ਚੁਣਾਵੀ ਮੁੱਦਾ ਬਣੇਗੀ ਮਹਿੰਗਾਈ!

ਚੁਣਾਵੀ ਮੁੱਦਾ ਬਣੇਗੀ ਮਹਿੰਗਾਈ!

ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਮਹਿੰਗਾਈ ਨੇ ਆਮ ਆਦਮੀ ਦੀਆਂ ਪ੍ਰੇਸ਼ਾਨੀਆਂ ਨੂੰ ਵਧਾ ਰੱਖਿਆ ਹੈ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਮੀ ਤੋਂ ਬਾਅਦ ਮਹਿੰਗਾਈ ’ਚ ਥੋੜ੍ਹੀ ਕਮੀ ਤਾਂ ਆਈ ਹੈ, ਪਰ ਜਿੰਨੀ ਉਮੀਦ ਕੀਤੀ ਜਾ ਰਹੀ ਸੀ ਓਨੀ ਰਾਹਤ ਆਮ ਆਦਮੀ ਨੂੰ ਨਹੀਂ ਮਿਲੀ ਹੈ ਅਗਲੇ ਸਾਲ ਦੇਸ਼ ਦੇ ਪੰਜ ਰਾਜਾਂ ’ਚ ਚੋਣਾਂ ਹੋਣ ਜਾ ਰਹੀਆਂ ਹਨ, ਅਜਿਹੇ ’ਚ ਅਹਿਮ ਸਵਾਲ ਇਹ ਹੈ ਕਿ ਕੀ ਮਹਿੰਗਾਈ ਚੁਣਾਵੀ ਮੁੱਦਾ ਬਣ ਸਕੇਗੀ? ਵਿਰੋਧੀ ਧਿਰ ਮਹਿੰਗਾਈ ਦੀ ਗੱਲ ਤਾਂ ਕਰਦਾ ਹੈ ਪਰ ਉਹ ਇਸ ਨੂੰ ਮੁੱਦਾ ਨਹੀਂ ਬਣਾ ਰਿਹਾ ਹੈ 2019 ’ਚ ਸੀਐਸਡੀਐਸ ਵੱਲੋਂ ਕੀਤੇ ਗਈਆਂ ਚੋਣਾਂ ਤੋਂ ਬਾਅਦ ਦੇ ਸਰਵੇ ’ਚ ਸਿਰਫ਼ 4 ਫੀਸਦੀ ਲੋਕਾਂ ਨੇ ਮੁੱਲ ਵਾਧੇ ਨੂੰ ਵੋਟਰਾਂ ਲਈ ਸਭ ਤੋਂ ਵੱਡਾ ਮੁੱਦਾ ਮੰਨਿਆ ਜਦੋਂ ਕਿ 1980 ਦੀਆਂ ਚੋਣਾਂ ’ਚ 25 ਫੀਸਦੀ ਤੋਂ ਜਿਆਦਾ ਲੋਕਾਂ ਲਈ ਮਹਿੰਗਾਈ ਇੱਕ ਮੁੱਦਾ ਸੀ

