ਕੀ ਜਾਇਜ਼ ਹੈ ਪ੍ਰਾਈਵੇਟ ਟੀ. ਵੀ. ਚੈਨਲਾਂ ਦੀ ਜ਼ਿਆਦਾ ਹੀ ਵਪਾਰਕ ਸੋਚ…?

ਕੀ ਜਾਇਜ਼ ਹੈ ਪ੍ਰਾਈਵੇਟ ਟੀ. ਵੀ. ਚੈਨਲਾਂ ਦੀ ਜ਼ਿਆਦਾ ਹੀ ਵਪਾਰਕ ਸੋਚ…?

ਪੈਸੇ ਨੂੰ ਮੁੱਖ ਰੱਖਣ ਵਾਲੇ ਬਹੁਤੇ ਚੈਨਲ ਸਾਡੇ ਵਿਰਸੇ ਨਾਲ ਸਬੰਧਤ ਵਿਸ਼ੇਸ਼ਤਾਵਾਂ ਨੂੰ ਦਿਨੋ-ਦਿਨ ਨਸ਼ਟ ਕਰ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਲੈਕਟ੍ਰਾਨਿਕ ਮੀਡੀਏ ਦਾ ਸਾਡੇ ਅਜੋਕੇ ਸਮਾਜ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਹੈ, ਪਰ ਇਸ ਦੇ ਸਕਾਰਾਤਮਿਕ ਪੱਖਾਂ ਦੇ ਨਾਲ-ਨਾਲ ਇਸ ਦੇ ਨਾਕਾਰਾਤਮਿਕ ਪੱਖਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅੱਜ ਕਈ ਪ੍ਰਾਈਵੇਟ ਚੈਨਲਾਂ ਵੱਲੋਂ ਸਾਡੇ ਸਾਹਮਣੇ ਕੀ ਪਰੋਸਿਆ ਜਾ ਰਿਹਾ ਹੈ, ਇਹ ਆਪਾਂ ਸਾਰੇ ਜਾਣਦੇ ਹੀ ਹਾਂ।

ਇਸ ਦਾ ਕੀ ਕਾਰਨ ਹੋ ਸਕਦਾ ਹੈ? ਸ਼ਾਇਦ ਇਹੀ ਕਿ ਇਸ ਵਿੱਚ ਚੈਨਲਾਂ ਦੀ ਵਪਾਰਕ ਸੋਚ ਬਹੁਤ ਜ਼ਿਆਦਾ ਭਾਰੂ ਹੈ। ਇਨ੍ਹਾਂ ਕਈ ਪ੍ਰਾਈਵੇਟ ਚੈਨਲਾਂ ਦੀ ਵਪਾਰਕ ਸੋਚ ਸਾਡੀ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰਨ ’ਤੇ ਤੁਲੀ ਹੋਈ ਹੈ। ਇਨ੍ਹਾਂ ਚੈਨਲਾਂ ਵਾਲਿਆਂ ਦੀ ਤਾਂ ਬੱਸ ਮੁਕਾਬਲੇ ਵਿੱਚ ਪੈਸਾ ਕਮਾਉਣ ਦੀ ਦੌੜ ਲੱਗੀ ਹੋਈ ਹੈ। ਇਸ ਪੈਸੇ ਕਮਾਉਣ ਦੀ ਦੌੜ ਵਿੱਚ ਇਨ੍ਹਾਂ ਨੇ ਨੈਤਿਕਤਾ, ਇਮਾਨਦਾਰੀ ਅਤੇ ਸੱਚਾਈ ਦਾ ਗਲਾ ਘੁੱਟ ਕੇ ਰੱਖ ਦਿੱਤਾ ਹੈ। ਮੀਡੀਏ ਨੂੰ ਇਨ੍ਹਾਂ ਨੇ ਮਨੋਰੰਜਨ ਦੇ ਵਪਾਰ ਦਾ ਰੂਪ ਦੇ ਦਿੱਤਾ ਹੈ। ਹੁਣ ਇਨ੍ਹਾਂ ਚੈਨਲਾਂ ਰਾਹੀਂ ਤੁਹਾਨੂੰ ਕਿਸੇ ਉੱਚ ਪਾਏ ਦਾ ਪ੍ਰੋਗਰਾਮ ਦੇਖਣ ਨੂੰ ਨਹੀਂ ਮਿਲੇਗਾ ਬਲਕਿ ਚੌਵੀ ਘੰਟੇ ਅਜਿਹੇ ਪ੍ਰੋਗਰਾਮ ਜਾਂ ਸਮਾਚਾਰ ਦੇਖਣ ਨੂੰ ਮਿਲਣਗੇ, ਜੋ ਉੱਚ ਵਰਗ ਦੀਆਂ ਇੱਛਾਵਾਂ ਦੀ ਪੂਰਤੀ ਕਰਦੇ ਹੋਣ।

