ਆਮ ਮੁਲਜ਼ਮਾਂ ਵਾਂਗ ਵੱਖ-ਵੱਖ ਬੈਰਕਾਂ ‘ਚ ਬੰਦ ਹਨ ਇਨੈਲੋ ਆਗੂ

Canal

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੇਂਦਰੀ ਜੇਲ੍ਹ ਪਟਿਆਲਾ ਵਿਖੇ ਧਾਰਾ 144 ਦੀ ਉਲੰਘਣਾ ਦੇ ਦੋਸ਼ਾਂ ਹੇਠ ਬੰਦ ਇਨੈਲੋ ਦੇ 74 ਆਗੂਆਂ ਅਤੇ ਕਾਰਕੁੰਨਾਂ (INLO Leaders) ਨੂੰ ਇੱਥੇ ਜੇਲ੍ਹ ਅੰਦਰ ਵੱਖ-ਵੱਖ ਬੈਰਕਾਂ ਵਿੱਚ ਰੱਖਿਆ ਹੋਇਆ ਹੈ। ਅੱਜ ਹਰਿਆਣਾ ‘ਚੋਂ ਦਰਜ਼ਨ ਭਰ ਦੇ ਕਰੀਬ ਵਰਕਰ ਇਨੈਲੋ ਦੇ ਆਗੂਆਂ ਨੂੰ ਮਿਲਣ ਲਈ ਪੁੱਜੇ। ਇਨ੍ਹਾਂ ਇਨੈਲੋਂ ਕਾਰਕੁੰਨਾਂ ਵੱਲੋਂ ਅੱਜ ਜੇਲ੍ਹ ਅੰਦਰ ਬਣਨ ਵਾਲਾ ਖਾਣਾ ਹੀ ਖਾਧਾ ਗਿਆ ਅਤੇ ਆਪਸ ‘ਚ ਗੱਲਬਾਤਾਂ ਕਰ ਕੇ ਸਮਾਂ ਗੁਜ਼ਾਰਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਵੱਲੋਂ ਬੀਤੇ ਦਿਨ ਇਨੈਲੋ ਆਗੂ ਅਭੈ ਚੋਟਾਲਾ, 19 ਇਨੈਲੋ ਵਿਧਾਇਕਾਂ ਅਤੇ ਇੱਕ ਐਮਪੀ ਸਮੇਤ 74 ਕਾਰਕੁੰਨਾਂ ਨੂੰ ਪੰਜਾਬ ਅੰਦਰ ਦਾਖਲ ਹੋ ਕੇ ਧਾਰਾ 144 ਦੀ ਉਲੰਘਨਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਬੀਤੀ ਦੇਰ ਸ਼ਾਮ ਇਨ੍ਹਾਂ 74 ਕਾਰਕੁੰਨਾਂ ਨੂੰ ਰਾਜਪੁਰਾ ਦੇ ਐਸਡੀਐਮ ਹਰਪ੍ਰੀਤ ਸਿੰਘ ਸੂਦਨ ਦੀ ਅਦਾਲਤ ਵੱਲੋਂ 27 ਫਰਵਰੀ ਤੱਕ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਭੇਜ ਦਿੱਤਾ ਗਿਆ ਸੀ। ਜੇਲ੍ਹ ਵਿੱਚ ਬੰਦ ਇਨ੍ਹਾਂ ਆਗੂਆਂ ਅਤੇ ਕਾਰਕੁੰਨਾਂ ਨੂੰ ਆਮ ਵੱਖ-ਵੱਖ ਬੈਰਕਾਂ ਵਿੱਚ ਹੀ ਰੱਖਿਆ ਹੋਇਆ ਹੈ। ਅੱਜ ਇਨ੍ਹਾਂ ਵੱਲੋਂ ਜੇਲ੍ਹ ਅੰਦਰ ਹੀ ਬਣਨ ਵਾਲਾ ਆਮ ਖਾਣਾ ਖਾਧਾ ਗਿਆ।

