ਸ਼ਕਤੀ ਸੰਤੁਲਨ ’ਚ ਵਧ ਰਹੀ ਬਰਬਾਦੀ

Power

ਰੂਸ ਤੇ ਯੂਕਰੇਨ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ। ਭਾਰੀ ਤਬਾਹੀ ਤੇ ਜਾਨੀ ਨੁਕਸਾਨ ਦੇ ਬਾਵਜੂਦ ਦੋਵੇਂ ਧਿਰਾਂ ਅੜੀਆਂ ਹੋਈਆਂ ਹਨ। ਅਸਲ ’ਚ ਇਹ ਮਸਲਾ ਰੂਸ ਤੇ ਯੂਕਰੇਨ ਤੱਕ ਸੀਮਿਤ ਨਹੀਂ ਸਗੋਂ ਮਹਾਂਸ਼ਕਤੀਆਂ ਦੇ ਗੱੁਟਾਂ ਦੇ ਸ਼ਕਤੀ ਸੰਤੁਲਨ ਦਾ ਹੈ। ਹੁਣ ਇਸ ਮਾਮਲੇ ’ਚ ਜਪਾਨ ਦੀ ਨਵੀਂ ਐਂਟਰੀ ਹੋ ਗਈ ਹੈ। ਜਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਯੂਕਰੇਨ ਦੇ ਦੌਰੇ ਮੌਕੇ ਯੂਕਰੇਨ ਦੇ ਜਾਂਬਾਜ ਫੌਜੀਆਂ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ ਰੂਸੀ ਹਮਲਿਆਂ ਦਾ ਸਾਹਮਣਾ ਕੀਤਾ।

ਜਪਾਨ ਵੱਲੋਂ ਕੀਤੀ ਗਈ ਇਹ ਪ੍ਰਸੰਸਾ ਅਸਲ ’ਚ ਜਪਾਨ-ਚੀਨ ਟਕਰਾਅ ਨੂੰ ਸਾਹਮਣੇ ਲਿਆਉਂਦੀ ਹੈ। ਤਾਈਵਾਨ ਮਾਮਲੇ ’ਚ ਜਪਾਨ ਚੀਨ ਨੂੰ ਕਮਜ਼ੋਰ ਕਰਨ ਅਤੇ ਆਪਣੇ ਨਿਸ਼ਾਨੇ ’ਤੇ ਰੱਖਣ ਲਈ ਯੂਕਰੇਨ ਸੰਦਰਭ ਨੂੰ ਵਰਤ ਰਿਹਾ ਹੈ। ਚੀਨ ਪਹਿਲਾਂ ਹੀ ਜਪਾਨ ਦੀ ਫੌਜੀ ਤਾਕਤ ਨੂੰ ਪ੍ਰੇਸ਼ਾਨੀ ਦੱਸ ਰਿਹਾ ਹੈ।

ਸ਼ਕਤੀ ਸੰਤੁਲਨ ’ਚ ਵਧ ਰਹੀ ਬਰਬਾਦੀ | Power

ਉਂਜ ਵੀ ਜਪਾਨ ਜੀ-7 ਦਾ ਮੈਂਬਰ ਹੈ ਤੇ ਇੱਕ ਮਹੱਤਵਪੂਰਨ ਸੰਗਠਨ ਦੇ ਮੈਂਬਰ ਵੱਲੋਂ ਰੂਸ-ਯੂਕਰੇਨ ਜੰਗ ਦੇ ਪ੍ਰਸੰਗ ਤੇ ਉਸ ਦੀ ਵਿਆਖਿਆ ਨੂੰ ਸ਼ਕਤੀ ਸੰਤੁਲਨ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਦੂਜੇ ਪਾਸੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਮਾਸਕੋ ਦਾ ਦੌਰਾ ਇਸ ਗੁੱਟ ਦੀਆਂ ਜ਼ਰੂਰਤਾਂ ਤੇ ਉਦੇਸ਼ਾਂ ਨੂੰ ਸਪੱਸ਼ਟ ਕਰਦਾ ਹੈ। ਭਾਵੇਂ ਇਸ ਗੱਲ ਦੀ ਚਰਚਾ ਹੈ ਕਿ ਜਿਨਪਿੰਗ ਪੁਤਿਨ ਨੂੰ ਜੰਗ ਰੋਕਣ ਦੇ ਸੁਝਾਅ ਦੇ ਰਹੇ ਹਨ ਫ਼ਿਰ ਵੀ ਇਹ ਮੁਲਾਕਾਤ ਅਮਰੀਕਾ ਤੇ ਉਸ ਦੇ ਹਮਾਇਤੀ ਮੁਲਕਾਂ ਲਈ ਵੱਖਰੇ ਅਰਥ ਰੱਖਦੀ ਹੈ। ਅਜਿਹੇ ਹਾਲਾਤਾਂ ’ਚ ਇਹ ਕਹਿਣਾ ਬੜਾ ਔਖਾ ਹੈ ਕਿ ਕੋਈ ਵੀ ਬਾਹਰਲਾ ਮੁਲਕ ਰੂਸ ਜਾਂ ਯੂਕਰੇਨ ’ਤੇ ਜੰਗ ਰੋਕਣ ਲਈ ਕੋਈ ਖਾਸ ਦਬਾਅ ਜਾਂ ਪ੍ਰਭਾਵ ਬਣਾ ਸਕੇ।