1973 ’ਚ , ਹੋਸਟਲ ਮੈੱਸ ਦੇ ਬਕਾਏ ਸਬੰਧੀ ਗੁਜਰਾਤ ਦੇ ਇੱਕ ਕਾਲਜ ਦਾ ਵਿਰੋਧ ਪ੍ਰਦਰਸ਼ਨ ਵਧਦੀ ਮਹਿੰਗਾਈ ਖਿਲਾਫ ਇੱਕ ਅੰਦੋਲਨ ’ਚ ਬਦਲ ਗਿਆ, ਜਿਸ ਦੀ ਵਜ੍ਹਾ ਨਾਲ ਰਾਜ ਦੇ ਮੌਜੂਦਾ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣਾ ਪਿਆ ਇਸ ਅਸਤੀਫੇ ਤੋਂ ਬਾਅਦ ਮੌਜੂਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਖਿਲਾਫ਼ ਜੇਪੀ ਨਾਰਾਇਣ ਦੇ ਰਾਸ਼ਟਰ ਪੱਧਰੀ ਅੰਦੋਲਨ ਨੂੰ ਖੰਭ ਮਿਲ ਗਏ ਆਖਰਕਾਰ ਇਸੇ ਵਜ੍ਹਾ ਨਾਲ ਇੰਦਰਾ ਗਾਂਧੀ ਨੇ ਐਮਰਜੰਸੀ ਦਾ ਐਲਾਨ ਕਰ ਦਿੱਤਾ ਐਮਰਜੈਂਸੀ ਤੋਂ ਬਾਅਦ ਦੀਆਂ ਚੋਣਾਂ ’ਚ ਗਾਂਧੀ ਨੇ ਸੱਤਾ ਗੁਆ ਦਿੱਤੀ, ਪਰ ਉਸ ਤੋਂ ਬਾਅਦ ਬਣੀ ਸਰਕਾਰ ਵੀ ਕੀਮਤਾਂ ਨੂੰ ਹੇਠਾਂ ਲਿਆਉਣ ’ਚ ਨਾਕਾਮ ਰਹੀ ਇੱਥੋਂ ਤੱਕ ਕਿ ਸੱਤਾਧਾਰੀ ਗਠਜੋੜ ਅੰਦਰ ਵੀ ਲੜਾਈ ਨੇ ਦੇਸ਼ ਵਿਚ ਪਹਿਲੀ ਗੈਰ-ਕਾਂਗਰਸੀ ਕੇਂਦਰ ਸਰਕਾਰ ਨੂੰ ਖ਼ਤਮ ਕਰ ਦਿੱਤਾ

ਵਿਧਾਨ ਸਭਾ ਚੋਣਾਂ ਲਈ ਸੰਗਠਨਾਤਮਕ ਰੂਪ ’ਚ ਖੁਦ ਨੂੰ ਮਜ਼ਬੂਤ ਕਰਨ ਦੀ ਕਵਾਇਦ ’ਚ ਲੱਗੀ ਕਾਂਗਰਸ ਮਹਿੰਗਾਈ, ਬੇਰੁਜ਼ਗਾਰੀ ਅਤੇ ਕਿਸਾਨਾਂ ਦੇ ਮੁੱਦੇ ’ਤੇ ਮੈਦਾਨ ’ਚ ਉੱਤਰਨ ਦੀ ਤਿਆਰੀ ਕਰ ਰਹੀ ਹੈ ਮਹਿੰਗਾਈ ’ਤੇ ਮੋਦੀ ਸਰਕਾਰ ਨੂੰ ਘੇਰਨ ਲਈ ਬੀਤੇ ਐਤਵਾਰ ਨੂੰ ਰਾਜਸਥਾਨ ਦੀ ਰਾਜਧਾਨੀ ਪਿੰਕ ਸਿਟੀ ਜੈਪੁਰ ਦੇ ਵਿੱਦਿਆਧਰ ਨਗਰ ਸਟੇਡੀਅਮ ’ਚ ਹੋਈ ‘ਮਹਿੰਗਾਈ ’ਤੇ ਮਹਾਂਰੈਲੀ’ ਜਰੀਏ ਕਾਂਗਰਸ ਨੇ ਜਨਤਾ ਦੀ ਨਬਜ਼ ’ਤੇ ਹੱਥ ਰੱਖਣ ਦਾ ਯਤਨ ਕੀਤਾ ਪੂਰਾ ਗਾਂਧੀ ਪਰਿਵਾਰ ਪੀਐਮ ਮੋਦੀ ਅਤੇ ਕੇਂਦਰ ਸਰਕਾਰ ’ਤੇ ਮਹਿੰਗਾਈ ਦੇ ਮੁੱਦੇ ’ਤੇ ਜੰਮ ਕੇ ਵਰਿ੍ਹਆ ਪਰ ਬਿਡੰਬਨਾ ਹੀ ਹੈ ਕਿ ਮਹਿੰਗਾਈ ਹਟਾਓ ਮਹਾਂਰੈਲੀ ਜਰੀਏ ਰਾਹੁਲ ਗਾਂਧੀ ਦਾ ਹਿੰਦੂ ਬਨਾਮ ਹਿੰਦੂਤਵਵਾਦੀ ਦਾ ਬਿਆਨ ਪੂਰੇ ਦੇਸ਼ ’ਚ ਚਰਚਾ ਦਾ ਮੁੱਦਾ ਬਣ ਗਿਆ ਅਤੇ ਮਹਿੰਗਾਈ ਦਾ ਮੁੱਦਾ ਹਾਸ਼ੀਏ ’ਤੇ ਚਲਾ ਗਿਆ ਇਸ ਰੈਲੀ ’ਚ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ’ਚ ਦੱਸਿਆ ਕਿ ਮਹਿੰਗਾਈ ਸ਼ਬਦ ਦੀ ਵਰਤੋਂ ਸਿਰਫ਼ ਇੱਕ ਵਾਰ ਕੀਤੀ ਜਦੋਂਕਿ 35 ਵਾਰ ਹਿੰਦੂ ਅਤੇ 26 ਵਾਰ ਹਿੰਦੂਤਵਵਾਦੀ ਸ਼ਬਦ ਦੀ ਵਰਤੋਂ ਕੀਤੀ