ਜੇਲ੍ਹ ਅਧਿਕਾਰੀਆਂ ਵੱਲੋਂ ਜੇਲ੍ਹ ਰਜਿਸ਼ਟਰ ‘ਚ ਬਕਾਇਦਾ ਤੌਰ ‘ਤੇ ਇਨ੍ਹਾਂ ਇਨੈਲੋ ਕਾਰਕੁੰਨਾਂ ਦੇ ਨਾਂਅ ਦਰਜ਼ ਕੀਤੇ ਗਏ। ਪਤਾ ਲੱਗਾ ਹੈ ਕਿ ਅਭੈ ਚੌਟਾਲਾ ਸਮੇਤ ਹੋਰ ਆਗੂਆਂ ਨੂੰ ਮਿਲਣ ਲਈ ਹਰਿਆਣਾ ‘ਚੋਂ ਦਰਜ਼ਨ ਭਰ ਦੇ ਕਰੀਬ ਇਨ੍ਹਾਂ ਦੇ ਹਮਾਇਤੀ ਪੁੱਜੇ, ਪਰ ਚੌਟਾਲਾ ਪਰਿਵਾਰ ‘ਚੋਂ ਕੋਈ ਵੱਡਾ ਆਗੂ ਮਿਲਣ ਲਈ ਨਾ ਪੁੱਜਿਆ। ਸੂਤਰਾਂ ਅਨੁਸਾਰ ਅੱਜ ਸਵੇਰੇ ਇਨੈਲੋ ਕਾਰਕੁੰਨਾਂ ਨੇ ਪੜ੍ਹਨ ਲਈ ਵੱਖ-ਵੱਖ ਅਖ਼ਬਾਰ ਮੰਗਵਾਏ ਅਤੇ ਇਨ੍ਹਾਂ ਅਖ਼ਬਾਰਾਂ ਵਿੱਚ ਆਪਣੇ ਵੱਲੋਂ ਬੀਤੇ ਦਿਨੀਂ ਕੀਤੇ ਗਏ ਪ੍ਰਦਰਸ਼ਨ ਨਾਲ ਸਬੰਧਿਤ ਛਪੀਆਂ ਖਬਰਾਂ ਨੂੰ ਪੜ੍ਹਿਆ।
ਜੇਲ੍ਹ ਅੰਦਰ ਬੰਦ ਇਨੈਲੋ ਦੇ ਇਹ ਆਗੂ ਆਪਣੇ ਕੱਲ੍ਹ ਵਾਲੇ ਕੀਤੇ ਰੋਸ਼ ਪ੍ਰਦਰਸ਼ਨ ਨੂੰ ਸਫਲ ਮੰਨ ਰਹੇ ਹਨ। ਜੇਲ੍ਹ ਸੁਪਰਡੈਂਟ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਹੈ ਕਿ ਇਨ੍ਹਾਂ ਆਗੂਆਂ ਨੂੰ ਜੇਲ੍ਹ ਦੇ ਨਿਯਮਾਂ ਅਨੁਸਾਰ ਹੀ ਰੱਖਿਆ ਜਾ ਰਿਹਾ ਹੈ।

