ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਅਧਿਕਾਰੀਆਂ ਨੂੰ ਫੇਸਬੁੱਕ ਸਬੰਧੀ ਸਿਖਲਾਈ ਦਿੱਤੀ

Information, Public Relations, Department, Provided, Training, Officers, Facebook

ਚੰਡੀਗੜ੍ਹ, (ਸੱਚ ਕਹੂੰ ਬਿਊਰੋ)। ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਸੂਚਨਾ ਦੇ ਤੁਰੰਤ ਪਸਾਰ ਨੂੰ ਯਕੀਨੀ ਬਣਾਉਣ ਲਈ ਅੱਜ ਆਪਣੇ ਅਧਿਕਾਰੀਆਂ ਵਾਸਤੇ ਫੇਸਬੁੱਕ ਦੀ ਵਿਸ਼ੇਸ਼ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ। ਫੇਸਬੁੱਕ ਦੇ ਭਾਰਤ, ਦੱਖਣ ਤੇ ਕੇਂਦਰੀ ਏਸ਼ੀਆ ਵਾਸਤੇ ਪਾਲਸੀ ਮੈਨੇਜਰ ਨਿਤਿਨ ਸਲੂਜਾ ਵੱਲੋਂ ਅਧਿਕਾਰੀਆਂ ਨੂੰ ਇਹ ਸਿਖਲਾਈ ਮੁਹੱਈਆ ਕਰਵਾਈ ਗਈ। ਫੇਸਬੁੱਕ ਦੇ ਸਹਿਯੋਗ ਨਾਲ ਵਿਭਾਗ ਵੱਲੋਂ ਕਰਵਾਈ ਗਈ ਇਹ ਟ੍ਰੇਨਿੰਗ ਲਗਭਗ ਢਾਈ ਘੰਟੇ ਚੱਲੀ। ਟ੍ਰੇਨਿੰਗ ਸੈਸ਼ਨ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ-ਕਮ-ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਅਤੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

ਪੰਜਾਬ ਸਰਕਾਰ ਦੇ ਹੋਰਨਾਂ ਵਿਭਾਗਾਂ ਦੇ ਉਹ ਅਧਿਕਾਰੀ ਜੋ ਆਪਣੇ ਵਿਭਾਗ ਦਾ ਫੇਸਬੁੱਕ ਪੇਜ ਚਲਾਉਂਦੇ ਹਨ, ਨੇ ਵੀ ਇਸ ਟ੍ਰੇਨਿੰਗ ਸੈਸ਼ਨ ਦਾ ਲਾਭ ਉਠਾਇਆ। ਟ੍ਰੇਨਿੰਗ ਸੈਸ਼ਨ ਦੌਰਾਨ ਨਿਤਿਨ ਸਲੂਜਾ ਨੇ ਫੇਸਬੁੱਕ ਪੇਜ ਬਣਾਉਣ ਤੇ ਇਨ੍ਹਾਂ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ  ਜਾਣਕਾਰੀ ਦਿੱਤੀ। ਉਨ੍ਹਾਂ ਰੋਚਕ ਫੇਸਬੁੱਕ ਪੋਸਟ ਬਣਾਉਣ ਤੇ ਪੇਜ ਦੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਬਣਾਉਣ ਸਬੰਧੀ ਵਿਸ਼ੇਸ਼ ਢੰਗ-ਤਰੀਕਿਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਪੇਜ ਨੂੰ ਸੁਰੱਖਿਅਤ ਰੱਖਣ ਦੇ ਗੁਰ ਵੀ ਦੱਸੇ। ਜ਼ਿਕਰਯੋਗ ਹੈ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ ਤੇ ਪ੍ਰਾਪਤੀਆਂ ਨੂੰ ਲੋਕਾਂ ਨਾਲ ਸਾਂਝਾ ਕਰਨ ਤੇ ਉਨ੍ਹਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਪਹਿਲਾਂ ਤੋਂ ਹੀ ਰਾਜ ਤੇ ਜ਼ਿਲ੍ਹਾ ਪੱਧਰ ‘ਤੇ ਫੇਸਬੁੱਕ ਪੇਜ, ਟਵਿੱਟਰ ਹੈਂਡਲ ਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ।