ਕਾਂਗਰਸ ਨੇ ਸਵ. ਸੰਸਦ ਮੈਂਬਰ ਸੰਤੋਖ ਚੌਧਰੀ ਦੀ ਪਤਨੀ ਨੂੰ ਦਿੱਤੀ ਟਿਕਟ

Santokh Chaudhary

ਸੰਤੋਖ ਸਿੰਘ ਚੌਧਰੀ ਦੀ  ਭਾਰਤ ਜੋੜੋ ਯਾਤਰਾ ਦੌਰਾਨ ਹੋਈ ਸੀ ਮੌਤ

ਜਲੰਧਰ। ਕਾਂਗਰਸ ਨੇ ਜਲੰਧਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਵਿੱਚ ਮਰਹੂਮ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦੇ ਦਿੱਤੀ ਹੈ। ਨਿਯਮਾਂ ਮੁਤਾਬਕ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ‘ਤੇ 6 ਮਹੀਨਿਆਂ ਦੇ ਅੰਦਰ ਉਪ ਚੋਣ ਕਰਵਾਉਣੀ ਜ਼ਰੂਰੀ ਹੈ। ਜਿਸ ਦੀ ਛੇ ਮਹੀਨਿਆਂ ਦੀ ਮਿਆਦ ਜੁਲਾਈ ਵਿੱਚ ਖਤਮ ਹੋ ਰਹੀ ਹੈ। ਕਾਂਗਰਸ ਨੇ ਇਸ ਤੋਂ ਪਹਿਲਾਂ ਹੀ ਸਵ. ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਐਲਾਨ ਦਿੱਤਾ ਹੈ।

ਜਿਕਰਯੋਗ ਹੈ ਕਿ ਸੰਤੋਖ ਚੌਧਰੀ ਦੀ ਇਸ ਸਾਲ 14 ਜਨਵਰੀ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਮੌਕੇ ’ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਦੱਸ ਦਈਏ ਕਿ ਸੰਤੋਖ ਸਿੰਘ ਚੌਧਰੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਨ। ਚੌਧਰੀ ਸੰਤੋਖ ਸਿੰਘ ਲਗਾਤਾਰ ਜਲੰਧਰ ਤੋਂ ਦੋ ਵਾਰ ਲੋਕ ਸਭਾ ਦੇ ਸੰਸਦ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੇ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ।

ਸੰਤੋਖ ਸਿੰਘ ਚੌਧਰੀ ਨੂੰ ਵਿਰਾਸਤ ’ਚ ਮਿਲੀ ਸਿਆਸਤ

ਸੰਤੋਖ ਸਿੰਘ ਚੌਧਰੀ ਦਾ ਜਨਮ 18 ਜੂਨ 1946 ਨੂੰ ਨਕੋਦਰ ਵਿਖੇ ਪਿੰਡ ਧਾਲੀਵਾਲ ’ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਮਾਸਟਰ ਗੁਰਬੰਤਾ ਸਿੰਘ ਅਤੇ ਮਾਤਾ ਦਾ ਨਾਂਅ ਸੰਪੂਰਨ ਕੌਰ ਹੈ। ਸੰਤੋਖ ਸਿੰਘ ਚੌਧਰੀ ਨੇ ਬੀ. ਏ. ਅਤੇ ਐੱਲ. ਐੱਲ. ਬੀ. ਦੀ ਪੜ੍ਹਾਈ ਕੀਤੀ ਹੋਈ ਸੀ। ਪੇਸ਼ੇ ਤੋਂ ਕਿ੍ਰਮੀਨਲ ਵਕੀਲ ਚੌਧਰੀ ਸੰਤੋਖ ਸਿਘ ਨੂੰ ਸਿਆਸਤ ਵਿਰਾਸਤ ’ਚ ਮਿਲੀ।

ਇਨ੍ਹਾਂ (Santokh Singh Chaudhary) ਦੇ ਪਿਤਾ ਮਾਸਟਰ ਗੁਰਬੰਤਾ ਸਿੰਘ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਲੀਡਰ ਰਹੇ ਹਨ, ਜੋ ਪੰਜਾਬ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਮੰਤਰੀ ਰਹੇ। ਉਥੇ ਹੀ ਸੰਤੋਖ ਸਿੰਘ ਚੌਧਰੀ ਦੇ ਵੱਡੇ ਭਰਾ ਜਗਜੀਤ ਸਿੰਘ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਸਨ ਅਤੇ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਰੂਪ ’ਚ ਵੱਡੇ ਅਨੁਸੂਚਿਤ ਜਾਤੀ ਦੇ ਚਿਹਰੇ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਸਨ।

ਸੰਤੋਖ ਸਿੰਘ ਚੌਧਰੀ ਦੇ ਸਿਆਸੀ ਪਿਛੋਕੜ ਬਾਰੇ ਜਾਣੋ

ਜਲੰਧਰ ਤੋਂ ਮੌਜੂਦਾ ਸਾਂਸਦ ਸੰਤੋਖ ਸਿੰਘ ਚੌਧਰੀ (Santokh Singh Chaudhary Deth) ਨੇ 1978 ’ਚ ਪੰਜਾਬ ਯੂਥ ਕਾਂਗਰਸ ਦੇ ਵਾਈਸ ਪ੍ਰੈਜ਼ੀਡੈਂਟ ਦੇ ਰੂਪ ’ਚ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਪਰਿਵਾਰਕ ਸੀਟ ਕਰਤਾਰਪੁਰ ਤੋਂ ਵੱਡੇ ਭਰਾ ਦੇ ਸਰਗਰਮ ਹੋਣ ਕਾਰਨ ਫਿਲੌਰ (ਰਿਜ਼ਰਵ) ਵਿਧਾਨ ਸਭਾ ਹਲਕਾ ’ਚ ਆਪਣੀ ਸਿਆਸੀ ਜ਼ਮੀਨ ਤਿਆਰ ਕੀਤੀ। ਸੰਤੋਖ ਚੌਧਰੀ ਸਾਲ 1992 ਤੋਂ 1997 ਤੱਕ ਫਿਲੌਰ ਹਲਕੇ ਤੋਂ ਵਿਧਾਇਕ ਰਹੇ।

ਇਨ੍ਹਾਂ ਚੋਣਾਂ ਦੌਰਾਨ ਬਸਪਾ ਦੇ ਦੇਵ ਰਾਜ ਸੰਧੂ ਨੂੰ ਹਰਾਇਆ ਸੀ। ਸਾਲ 1992 ਤੋਂ 1995 ਤੱਕ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਰਹੇ। ਫਿਰ ਸਿਹਤ ਮੰਤਰਾਲੇ ਦੇ ਸੂਬਾ ਮੰਤਰੀ ਬਣੇ ਅਤੇ ਕੈਬਨਿਟ ਮੰਤਰੀ ਰਹੇ। ਸੰਤੋਖ ਸਿੰਘ ਚੌਧਰੀ 1997 ’ਚ ਫਿਲੌਰ ਹਲਕੇ ’ਚ ਅਕਾਲੀ ਦਲ ਦੇ ਸਰਵਨ ਸਿੰਘ ਫਿਲੌਰ ਤੋਂ ਚੋਣ ਹਾਰ ਗਏ ਸਨ। ਉਹ ਸਾਲ 1997-1998 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ।

ਸਾਲ 2002 ਤੋਂ 2007 ਤੱਕ ਫਿਲੌਰ ਤੋਂ ਕਾਂਗਰਸ ਦੇ ਵਿਧਾਇਕ ਰਹੇ

ਸਾਲ 2002 ਤੋਂ 2007 ਤੱਕ ਸੰਤੋਖ ਸਿੰਘ ਚੌਧਰੀ ਫਿਲੌਰ ਤੋਂ ਕਾਂਗਰਸ ਦੇ ਵਿਧਾਇਕ ਰਹੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਚ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ, ਮੈਡੀਕਲ ਐਜੂਕੇਸ਼ਨ ਮੰਤਰਾਲਾ ਦੇ ਕੈਬਨਿਟ ਮੰਤਰੀ ਰਹੇ। ਫਿਰ ਸਾਲ 2012 ’ਚ ਫਿਲੌਰ ਹਲਕੇ ਤੋਂ ਅਕਾਲੀ ਦਲ ਦੇ ਅਵਿਨਾਸ਼ ਚੰਦਰ ਨਾਲ ਨਜ਼ਦੀਕੀ ਮੁਕਾਬਲੇ ’ਚ 31 ਵੋਟਾਂ ਦੇ ਅੰਤਰ ਨਾਲ ਹਾਰੇ।

ਇਹ ਵੀ ਪੜ੍ਹੋ : ਭਾਰਤ ਜੋੜੋ ਯਾਤਰਾ ਦੌਰਾਨ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ

2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਸੰਤੋਖ ਸਿੰਘ ਚੌਧਰੀ ਦਾ ਮੁਕਾਬਲਾ ਸਿੱਧੇ ਤੌਰ ’ਤੇ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨਾਲ ਸੀ। ਇਨ੍ਹਾਂ ਚੋਣਾਂ ਦੌਰਾਨ ਸੰਤੋਖ ਸਿੰਘ ਚੌਧਰੀ ਕਰੀਬ ਪਵਨ ਟੀਨੂੰ ਤੋਂ 71 ਹਜ਼ਾਰ ਵੋਟਾਂ ਨਾਲ ਜਿੱਤੇ ਸਨ। ਸੰਤੋਖ ਸਿੰਘ ਚੌਧਰੀ ਨੂੰ 380479 (33.56 ਫੀਸਦੀ) ਵੋਟਾਂ ਪਈਆਂ ਜਦਕਿ ਪਵਨ ਕੁਮਾਰ ਟੀਨੂੰ ਨੂੰ 309498 (29.74 ਫੀਸਦੀ) ਵੋਟਾਂ ਪਈਆਂ ਸਨ।

ਇਸ ਦੇ ਬਾਅਦ 2019 ਵਿਚ ਲੋਕ ਸਭਾ ਚੋਣਾਂ ਜਿੱਤ ਕੇ ਜਲੰਧਰ ਤੋਂ ਸੰਸਦ ਮੈਂਬਰ ਰਹੇ। 2019 ਦੀਆਂ ਲੋਕ ਸਭਾ ਚੋਣਾਂ ਵਿਚ ਸੰਤੋਖ ਸਿੰਘ ਚੌਧਰੀ ਨੇ ਅਕਾਲੀ ਦਲ ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ ਹਰਾਇਆ ਸੀ। ਚੌਧਰੀ ਨੂੰ 3,85, 712 ਵੋਟਾਂ ਹਾਸਲ ਹੋਈਆਂ ਸਨ ਜਦਕਿ ਅਟਵਾਲ ਨੂੰ 3, 66,221 ਵੋਟਾਂ ਮਿਲੀਆਂ ਸਨ। ਉਥੇ ਹੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੂੰ 2,04,783 ਵੋਟਾਂ ਮਿਲੀਆਂ ਸਨ ਜਦਕਿ ਆਮ ਆਦਮੀ ਪਾਰਟੀ ਦੇ ਰਿਟਾਇਰਡ ਜਸਟਿਸ ਜੋੜਾ ਸਿੰਘ ਨੂੰ ਸਿਰਫ 25,467 ਵੋਟਾਂ ਹਾਸਲ ਹੋਈਆਂ ਸਨ।

ਸਟਿੰਗ ਆਪਰੇਸ਼ਨ ਦੇ ਸਾਹਮਣੇ ਆਉਣ ’ਤੇ ਚਰਚਾ ’ਚ ਰਹੇ ਸਨ ਚੌਧਰੀ

ਭਿ੍ਰਸ਼ਟਾਚਾਰ ਸਬੰਧੀ ਸੰਤੋਖ ਸਿੰਘ ਚੌਧਰੀ ਦਾ ਨਿੱਜੀ ਚੈਨਲ ’ਤੇ ਵਿਖਾਏ ਗਏ ਸਟਿੰਗ ਆਪਰੇਸ਼ਨ ਦੇ ਕਾਰਨ ਕਾਫੀ ਚਰਚਾ ’ਚ ਰਹੇ। ਵਾਇਰਲ ਹੋਈ ਵੀਡੀਓ ’ਚ ਸੰਤੋਖ ਸਿੰਘ ਚੌਧਰੀ ਨਿੱਜੀ ਚੈਨਲ ਦੇ ਰਿਪੋਰਟਰ ਦੇ ਨਾਲ ਪੈਸਿਆਂ ਦੇ ਲੈਣ-ਦੇਣ ਬਾਰੇ ਗੱਲਬਾਤ ਕਰਦੇ ਨਜ਼ਰ ਆਏ ਸਨ, ਜਿਸ ਦੇ ਕਾਰਨ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਸਨ। ਚੌਧਰੀ ਸੰਤੋਖ ਸਿੰਘ ਨੇ ਖੁਦ ਸਟਿੰਗ ਤੋਂ ਬਾਅਦ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਇਸ ਸਟਿੰਗ ਆਪਰੇਸ਼ਨ ਨੂੰ ਕੱਟ-ਵੱਢ ਕੇ ਵਿਖਾਇਆ ਗਿਆ ਹੈ, ਇਸ ’ਚ ਕੋਈ ਸੱਚਾਈ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।