ਇਹ ਆਗੂ ਹਨ ਜੇਲ੍ਹ ‘ਚ ਬੰਦ

ਪਟਿਆਲਾ ਜੇਲ੍ਹ ਵਿੱਚ ਬੰਦ ਆਗੂਆਂ ‘ਚ ਅਭੈ ਚੌਟਾਲਾ, ਅਰਜਨ ਚੌਟਾਲਾ, ਚਰਨਜੀਤ ਸਿੰਘ ਰੋੜੀ ਐਮਪੀ, ਵਿਧਾਇਕ ਜਾਕਰ ਹੁਸੈਨ, ਵਿਧਾਇਕ ਰਾਜਦੀਪ ਫੋਗਾਟ, ਵਿਧਾਇਕ ਅਰਵਿੰਦਰ ਸਿੰਘ ਬਲਿਆਲਾ, ਵਿਧਾਇਕ ਜਸਵਿੰਦਰ ਸਿੰਘ, ਰਾਮਪਾਲ ਮਾਜਰਾ ਸਾਬਕਾ ਵਿਧਾਇਕ, ਗੋਪੀ ਚੰਦ ਸਾਬਕਾ ਡਿਪਟੀ ਸਪੀਕਰ, ਵਿਧਾਇਕ ਪਰਮਿੰਦਰ ਢੁੱਲ, ਵਿਧਾਇਕ ਪ੍ਰਿੰਥੀ ਸਿੰਘ, ਵਿਧਾਇਕ ਨਸੀਮ ਅਹਿਮਦ, ਵਿਧਾਇਕ ਰਣਬੀਰ ਸਿੰਘ ਗੰਗਊਆਂ, ਵਿਧਾਇਕ ਬੇਦ ਨਾਰੰਗ, ਵਿਧਾਇਕ ਓਮ ਪ੍ਰਕਾਸ਼ ਸ਼ਰਮਾ, ਵਿਧਾਇਕ ਰਾਮ ਚੰਦਰ ਕੰਬੋਜ ਸਮੇਤ ਜ਼ਿਲ੍ਹਾ ਪ੍ਰਧਾਨਾਂ ਤੋਂ ਇਲਾਵਾ ਹੋਰ ਆਗੂ ਅਤੇ ਕਾਰਕੁੰਨ ਸ਼ਾਮਲ ਹਨ।

ਇਨੈਲੋ ਆਗੂਆਂ ਨੇ ਜਾਣਬੁੱਝ ਕੇ ਨਹੀਂ ਕਰਵਾਈ ਜ਼ਮਾਨਤ

ਜਾਣਕਾਰੀ ਅਨੁਸਾਰ ਇਨੈਲੋ ਆਗੂ ਬੀਤੇ ਦਿਨੀਂ ਆਪਣੀ ਜਮਾਨਤ ਕਰਵਾ ਸਕਦੇ ਸਨ, ਪਰ ਇਨ੍ਹਾਂ ਵੱਲੋਂ ਜਾਣਬੁੱਝ ਕੇ ਆਪਣੀ ਜਮਾਨਤ ਨਹੀਂ ਕਰਵਾਈ ਗਈ। ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਇਨੈਲੋ ਆਗੂ ਹਰਿਆਣਾ ਦੇ ਵਾਸੀਆਂ ਨੂੰ ਇਹ ਦਰਸਾਉਣਾ ਚਾਹੁੰਦੇ ਹਨ ਕਿ ਉਹ ਪਾਣੀ ਦੀ ਖਾਤਰ ਜੇਲ੍ਹ ਕੱਟ ਕੇ ਆਏ ਹਨ ਤਾਂ ਜੋ ਚੋਣਾਂ ਮੌਕੇ ਇਸ ਜੇਲ੍ਹ ਯਾਤਰਾ ਦਾ ਲਾਹਾ ਖੱਟਿਆ ਜਾ ਸਕੇ।  27 ਫਰਵਰੀ ਨੂੰ ਇਨ੍ਹਾਂ ਆਗੂਆਂ ਨੂੰ ਮੁੜ ਰਾਜਪੁਰਾ ਵਿਖੇ ਐਸਡੀਐਮ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਦੇਖਣਾ ਇਹ ਹੋਵੇਗਾ ਕਿ ਉਸ ਦਿਨ ਇਹ ਆਪਣੀ ਜਮਾਨਤ ਕਰਵਾਉਣਗੇ ਜਾਂ ਮੁੜ ਜੇਲ੍ਹ ਅੰਦਰ ਰਹਿਣ ਨੂੰ ਹੀ ਤਰਜੀਹ ਦੇਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