ਇਹ ਚੈਨਲ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕਰਨਗੇ ਕਿ ਵਿਕਾਸ ਦੇ ਮਾਮਲੇ ਵਿੱਚ ਭਾਰਤ ਦੁਨੀਆਂ ਭਰ ਵਿੱਚੋਂ ਕਿਨਵੇਂ ਨੰਬਰ ’ਤੇ ਆਉਂਦਾ ਹੈ, ਬਲਕਿ ਇਹ ਦੱਸਣਗੇ ਕਿ ਭਾਰਤ ਦੀਆਂ ਕੁੜੀਆਂ ਕਿੰਨੇ ਸਾਲਾਂ ਤੋਂ ਸੰਸਾਰ ਪੱਧਰ ’ਤੇ ਸੁੰਦਰਤਾ ਮੁਕਾਬਲਿਆਂ ਵਿੱਚ ਭਾਗ ਲੈ ਰਹੀਆਂ ਹਨ ਜਾਂ ਜਿੱਤ ਰਹੀਆਂ ਹਨ। ਇਨ੍ਹਾਂ ਚੈਨਲਾਂ ਵੱਲੋਂ ਦਿਨ-ਰਾਤ ਅਜਿਹੇ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ, ਜਿਨ੍ਹਾਂ ਨਾਲ ਭਾਰਤ ਦੀ ਅਤਿ ਗਰੀਬ ਜਨਤਾ ਦਾ ਕੋਈ ਸਬੰਧ ਨਹੀਂ ਹੁੰਦਾ। ਅਤਿ ਦੇ ਅਮੀਰ ਲੋਕਾਂ ਦੀ ਜਿੰਦਗੀ ਨੂੰ ਦਰਸਾਉਂਦੇ ਲੜੀਵਾਰ (ਸੀਰੀਅਲ) ਦਿਖਾ-ਦਿਖਾ ਕੇ ਗ਼ਰੀਬ ਲੋਕਾਂ ਦੀ ਮਾਨਸਿਕਤਾ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਅਜਿਹੇ ਪ੍ਰੋਗਰਾਮ ਦਿਖਾਏ ਜਾ ਰਹੇ ਹਨ, ਜਿਨ੍ਹਾਂ ਦਾ ਸਾਡੀਆਂ ਕਦਰਾਂ-ਕੀਮਤਾਂ ਨਾਲ ਕੋਈ ਸਬੰਧ ਨਹੀਂ ਹੁੰਦਾ। ਪਹਿਰਾਵੇ ਦੇ ਨਾਂਅ ’ਤੇ ਅਸ਼ਲੀਲਤਾ ਦਿਖਾਉਣ ਵਾਲੀਆਂ ਪੁਸ਼ਾਕਾਂ ਦੀ ਨੁਮਾਇਸ਼ ਕੀਤੀ ਜਾਂਦੀ ਹੈ। ਖਾਣੇ ਪਕਵਾਨ ਦੇ ਪਰਦੇ ਹੇਠ ਪੱਛਮੀ ਤਰਜ਼ ਦੇ ਖਾਣੇ ਸਾਡੇ ਸਾਹਮਣੇ ਪਰੋਸਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਸਮੁੱਚੀ ਕਾਰਵਾਈ ਦਾ ਮਤਲਬ ਸਾਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਅਸੀਂ ਹੁਣ ਅਗਾਂਹਵਧੂ ਹੋ ਗਏ ਹਾਂ। ਸਾਡੀ ਇਸ ਗੁਲਾਮ ਮਾਨਸਿਕਤਾ ਦਾ ਫ਼ਾਇਦਾ ਉਠਾ ਕੇ ਸਾਮਾਨ ਵੇਚਣ ਵਾਲੀਆਂ ਤਾਕਤਾਂ ਆਪਣਾ ਸਾਮਾਨ ਵੇਚਣ ਦੀ ਦੌੜ ਵਿੱਚ ਲੱਗੀਆਂ ਹੋਈਆਂ ਹਨ।