ਰੂਸੀ ਰਾਸ਼ਟਰਪਤੀ ਦਾ ਯੂਕਰੇਨ ਤੋਂ ਕਬਜ਼ਾਏ ਗਏ ਮਾਰੀਆਪੋਲ ਸ਼ਹਿਰ ਦਾ ਦੌਰਾ ਵੀ ਇਸ ਜੰਗ ਦੇ ਨਾ ਰੁਕਣ ਦਾ ਹੀ ਸੰਕੇਤ ਦੇ ਰਿਹਾ ਹੈ। ਖਾਸ ਤੌਰ ’ਤੇ ਇਸ ਕਰਕੇ ਕਿ ਅਮਰੀਕਾ ਯੂਰਪੀ ਮੁਲਕਾਂ ਤੋਂ ਬਾਅਦ ਜਪਾਨ ਵੱਲੋਂ ਵੀ ਯੂਕਰੇਨ ਦੀ ਮੱਦਦ ਦਾ ਇਸ਼ਾਰਾ ਮਿਲ ਗਿਆ ਹੈ। ਅਸਲ ’ਚ ਹਿੱਤਾਂ ਅਤੇ ਸ਼ਕਤੀਆਂ ਦੀ ਇਸ ਲੜਾਈ ’ਚ ਮਾਨਵਤਾ ਦਾ ਘਾਣ ਹੋ ਰਿਹਾ ਹੈ। ਸ਼ਾਂਤੀ ਦੀਆਂ ਅਪੀਲਾਂ ਅਸਰ ਨਹੀਂ ਵਿਖਾ ਰਹੀਆਂ ਹਨ। ਅਮਨ ਲਈ ਬਣੇ ਕੌਮਾਂਤਰੀ ਸੰਗਠਨ ਕੋਈ ਅਸਰ ਨਹੀਂ ਵਿਖਾ ਰਹੇ। ਇਸ ਘਟਨਾਚੱਕਰ ਨੇ ਇੱਕ ਵਾਰ ਸਾਬਤ ਕਰ ਦਿੱਤਾ ਹੈ ਕਿ ਭੌਤਿਕ ਤਰੱਕੀ ਹੀ ਮਨੁੱਖ ਦੀ ਪ੍ਰਾਪਤੀ ਨਹੀਂ। ਵਿਕਾਸ ਤੇ ਤਕਨੀਕ ਦੀਆਂ ਬੁਲੰਦੀਆਂ ਛੋਹ ਕੇ ਵਿਗਿਆਨ ਦੀ ਵਰਤੋਂ ਮਨੁੱਖ-ਮਾਰੂ ਕੰਮਾਂ ਲਈ ਕੀਤੀ ਜਾ ਰਹੀ ਹੈ।

ਤਾਕਤਵਰ ਮੁਲਕਾਂ ਦੀ ਆਰਥਿਕਤਾ ਨੂੰ ਕੀਤਾ ਕਮਜ਼ੋਰ

ਲਾਸ਼ਾਂ ਦੇ ਢੇਰ ’ਤੇ ਸ਼ਕਤੀ ਸੰਤੁਲਨ ਦੀ ਤਲਾਸ਼ ਬੇਹੱਦ ਨਿਰਾਸ਼ਾਜਨਕ ਦੌਰ ਹੈ। ਕੂਟਨੀਤੀ ਵੀ ਕਪਟ ਦਾ ਰੂਪ ਨਜ਼ਰ ਆ ਰਹੀ ਹੈ। ਚੰਗਾ ਹੋਵੇ ਜੇਕਰ ਤਾਕਤਵਰ ਮੁਲਕ ਇਹ ਬਰਬਾਦੀ ਦੀ ਖੇਡ ਦਾ ਖਹਿੜਾ ਛੱਡ ਕੇ ਜੰਗ ’ਚ ਖਰਚ ਹੋ ਰਹੇ ਬੇਸ਼ੁਮਾਰ ਸਰਮਾਏ ਨੂੰ ਦੁਨੀਆ ਭਰ ਦੀ ਗੁਰਬਤ, ਅਨਪੜ੍ਹਤਾ ਅਤੇ ਸਿਹਤ ਸੇਵਾਵਾਂ ਦੀ ਘਾਟ ਨੂੰ ਦੂਰ ਕਰਨ ਲਈ ਖਰਚਣ।

ਜੰਗ ਦੀ ਇਸ ਖੇਡ ਨੇ ਤਾਕਤਵਰ ਮੁਲਕਾਂ ਦੀ ਆਰਥਿਕਤਾ ਨੂੰ ਕਮਜ਼ੋਰ ਕੀਤਾ ਹੈ ਪਰ ਕਈ ਦਹਾਕਿਆਂ ਮਗਰੋਂ ਗਲਤੀਆਂ ਤੇ ਪਛਤਾਵੇ ਦਾ ਕੋਈ ਫਾਇਦਾ ਨਹੀਂ। ਹਿੰਡ-ਜਿੱਦ ਨਾਲ ਕੀਤੀਆਂ ਜੰਗਾਂ ’ਚ ਨੁਕਸਾਨ ਦੀ ਪੂਰਤੀ ਨਹੀਂ ਹੋ ਸਕਦੀ। ਅਮਰੀਕਾ ਵੱਲੋਂ ਇਰਾਕ ’ਤੇ ਕੀਤੇ ਗਏ ਹਮਲਿਆਂ ਨੂੰ ਇੱਕ ਵੱਡੀ ਗਲਤੀ ਹੋਣ ਦੀ ਚਰਚਾ ਵੀ ਇਤਿਹਾਸ ਦਾ ਕਾਲਾ ਪੰਨਾ ਸਾਬਤ ਹੋਇਆ ਹੈ। ਚੰਗਾ ਹੋਵੇ ਜੇਕਰ ਤਾਕਤਵਰ ਮੁਲਕ ਅਮਨ ਤੇ ਖੁਸ਼ਹਾਲੀ ਦਾ ਸੰਕਲਪ ਲੈ ਕੇ ਅੱਗੇ ਵਧਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।