ਜਿਨਪਿੰਗ ਪੁਤਿਨ ਨੂੰ ਮਿਲਣ ਲਈ ਅੱਜ ਮਾਸਕੋ ਪਹੁੰਚਣਗੇ, ਦੋਵਾਂ ਨੇਤਾਵਾਂ ਵਿਚਕਾਰ ਰਣਨੀਤਕ ਸਾਂਝੇਦਾਰੀ ’ਤੇ ਹੋਵੇਗੀ ਚਰਚਾ

Jinping

ਮਾਸਕੋ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ (Jinping) ਦੋ ਦਿਨਾਂ ਦੌਰੇ ’ਤੇ ਅੱਜ ਮਾਸਕੋ ਪਹੁੰਚਣਗੇ। ਇੱਥੇ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ। ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਜਿਨਪਿੰਗ ਪਹਿਲੀ ਵਾਰ ਮਾਸਕੋ ਜਾ ਰਹੇ ਹਨ। ਕਈ ਮਤਭੇਦਾਂ ਦੇ ਬਾਵਜ਼ੂਦ ਦੋਵਾਂ ਆਗੂਆਂ ਦੀ ਨੇੜਤਾ ਡੂੰਘੀ ਹੈ। ਜੰਗ ਸ਼ੁਰੂ ਹੋਣ ਤੋਂ ਬਾਅਦ ਚੀਨ ਰੂਸ ਦੇ ਨਾਲ ਖੜ੍ਹਾ ਨਜ਼ਰ ਆਇਆ। ਜਦੋਂ ਅਮਰੀਕਾ ਨੇ ਰੂਸ ’ਤੇ ਪਾਬੰਦੀਆਂ ਲਾਈਆਂ ਤਾਂ ਚੀਨ ਨੇ ਅਮਰੀਕਾ ਦੇ ਇਸ ਕਦਮ ਦਾ ਵਿਰੋਧ ਕੀਤਾ ਅਤੇ ਇਸ ਨੂੰ ਅੱਗ ’ਤੇ ਤੇਲ ਪਾਉਣ ਦਾ ਕਦਮ ਦੱਸਿਆ। ਇਸ ਤੋਂ ਇਲਾਵਾ ਰੂਸ ਵਾਂਗ ਚੀਨ ਨੇ ਵੀ ਉੱਤਰੀ ਅਟਲਾਂਟਿਕ ਸੰਧੀ (ਨਾਟੋ) ਦੇ ਵਿਸਥਾਰ ’ਤੇ ਇਤਰਾਜ ਜਤਾਇਆ ਹੈ।

ਹੁਣ ਸਵਾਲ ਇਹ ਉੱਠਦਾ ਹੈ ਕਿ ਜਿਨਪਿੰਗ ਦੇ ਮਾਸਕੋ ਜਾਣ ਦਾ ਮਕਸਦ ਕੀ ਹੈ? ਕੀ ਉਹ ਜੰਗ ਨੂੰ ਖਤਮ ਕਰਨਾ ਚਾਹੁੰਦੇ ਹਨ? ਜਵਾਬ ਹੈ- ਜਿਨਪਿੰਗ ਇੱਕ ਗਲੋਬਲ ਲੀਡਰ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਭਾਵੇਂ ਜੰਗ ਖਤਮ ਨਾ ਹੋਵੇ, ਘੱਟੋ-ਘੱਟ ਉਹ ਪੁਤਿਨ ਅਤੇ ਜੇਲੇਂਸਕੀ ਨੂੰ ਜੰਗਬੰਦੀ ’ਤੇ ਮਨਾ ਲੈਣ। ਇਸ ਤੋਂ ਬਾਅਦ ਡਿਪਲੋਮੈਟਿਕ ਚੈਨਲ ਖੁੱਲ੍ਹਣਗੇ ਅਤੇ ਚੀਨ ਨੂੰ ਗਲੋਬਲ ਲੀਡਰ ਕਿਹਾ ਜਾਣਾ ਸ਼ੁਰੂ ਹੋ ਜਾਵੇਗਾ।

ਦੁਵੱਲੇ ਦਸਤਾਵੇਜ ’ਤੇ ਦਸਤਖਤ ਕਰਨਗੇ | Jinping

ਰੂਸੀ ਅਧਿਕਾਰੀਆਂ ਮੁਤਾਬਕ ਦੋਵੇਂ ਨੇਤਾ ਰੂਸ ਤੇ ਚੀਨ ਵਿਚਾਲੇ ਵਿਆਪਕ ਤੇ ਰਣਨੀਤਕ ਸਾਂਝੇਦਾਰੀ ਨੂੰ ਵਧਾਉਣ ’ਤੇ ਚਰਚਾ ਕਰਨਗੇ। ਅੰਤਰਰਾਸ਼ਟਰੀ ਖੇਤਰ ਵਿੱਚ ਰੂਸੀ-ਚੀਨੀ ਸਹਿਯੋਗ ਨੂੰ ਡੂੰਘਾ ਕਰਨ ’ਤੇ ਵੀ ਗੱਲਬਾਤ ਹੋਵੇਗੀ। ਇਸ ਤੋਂ ਇਲਾਵਾ ਜਿਨਪਿੰਗ ਅਤੇ ਪੁਤਿਨ ਇੱਕ ਮਹੱਤਵਪੂਰਨ ਦੁਵੱਲੇ ਦਸਤਾਵੇਜ ’ਤੇ ਦਸਤਖਤ ਕਰਨਗੇ। ਇਸ ਦਸਤਾਵੇਜ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਤਿੰਨ ਮਹੀਨੇ ਪਹਿਲਾਂ ਦੋਵਾਂ ਨੇਤਾਵਾਂ ਨੇ ਫੋਨ ’ਤੇ ਗੱਲਬਾਤ ਕੀਤੀ ਸੀ