ਅਗਲੇ ਸਾਲ ਪੰਜ ਰਾਜਾਂ ’ਚ ਚੋਣਾਂ ਹੋਣ ਵਾਲੀਆਂ ਹਨ ਤਾਂ ਕੀ ਸਿਆਸੀ ਪਾਰਟੀਆਂ ਲਈ ਮਹਿੰਗਾਈ ਇੱਕ ਮੁੱਦਾ ਹੋ ਸਕਦਾ ਹੈ? ਜਾਣਕਾਰ ਕਹਿੰਦੇ ਹਨ ਕਿ ਕਮਜ਼ੋਰ ਵਿਰੋਧੀ ਧਿਰ ਹੁਣ ਤੱਕ ਵਧਦੀਆਂ ਕੀਮਤਾਂ ਦਾ ਮੁੱਦਾ ਬਣਾਉਣ ’ਚ ਅਸਮਰੱਥ ਰਿਹਾ ਹੈ, ਇਸ ਲਈ ਸਰਕਾਰ ਵੀ ਮਹਿੰਗਾਈ ਨੂੰ ਰੋਕਣ ਲਈ ਕੋਈ ਠੋਸ ਯਤਨ ਨਹੀਂ ਕਰ ਰਹੀ ਹੈ ਪਰ ਮਹਿੰਗਾਈ ਇੱਕ ਮੁੱਦਾ ਤਾਂ ਹੈ ਇਤਿਹਾਸ ਵੀ ਗਵਾਹ ਹੈ ਕਿ ਅਸਧਾਰਨ ਰੂਪ ’ਚ ਮਹਿੰਗਾਈ ਜਦੋੋਂ ਵੀ ਵਧੀ ਹੈ ਸਿਆਸੀ ਉਥਲ-ਪੁਥਲ ਮੱਚੀ ਹੈ

ਕੋਰੋਨਾ ਸੰਕਟ ਤੋਂ ਉੱਭਰ ਰਹੇ ਦੇਸ਼ ’ਚ ਆਮ ਆਦਮੀ ਦੀ ਆਮਦਨ ਦੇ ਸਰੋਤਾਂ ਦਾ ਸੁੰਗੜਨਾ ਹਾਲੇ ਤੱਕ ਆਮ ਨਹੀਂ ਹੋ ਸਕਿਆ ਹੈ ਕਈ ਉਦਯੋਗਾਂ ਅਤੇ ਸੇਵਾ ਖੇਤਰ ’ਚ ਕਰੋੜਾਂ ਲੋਕਾਂ ਨੇ ਰੁਜ਼ਗਾਰ ਗੁਆਇਆ ਹੈ ਉਨ੍ਹਾਂ ਦੀ ਆਮਦਨ ਘੱਟ ਹੋਈ ਅਜਿਹੇ ’ਚ ਆਏ ਦਿਨ ਵਧਦੀ ਮਹਿੰਗਾਈ ਬੇਹੱਦ ਕਸ਼ਟਦਾਇਕ ਹੈ ਗਰੀਬ ਆਦਮੀ ਦੀ ਥਾਲੀ ’ਚੋਂ ਸਬਜ਼ੀ ਗਾਇਬ ਹੋਣ ਲੱਗੀ ਹੈ ਆਮ ਆਦਮੀ ਦੇ ਘਰ ’ਚ ਆਮ ਜ਼ਰੂਰਤਾਂ ਲਈ ਵਰਤੋਂ ਹੋਣ ਵਾਲਾ ਸਰੋ੍ਹਂ ਦਾ ਤੇਲ ਦੋ ਸੌ ਰੁਪਏ ਲੀਟਰ ਤੋਂ ਜਿਆਦਾ ਹੋਣਾ ਬੇਹੱਦ ਹੈਰਾਨੀ ਵਾਲਾ ਹੈ

