿਆ। ਇਸ ਉਪਰੰਤ ਉਹਨਾਂ ਕਿਸਾਨ ਬੂਟਾ ਸਿੰਘ ਪੁੱਤਰ ਭਰਪੂਰ ਸਿੰਘ ਪਿੰਡ ਧੂਰਕੋਟ ਦੇ ਖੇਤ ਦਾ ਦੌਰਾ ਕੀਤਾ ਜਿਸ ਕਿਸਾਨ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ 19 ਏਕੜ ’ਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ, 2 ਏਕੜ ਵਿੱਚ ਆਲੂ ਤੇ ਇੱਕ ਏਕੜ ਵਿੱਚ ਸਰੋ੍ਹਂ ਦੀ ਬਿਜਾਈ ਕੀਤੀ।

ਕਿਸਾਨ ਭਾਗ ਸਿੰਘ ਪੁੱਤਰ ਹਰਮੇਲ ਸਿੰਘ ਪਿੰਡ ਧੂਰਕੋਟ ਨੇ 16 ਏਕੜ ਵੱਚ ਮਲਚਰ ਤੋਂ ਬਾਅਦ ਸੁਪਰ ਸੀਡਰ ਨਾਲ ਕਰਨ ਦੀ ਬਿਜਾਈ ਕੀਤੀ ਅਤੇ ਕਿਸਾਨ ਮੇਜਰ ਸਿੰਘ ਨੇ 10 ਏਕੜ ਵਿੱਚ ਚੌਪਰ ਤੋਂ ਬਾਅਦ ਆਰ ਐਮ ਬੀ ਪੁਲਾਅ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ। ਡਾ. ਰਹੇਜਾ ਨੇ ਕਿਹਾ ਕਿ ਪਿੰਡ ਧੂਰਕੋਟ ਦੇ ਕਿਸਾਨ ਕਾਫੀ ਮਿਹਨਤੀ ਤੇ ਵਾਤਾਵਰਣ ਪ੍ਰੇਮੀ ਹਨ ਜੋ ਕਿ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਰਹੇ ਹਨ। ਇਸ ਤੋਂ ਬਾਅਦ ਉਹ ਪਿੰਡ ਬਡਬਰ ਦੇ ਕਿਸਾਨ ਹਰਵਿੰਦਰ ਸਿੰਘ ਦੇ ਖੇਤ ਦੇ ਦੌਰੇ ਮੌਕੇ ਆਰਗੈਨਿਕ ਫਾਰਮ ਦੇਖ ਕੇ ਪ੍ਰਭਾਵਿਤ ਹੋਏ, ਇਸ ਫਾਰਮ ਵਿੱਚ ਕਿਸਾਨ ਨੇ 20 ਦੇ ਕਰੀਬ ਫਸਲਾਂ, ਦਾਲਾਂ, ਫਲ ਤੇ ਫਸਲਾਂ ਬੀਜੀਆਂ ਤੇ ਜਿਨ੍ਹਾਂ ਵਿੱਚ ਦਾਲਾਂ, ਤੇਲਬੀਜ ਫਸਲਾਂ , ਲਸਣ, ਆਲੂ, ਕਲੌਜੀ, ਸੌਫ, ਅਜਵੈਣ, ਅਲਸੀ ਦੀ ਪਰਾਲੀ ਨਾਲ ਮਲਚਿੰਗ ਕੀਤੀ ਗਈ ਹੈ।

ਜਿਕਰਯੋਗ ਹੈ ਕਿ ਖੇਤੀਬਾੜੀ ਵਿਭਾਗ ਦੀ ਟੀਮ ਨਾਲ ਜ਼ਿਲੇ ਦੇ ਪਿੰਡ ਧੌਲਾ, ਧੂਰਕੋਟ ਤੇ ਬਡਬਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੌਲਾ ਵਿਖੇ ਲਗਵਾਏ ਗਏ ਪਰਾਲੀ ਦੇ ਡੰਪ ਦਾ ਦੌਰਾ ਕੀਤਾ ਜਿੱਥੇ ਹੁਣ ਤੱਕ 2700 ਮੀਟਿਰਕ ਟਨ ਪਰਾਲੀ ਸਟੋਰ ਹੋ ਚੁੱਕੀ ਹੈ। ਇਸ ਸਮੇਂ ਬਰਨਾਲਾ ਦੇ ਬਲਾਕ ਖੇਤੀਬਾੜੀ ਅਫਸਰ ਡਾ. ਸੁਖਪਾਲ ਸਿੰਘ, ਡਾ. ਗੁਰਚਰਨ ਸਿੰਘ, ਡਾ. ਜਰਨੈਲ ਸਿੰਘ, ਡਾ. ਸਤਨਾਮ ਸਿੰਘ ਖੇਤੀਬਾੜੀ ਵਿਕਾਸ ਅਫਸਰ (ਇਨਫੋ), ਬੇਅੰਤ ਸਿੰਘ ਤਕਨੀਸ਼ੀਨ ਗਰੇਡ 1, ਮੱਖਣ ਲਾਲ ਖੇਤੀਬਾੜੀ ਸਬ ਇੰਸਪੈਕਟਰ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