30 ਦਸੰਬਰ 2022 ਨੂੰ ਸ਼ੀ ਜਿਨਪਿੰਗ ਅਤੇ ਵਲਾਦੀਮੀਰ ਪੁਤਿਨ ਨੇ 8 ਮਿੰਟ ਲਈ ਵੀਡੀਓ ਕਾਲ ਕੀਤੀ। ਇਸ ਦੌਰਾਨ ਪੁਤਿਨ ਨੇ ਦੋਹਾਂ ਦੇਸ਼ਾਂ ਵਿਚਾਲੇ ਫੌਜੀ ਸਹਿਯੋਗ ਵਧਾਉਣ ਲਈ ਕਿਹਾ ਸੀ। ਇਸ ’ਤੇ ਸ਼ੀ ਜਿਨਪਿੰਗ ਨੇ ਕਿਹਾ ਸੀ ਕਿ ਦੁਨੀਆ ’ਚ ਚੱਲ ਰਹੀ ਮੁਸ਼ਕਿਲ ਸਥਿਤੀ ’ਚ ਚੀਨ ਰੂਸ ਨੂੰ ਰਣਨੀਤਕ ਸਹਿਯੋਗ ਦੇਣ ਲਈ ਤਿਆਰ ਹੈ।

‘ਨੋ ਲਿਮਿਟ’ ਸਮਝੌਤੇ ਨੇ ਦੋਵਾਂ ਦੇਸ਼ਾਂ ਨੂੰ ਪੱਕਾ ਭਾਈਵਾਲ ਬਣਾ ਦਿੱਤਾ

ਦੋਵਾਂ ਦੇਸ਼ਾਂ ਨੇ ਯੂਕਰੇਨ ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ‘ਨੋ ਲਿਮਿਟ’ ਰਣਨੀਤਕ ਸਾਂਝੇਦਾਰੀ ’ਤੇ ਦਸਤਖਤ ਕੀਤੇ ਸਨ। ਯੂਰਪੀ ਦੇਸ਼ਾਂ ਦੀ ਪਾਬੰਦੀ ਤੋਂ ਬਾਅਦ ਚੀਨ ਨੇ ਰੂਸੀ ਤੇਲ ਅਤੇ ਗੈਸ ਦੀ ਖਰੀਦ ਵਧਾ ਦਿੱਤੀ ਹੈ। ਬਦਲੇ ’ਚ ਰੂਸ ਵੀ ਤਾਇਵਾਨ ਦੇ ਮੁੱਦੇ ’ਤੇ ਚੀਨ ਦਾ ਸਾਥ ਦੇ ਰਿਹਾ ਹੈ। ਚੀਨ ਨੇ ਹਮੇਸ਼ਾ ਤਾਈਵਾਨ ਨੂੰ ਆਪਣਾ ਹਿੱਸਾ ਹੋਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਪੁਤਿਨ ਨੇ ਤਾਇਵਾਨ ਨੂੰ ਚੀਨ ਦਾ ਅਨਿੱਖੜਵਾਂ ਅੰਗ ਵੀ ਮੰਨਿਆ ਹੈ।

ਪੁਤਿਨ ਵਿੰਟਰ ਓਲੰਪਿਕ ਦੌਰਾਨ ਬੀਜਿੰਗ ਪਹੁੰਚੇ ਸਨ

4 ਫਰਵਰੀ 2022 ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿੰਟਰ ਓਲੰਪਿਕ ਦੇ ਉਦਘਾਟਨ ਸਮਾਰੋਹ ਲਈ ਬੀਜਿੰਗ ਪਹੁੰਚੇ। ਇੱਥੇ ਉਨ੍ਹਾਂ ਕਿਹਾ ਕਿ ਰੂਸ ‘ਵਨ ਚਾਈਨਾ ਨੀਤੀ’ ਦਾ ਸਮਰਥਨ ਕਰਦਾ ਹੈ। ਦੋਵਾਂ ਦੇਸਾਂ ਨੇ ਇਕ-ਦੂਜੇ ਦੇ ਹਿੱਤਾਂ ਦੀ ਰੱਖਿਆ ਲਈ ਸਹਿਯੋਗ ਦੀ ਗੱਲ ਵੀ ਕੀਤੀ ਸੀ। ਇਸ ਵਿੱਚ ਉਨ੍ਹਾਂ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਘਰੇਲੂ ਮਾਮਲਿਆਂ ਵਿੱਚ ਕਿਸੇ ਹੋਰ ਦੇਸ਼ ਦੀ ਦਖਲਅੰਦਾਜ਼ੀ ਨੂੰ ਸਵੀਕਾਰ ਨਾ ਕਰਨਾ ਸ਼ਾਮਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।