ਹਾਲ ਹੀ ਦੇ ਦਿਨਾਂ ’ਚ ਟਮਾਟਰ ਸੌ ਰੁਪਏ ਤੱਕ ਵਿਕਣਾ ਬੇਹੱਦ ਪ੍ਰੇਸ਼ਾਨ ਕਰਨਾ ਵਾਲਾ ਰਿਹਾ ਐਨਾ ਹੀ ਨਹੀਂ, ਸਰਦੀ ਦੇ ਮੌਸਮ ’ਚ ਹਰਮਨਪਿਆਰੀਆਂ ਸਬਜ਼ੀਆਂ ਆਮ ਤੌਰ ’ਤੇ ਗੋਭੀ ਅਤੇ ਮਟਰ ਦੇ ਰੇਟ ਵੀ ਆਮ ਨਹੀਂ ਰਹੇ ਹਨ ਪਿਆਜ਼ ਦਾ ਭਾਅ ਵੀ ਚੜ੍ਹਦਾ-ਉੁਤਰਦਾ ਰਹਿੰਦਾ ਹੈ ਉੱਥੇ ਪੈਟਰੋਲ-ਡੀਜ਼ਲ ਦੇ ਰੇਟ ਕਈ ਥਾਵਾਂ ’ਤੇ ਸੌ ਨੂੰ ਪਾਰ ਕਰਨ ਦਾ ਵੀ ਮਹਿੰਗਾਈ ’ਤੇ ਖਾਸਾ ਅਸਰ ਪਿਆ ਹੈ ਫ਼ਿਲਹਾਲ, ਮਹਿੰਗਾਈ ’ਤੇ ਸਿਆਸੀ ਪਾਰਟੀਆਂ ਦੀ ਉਦਾਸੀਨਤਾ ਆਮ ਆਦਮੀ ਨੂੰ ਪ੍ਰੇਸ਼ਾਨ ਜ਼ਰੂਰ ਕਰਦੀ ਹੈ ਸਿਆਸੀ ਮਾਹਿਰਾਂ ਮੁਤਾਬਿਕ, ਪਹਿਲਾਂ ਬੀਜੇਪੀ ਜਦੋਂ ਵਿਰੋਧੀ ਧਿਰ ’ਚ ਸੀ ਜ਼ੋਰ-ਸ਼ੋਰ ਨਾਲ ਮਹਿੰਗਾਈ ’ਤੇ ਕਾਂਗਰਸ ਪਾਰਟੀ ਨੂੰ ਘੇਰਦੀ ਸੀ, ਪਰ ਮੋਦੀ ਸਰਕਾਰ ਖਿਲਾਫ ਕਾਂਗਰਸ ਪਾਰਟੀ ਮਹਿੰਗਾਈ ਨੂੰ ਅੱਜ ਤੱਕ ਮੁੱਦਾ ਨਹੀਂ ਬਣਾ ਸਕੀ ਇਹੀ ਵਜ੍ਹਾ ਹੈ ਕਿ ਆਮ ਆਦਮੀ ਦੀ ਕੋਈ ਨਹੀਂ ਸੁਣ ਰਿਹਾ ਅਤੇ ਮੀਡੀਆ ’ਚ ਸਿਰਫ਼ ਸਰਕਾਰ ਦਾ ਗੁਣਗਾਨ ਚੱਲ ਰਿਹਾ ਹੈ

