ਇਨਡੋਰ ਸਟੇਡੀਅਮ ਉਚ ਕੋਟੀ ਦੇ ਖਿਡਾਰੀ ਪੈਦਾ ਕਰਨ ‘ਚ ਨਿਭਾਅ ਰਿਹਾ ਮੋਹਰੀ ਰੋਲ

Indoor, Stadium, High Rolling, Leading Role, Playing, Player

ਬਾਕਸਿੰਗ ‘ਚ 24 ਗੋਲਡ ਸਮੇਤ 128 ਰਾਸ਼ਟਰੀ ਤੇ ਰਾਜ ਪੱਧਰੀ ਮੈਡਲ ਜਿੱਤ ਚੁੱਕੇ ਨੇ ਹੋਣਹਾਰ ਬਾਕਸਰ

  • ਖਿਡਾਰੀਆਂ ਦੀ ਵਧੀਆ ਕਾਰਗੁਜ਼ਾਰੀ ਹੀ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਬਣਾ ਸਕਦੀ ਹੈ ਸਫ਼ਲ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, (ਰਾਜੀਵ ਸ਼ਰਮਾ/ਸੱਚ ਕਹੂੰ ਨਿਊਜ਼)। ਸਥਾਨਕ ਇਨਡੋਰ ਸਟੇਡੀਅਮ ਉਚ ਕੋਟੀ ਦੇ ਖਿਡਾਰੀ ਪੈਦਾ ਕਰਕੇ ਪੰਜਾਬ ਸਰਕਾਰ ਦੀ ‘ਮਿਸ਼ਨ ਤੰਦਰੁਸਤ ਪੰਜਾਬ’ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਕਾਰਗਰ ਸਾਬਤ ਹੋ ਰਿਹਾ ਹੈ। ਇੱਥੇ ਜ਼ਿਲ੍ਹਾ ਖੇਡ ਵਿਭਾਗ ਵੱਲੋਂ ਵੱਖ-ਵੱਖ ਖੇਡਾਂ ਤੋਂ ਇਲਾਵਾ ਬਾਕਸਿੰਗ ਦੀ ਕੋਚਿੰਗ ਬਿਲਕੁੱਲ ਮੁਫ਼ਤ ਦਿੱਤੀ ਜਾ ਰਹੀ ਹੈ, ਜਿਸ ਦੀ ਬਦੌਲਤ ਜਿੱਥੇ ਖਿਡਾਰੀਆਂ ਨੇ 24 ਗੋਲਡ ਸਮੇਤ 128 ਰਾਸ਼ਟਰੀ ਤੇ ਰਾਜ ਪੱਧਰੀ ਮੈਡਲ ਜਿੱਤੇ ਹਨ, ਉਥੇ ਇਸ ਸਟੇਡੀਅਮ ਤੋਂ ਸਿਖਲਾਈ ਪ੍ਰਾਪਤ ਕਰਕੇ ਬਾਕਸਰ ਏਕਤਾ ਸਰੋਜ ਨੇ ਪੀ.ਆਈ.ਐਸ. ਵਲੋਂ ਖੇਡਦਿਆਂ ਅੰਤਰਰਾਸ਼ਟਰੀ ਪੱਧਰ ‘ਤੇ ਗੋਲਡ ਜਿੱਤ ਕੇ ਪੂਰੀ ਦੁਨੀਆਂ ਵਿੱਚ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਟੇਡੀਅਮ ਵਿੱਚ ਵੱਖ-ਵੱਖ ਕੋਚਾਂ ਵਲੋਂ ਕੋਚਿੰਗ ਦੇ ਕੇ ਖਿਡਾਰੀਆਂ ਨੂੰ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਰਿਹਾ ਹੈ।   ਉਨ੍ਹਾਂ ਦੱਸਿਆ ਕਿ ਬੱਚਿਆਂ ਅਤੇ ਨੌਜਵਾਨਾਂ ਦੀ ਖੇਡਾਂ ਵਿੱਚ ਰੁਚੀ ਹੀ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਬਣਾ ਸਕਦੀ ਹੈ ਅਤੇ ਇਹ ਰੁਚੀ ਪੈਦਾ ਕਰਨ ਲਈ ਇਨਡੋਰ ਸਟੇਡੀਅਮ ਇਕ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਸਥਿਤ ਇਨਡੋਰ ਸਟੇਡੀਅਮ ਦੇ ਨਾਲ-ਨਾਲ ਆਊਟਡੋਰ ਸਟੇਡੀਅਮ ਵਿੱਚ ਵੀ ਜਿਲ੍ਹੇ ਦੇ ਖੇਡ ਵਿਭਾਗ ਵਲੋਂ ਵੱਖ-ਵੱਖ ਖੇਡਾਂ ਤਹਿਤ ਖਿਡਾਰੀਆਂ ਨੂੰ ਉਚ ਮੁਕਾਮ ਛੂਹਣ ਦੇ ਕਾਬਲ ਬਣਾਇਆ ਜਾ ਰਿਹਾ ਹੈ।

ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਨਡੋਰ ਸਟੇਡੀਅਮ ਵਿੱਚ ਕੋਚ ਸ੍ਰੀ ਹਰਜੰਗ ਸਿੰਘ ਵਲੋਂ ਮੁਫ਼ਤ ਬਾਕਸਿੰਗ ਦੀ ਕੋਚਿੰਗ ਦਿੱਤੀ ਜਾ ਰਹੀ ਹੈ, ਜਿਸ ਸਦਕਾ 2014 ਤੋਂ ਹੁਣ ਤੱਕ 128 ਰਾਸ਼ਟਰੀ ਅਤੇ ਰਾਜ ਪੱਧਰੀ ਮੈਡਲ ਜ਼ਿਲ੍ਹੇ ਦੇ ਹੋਣਹਾਰ ਬਾਕਸਰਾਂ ਵਲੋਂ ਜਿੱਤੇ ਜਾ ਚੁੱਕੇ ਹਨ। ਇਨ੍ਹਾਂ ਮੈਡਲਾਂ ਵਿੱਚ 24 ਗੋਲਡ, 38 ਸਿਲਵਰ ਅਤੇ 66 ਕਾਂਸੇ ਦੇ ਤਮਗੇ ਸ਼ਾਮਲ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।