ਸਾਡੇ ਪੁਰਾਤਨ ਲੋਕ ਸੰਗੀਤ ਜਿਸ ਵਿੱਚ ਕਵੀਸ਼ਰੀ, ਢਾਡੀ, ਗਵੰਤਰੀ, ਨਕਲੀਏ, ਨਚਾਰ, ਗਿੱਧਾ ਪਾਰਟੀਆਂ ਦੀ ਮਹਾਨ ਪਰੰਪਰਾ ਆਉਂਦੀ ਹੈ, ਜੋ ਕਿ ਇਨ੍ਹਾਂ ਚੈਨਲਾਂ ਦੁਆਰਾ ਅੱਖੋਂ-ਪਰੋਖੇ ਕੀਤੀ ਜਾ ਰਹੀ ਹੈ। ਪੱਛਮੀ ਸੰਗੀਤ ਦੇ ਅਸਰ ਹੇਠ ਨਵੇਂ ਗਾਇਕ ਆਪਣੇ ਮਹਾਨ ਸੰਗੀਤਕ ਵਿਰਸੇ ਨੂੰ ਤਿਲਾਂਜਲੀ ਦੇ ਕੇ ਫੈਸ਼ਨ ਵਾਲੇ ਅਜੋਕੇ ਸੰਗੀਤ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ।

ਇਸੇ ਕਾਰਨ ਹੀ ਨਵੀਂ ਪੀੜ੍ਹੀ ਰੌਲੇ-ਰੱਪੇ ਅਤੇ ਧੂਮ-ਧੜੱਕੇ ਵਿੱਚ ਰੁਲ ਰਹੀ ਹੈ। ਚੈਨਲਾਂ ਨੇ ਆਧੁਨਿਕ ਇਲੈਕਟ੍ਰਾਨਿਕ ਸਾਜ਼ਾਂ ਦਾ ਅਜਿਹਾ ਫੈਸ਼ਨ ਚਲਾਇਆ ਹੈ ਕਿ ਕੰਨ ਪਾੜਵਾਂ ਸੰਗੀਤ ਸਾਡੇ ਪਿੜ-ਪੱਲੇ ਕੁਝ ਵੀ ਨਹੀਂ ਪੈਣ ਦਿੰਦਾ। ਦੇਖਾਦੇਖੀ ਕਈ ਪੁਰਾਣੇ ਗਾਇਕ ਵੀ ਇਸ ਪ੍ਰਭਾਵ ਤੋਂ ਨਹੀਂ ਬਚ ਸਕੇ। ਸਾਡੇ ਪੁਰਾਤਨ ਲੋਕ ਸਾਜ ਖੂੰਜੇ ਲੱਗੇ ਪਏ ਹਨ ਤੇ ਸਾਡੇ ਲੋਕ ਸੰਗੀਤ ਕਲਾਕਾਰ ਜਿਹੜੇ ਸਾਡੇ ਵਿਰਸੇ ਨੂੰ ਸਾਂਭੀ ਬੈਠੇ ਹਨ, ਉਨ੍ਹਾਂ ਨੂੰ ਆਰਥਿਕ ਤੰਗੀਆਂ-ਤੁਰਸ਼ੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਚੈਨਲ ਸਾਡੇ ਵਿਰਸੇ ਦੀਆਂ ਕਈ ਵਿਸ਼ੇਸ਼ਤਾਵਾਂ ਨੂੰ ਅਸ਼ਲੀਲਤਾ ਦਾ ਲਿਬਾਸ ਪਹਿਨ ਕੇ ਲੱਖਾਂ ਰੁਪਏ ਬਟੋਰ ਰਹੇ ਹਨ। ਇਨ੍ਹਾਂ ਨੂੰ ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਾਂ ਫਿਰ ਕੋਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।