ਉੁਥੇ ਪਿਛਲੇ ਦਿਨੀਂ ਭਾਰਤ ਸਰਕਾਰ ਦੇ ਸਾਂਖਿਅਕੀ (ਅੰਕੜੇ) ਮੰਤਰਾਲੇ ਨੇ ਉਦਯੋਗਿਕ ਉਤਪਾਦਨ, ਵਿਕਾਸ ਸੂਚਕ ਅੰਕ ਦੇ ਅੰਕੜੇ ਜਾਰੀ ਕੀਤੇ ਹਨ, ਜੋ ਅਰਥਵਿਵਸਥਾ ਦੀ ਧੁੰਦਲੀ ਤਸਵੀਰ ਪੇਸ਼ ਕਰਦੇ ਹਨ ਫ਼ਿਲਹਾਲ ਬਿਲਕੁਲ ਨਕਾਰਾਤਮਕ ਸਥਿਤੀ ਦੇ ਆਸਾਰ ਨਹੀਂ ਹਨ, ਪਰ ਮੌਜੂਦਾ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ, ਜੁਲਾਈ-ਦਸੰਬਰ, 2021, ’ਚ ਅਰਥਵਿਵਸਥਾ ਦੀ ਜੋ ਵਿਕਾਸ ਦਰ 8.4 ਫੀਸਦੀ ਮਾਪੀ ਗਈ ਸੀ, ਉਹ ਅਕਤੂਬਰ-ਨਵੰਬਰ ਦੌਰਾਨ ਘਟੀ ਹੈ ਹੈਰਾਨੀ ਹੈ ਕਿ ਇਹ ਦੋਵੇਂ ਮਹੀਨੇ ਤਿਉਹਾਰੀ ਰਹੇ ਹਨ, ਪਰ ਉਪਭੋਗਤਾ ਦੀ ਔਸਤ ਮੰਗ ਅਤੇ ਉਸ ਨਾਲ ਜੁੜੀਆਂ ਵਸਤੂਆਂ ਦੀ ਵਿੱਕਰੀ ’ਚ ਵਾਧਾ ਨਹੀਂ ਹੋਇਆ ਹੈ ਉਦਯੋਗਿਕ ਖੇਤਰ ਦੇ ਮਹੱਤਵਪੂਰਨ ਖਨਨ ਖੇਤਰ ਦੀ ਵਿਕਾਸ ਦਰ 20 ਫੀਸਦੀ ਤੋਂ ਜ਼ਿਆਦਾ ਸੀ, ਉਹ ਘਟ ਕੇ 11.4 ਫੀਸਦੀ ’ਤੇ ਆ ਗਈ ਹੈ

ਬੇਰੁਜ਼ਗਾਰੀ ਦੇ ਨਾਲ ਮਹਿੰਗਾਈ ਵੀ ਮੌਜੂਦ ਹੈ ਹਲਾਂਕਿ ਇਸ ਦੌਰਾਨ ਜੀਐਸਟੀ ਸੰਗ੍ਰਹਿ 1.31 ਲੱਖ ਕਰੋੜ ਰੁਪਏ ਦੇ ਰਿਕਾਰਡ ਨੂੰ ਛੂਹ ਚੁੱਕਾ ਹੈ, ਫ਼ਿਰ ਵੀ ਉਦਯੋਗਿਕ ਉਤਪਾਦਨ ਅਤੇ ਵਿਕਾਸ ਦੀ ਦਰ 3.2 ਫੀਸਦੀ ਹੀ ਹੈ ਦਰਅਸਲ ਤਿਉਹਾਰੀ ਮੌਸਮ ਹੋਣ ਦੇ ਬਾਵਜੂਦ ਅਕਤੂਬਰ-ਨਵੰਬਰ ਦੇ ਮਹੀਨਿਆਂ ’ਚ ਉਪਭੋਗਤਾ ਵਸਤੂਆਂ ’ਚ -6.1 ਫੀਸਦੀ ਦੀ ਗਿਰਾਵਟ ਆਈ ਹੈ, ਜਾਹਿਰ ਹੈ ਕਿ ਬਜਾਰ ’ਚ ਆਮ ਆਦਮੀ ਦੀ ਮੰਗ ਬੇਹੱਦ ਘੱਟ ਹੈ ਮੰਗ ਘੱਟ ਹੈ, ਮਹਿੰਗਾਈ ਹੱਦਾਂ ਪਾਰ ਕਰ ਚੁੱਕੀ ਹੈ, ਤਾਂ ਉਦਯੋਗਿਕ ਉਤਪਾਦਨ ਅਤੇ ਮੰਗ ’ਤੇ ਹੀ ਅਸਰ ਪਵੇਗਾ

ਅਰਥਸ਼ਾਸਤਰੀਆਂ ਅਨੁਸਾਰ, ਸਾਡੀ ਵਿਵਸਥਾ ’ਚ ਇਹ ਨਕਾਰਾਤਮਕਤਾ ਅਸਥਾਈ ਹੈ ਸੰਭਵ ਹੈ ਕਿ ਕੋਰੋਨਾ ਦੇ ‘ਓਮੀਕਰੋਨ’ ਵੈਰੀਐਂਟ ਦੀਆਂ ਖ਼ਬਰਾਂ ਨੇ ਕੁਝ ਬੇਯਕੀਨੀ ਪੈਦਾ ਕੀਤੀ ਹੋਵੇ, ਪਰ ਹਾਲੇ ਤੱਕ ਤਾਂ ਇਸ ਦਾ ਸੰਕਮਰਣ ਭਾਰਤ ਦੇ ਸੰਦਰਭ ’ਚ ਅਜਿਹਾ ਨਹੀਂ ਲੱਗ ਰਿਹਾ ਹੈ ਕਿ ਲਾਕਡਾਊਨ ਦੇ ਆਸਾਰ ਪੈਦਾ ਹੋਣ ਇੱਕ ਸਾਬਕਾ ਵਿੱਤ ਮੰਤਰੀ ਮੁਤਾਬਿਕ, ਜੇਕਰ ਇੱਕ ਮਜ਼ਬੂਤ ਵਿਰੋਧੀ ਧਿਰ ਹੁੰਦਾ ਤਾਂ ਮਹਿੰਗਾਈ ਹੁਣ ਤੱਕ ਇੱਕ ਭਖ਼ਦਾ ਮੁੱਦਾ ਬਣ ਗਈ ਹੁੰਦੀ

ਅੱਜ ਦੇਸ਼ ਦੀ ਆਮ ਜਨਤਾ ਹੈਰਾਨ ਹੈ ਅਤੇ ਉਸ ਨੂੰ ਇਸ ਗੱਲ ਦਾ ਵੀ ਪੂਰਾ-ਪੂਰਾ ਅਹਿਸਾਸ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਸ ਲਈ ਮਹਿੰਗਾਈ ਇੱਕ ਵੱਡੀ ਆਫ਼ਤ ਲਿਆਉਣ ਵਾਲੀ ਰਹੇਗੀ ਪਰ ਉਨ੍ਹਾਂ ਦੀ ਇਸ ਆਫ਼ਤ ’ਤੇ ਵੱਡੀਆਂ-ਵੱਡੀਆਂ ਅਰਥਸ਼ਾਸਤਰੀ ਭਾਸ਼ਾਵਾਂ ਦਾ ਤਾਲਾ ਜੜ ਦਿੱਤਾ ਜਾਵੇਗਾ ਉੱਥੇ ਇਸ ਗੱਲ ਦੀ ਵੀ ਪੂਰੀ ਸੰਭਾਵਨਾ ਹੈ ਕਿ ਚੋਣਾਂ ਆਉਂਦੇ-ਆਉਂਦੇ ਮਹਿੰਗਾਈ ਦੀ ਥਾਂ ’ਤੇ ਮੰਦਿਰ-ਮਸਜਿਦ, ਜਾਤ-ਪਾਤ ਅਤੇ ਦੂਜੇ ਮੁੱਦੇ ਕੇਂਦਰ ’ਚ ਆ ਜਾਣਗੇ
ਰਾਜੇਸ਼ ਮਾਹੇਸ਼ਵਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