ਇਨ੍ਹਾਂ ਚੈਨਲਾਂ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਵਿਚ ਵਧੇਰੇ ਕਰਕੇ ਜਿਹੜੀ ਪੰਜਾਬੀ ਗਾਇਕੀ ਪੇਸ਼ ਕੀਤੀ ਜਾਂਦੀ ਹੈ। ਉਸ ਵਿੱਚ ਨਾ ਸਹਿਜ਼ ਹੁੰਦਾ ਹੈ, ਨਾ ਹੀ ਸਾਹਿਤਿਕਤਾ ਅਤੇ ਨਾ ਹੀ ਕਿਸੇ ਸਮਾਜਿਕ ਸਮੱਸਿਆ ਵੱਲ ਸੰਕੇਤ, ਨਾ ਪ੍ਰਭਾਵੀ ਤੇ ਢੁੱਕਵਾਂ ਸੰਗੀਤ, ਨਾ ਹੀ ਸੁਲਝੇ ਤੇ ਸੱਭਿਅਕ ਬੋਲ। ਕਈ ਵਾਰ ਤਾਂ ਸ਼ਬਦਾਵਲੀ ਹਾਸੋਹੀਣੀ ਅਤੇ ਮਜ਼ਾਕ ਪੱਧਰ ਤੱਕ ਦੀ ਹੁੰਦੀ ਹੈ। ਭਾਵੇਂ ਕਿ ਬਹੁਤੇ ਗਾਇਕਾਂ ਵੱਲੋਂ ਖ਼ੁਦ ਗੀਤ ਤਿਆਰ ਕਰਕੇ ਅਤੇ ਉਸ ਦਾ ਵੀਡੀਓ ਬਣਾ ਕੇ ਇਨ੍ਹਾਂ ਪ੍ਰਾਈਵੇਟ ਚੈਨਲਾਂ ਨੂੰ ਪੈਸੇ ਦੇ ਕੇ ਲਵਾਏ ਜਾਂਦੇ ਹਨ, ਪਰ ਚੈਨਲ ਨੂੰ ਵੀ ਚਾਹੀਦਾ ਹੈ ਕਿ ਉਹ ਮਿਆਰੋਂ ਨੀਵੇਂ ਗੀਤ ਜਾਂ ਵੀਡੀਓ ਨਾ ਦਿਖਾਉਣ, ਪਰ ਸੁਆਲ ਤਾਂ ਇੱਥੇ ਹੀ ਖੜ੍ਹਾ ਹੁੰਦਾ ਹੈ ਕਿ ਉਹ ਪੈਸੇ ਦੇ ਲਾਲਚ ਵਿੱਚ ਜੋ ਕੁਝ ਆਉਂਦਾ ਹੈ ਉਸ ਨੂੰ ਦਿਖਾਈ ਜਾਂਦੇ ਹਨ।

ਗੀਤਾਂ ਤੇ ਉਸ ਦੇ ਵੀਡੀਓ ਨੂੰ ਚੈਨਲਾਂ ’ਤੇ ਚਲਾਉਣ ਤੋਂ ਪਹਿਲਾਂ ਇੱਕ ਸੈਂਸਰ ਬੋਰਡ ਹੋਣਾ ਚਾਹੀਦਾ ਹੈ, ਜੋ ਪਹਿਲਾਂ ਦੇਖੇ ਅਤੇ ਫਿਰ ਪਾਸ ਕਰੇ ਕਿ ਇਹ ਕਿਸੇ ਚੈਨਲ ’ਤੇ ਚਲਾਉਣ ਯੋਗ ਹੈ ਜਾਂ ਨਹੀਂ? ਜਿਵੇਂ ਫਿਲਮਾਂ ਸੈਂਸਰ ਬੋਰਡ ਰਾਹੀਂ ਪਾਸ ਹੋ ਕੇ ਆਉਂਦੀਆਂ ਹਨ। ਉਂਜ ਤਾਂ ਇਨ੍ਹਾਂ ਦੀ ਉਂਝ ਹੀ ਸਮਾਜਿਕ ਜਿੰਮੇਵਾਰੀ ਜਾਂ ਫਰਜ ਬਣਦਾ ਹੈ ਕਿ ਅਜਿਹਾ ਸੰਗੀਤ ਜਾਂ ਹੋਰ ਪ੍ਰੋਗਰਾਮ ਨਾ ਦਿਖਾਉਣ, ਜਿਸ ਦੇ ਨਾਕਾਰਾਤਮਿਕ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੋਵੇ। ਭਾਵੇਂ ਕਿ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਦੇ ਮੁਹਾਵਰੇ ਅਨੁਸਾਰ ਸਾਰੇ ਹੀ ਚੈਨਲ ਅਜਿਹਾ ਨਹੀਂ ਕਰਦੇ ਪਰ ਬਹੁਤੇ ਅਜਿਹਾ ਕਰਦੇ ਹਨ ਜਿਸ ਤਰ੍ਹਾਂ ਉੱਪਰ ਦਰਸਾਇਆ ਗਿਆ ਹੈ।
ਸਿਵੀਆਂ (ਬਠਿੰਡਾ) ਮੋ. 80547-57806

ਹਰਮੀਤ ਸਿਵੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