ਪੰਜਾਬ ਕੈਬਨਿਟ ਦੇ ਅਹਿਮ ਫੈਸਲੇ : ਪੰਜਾਬ ’ਚ 36 ਹਜ਼ਾਰ ਕੱਚੇ ਕਰਮਚਾਰੀ ਹੋਣਗੇ ਪੱਕੇ, 10 ਸਾਲ ਤੋਂ ਜਿਆਦਾ ਸਰਵਿਸ ਹੋਣਾ ਜਰੂਰੀ

ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਏਗਾ ਬਿੱਲ, 11 ਨਵੰਬਰ ਨੂੰ ਸ਼ਰਤਾਂ ਕੀਤੀ ਜਾਣਗੀਆਂ ਜਨਤਕ

  • ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਐਲਾਨ, ਕੈਬਨਿਟ ਵਿੱਚ ਕੀਤਾ ਗਿਆ ਪਾਸ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਜਲਦ ਹੀ 36 ਹਜ਼ਾਰ ਤੋਂ ਜਿਆਦਾ ਕੱਚੇ ਕਰਮਚਾਰੀ ਪੱਕੇ ਹੋਣ ਜਾ ਰਹੇ ਹਨ। ਇਨਾਂ ਵਿੱਚ 10 ਸਾਲ ਤੋਂ ਜਿਆਦਾ ਸਰਵਿਸ ਵਾਲੇ ਸ਼ਾਮਲ ਕੀਤੇ ਜਾਣਗੇ। ਇਸ ਸਬੰਧੀ ਬਿੱਲ ਤਿਆਰ ਕਰਦੇ ਹੋਏ 11 ਨਵੰਬਰ ਦੇ ਵਿਧਾਨ ਸਭਾ ਸੈਸ਼ਨ ਵਿੱਚ ਪੇਸ਼ ਕੀਤਾ ਜਾਏਗਾ। ਜਿਸ ਤੋਂ ਬਾਅਦ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਸਬੰਧੀ ਸ਼ਰਤਾਂ ਵੀ ਜਨਤਕ ਕਰ ਦਿੱਤੀ ਜਾਣਗੀਆਂ। ਇਹ ਫੈਸਲਾ ਮੰਗਲਵਾਰ ਨੂੰ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਦੇ 36 ਹਜ਼ਾਰ ਤੋਂ ਜਿਆਦਾ ਕੱਚੇ ਕਰਮਚਾਰੀਆਂ ਦੀ ਇਹ ਵੱਡੀ ਮੰਗ ਸੀ ਕਿ ਉਨਾਂ ਨੂੰ ਪੱਕਾ ਕਰ ਦਿੱਤਾ ਜਾਵੇ ਅਤੇ ਇਹ ਪੰਜਾਬ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਵੀ ਸ਼ਾਮਲ ਸੀ। ਜਿਹਨੂੰ ਦੇਖਦੇ ਹੋਏ ਅੱਜ ਦੀ ਕੈਬਨਿਟ ਵਿੱਚ ਇਹ ਫੈਸਲਾ ਕਰ ਲਿਆ ਗਿਆ ਹੈ। ਇਸ ਫੈਸਲੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਲਿਆਇਆ ਜਾਵੇਗਾ ਤਾਂ ਕਿ ਇਹ ਐਕਟ ਤਿਆਰ ਕਰਦੇ ਹੋਏ ਇਹਨੂੰ ਲਾਗੂ ਕਰ ਦਿੱਤਾ ਜਾਵੇ। ਉਨਾਂ ਕਿਹਾ ਕਿ ਇਹ ਪੰਜਾਬ ਦੇ 36 ਹਜ਼ਾਰ ਕਰਮਚਾਰੀਆਂ ਦਾ ਨਹੀਂ ਸਗੋਂ 36 ਹਜ਼ਾਰ ਪਰਿਵਾਰਾਂ ਲਈ ਵੱਡਾ ਫੈਸਲਾ ਹੈ। ਇਸ ਫੈਸਲੇ ਦੇ ਨਾਲ ਇਨਾਂ ਪਰਿਵਾਰਾਂ ਦੀ ਕਈ ਸਾਲਾ ਦੀ ਮੁਰਾਦ ਵੀ ਪੂਰੀ ਹੋ ਗਈ ਹੈ।

ਡੀ.ਸੀ. ਰੇਟ ਦੇ ਕਰਮਚਾਰੀਆਂ ਨੂੰ ਮਿਲੇਗਾ 415.89 ਰੁਪਏ ਰੋਜ਼ਾਨਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਹੁਣ ਤੋਂ ਬਾਅਦ ਪੰਜਾਬ ਵਿੱਚ ਡੀਸੀ ਰੇਟ ਕਾਫ਼ੀ ਜਿਆਦਾ ਘੱਟ ਹੋਣ ਦੇ ਕਾਰਨ ਪ੍ਰਾਈਵੇਟ ਤੌਰ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕਾਫ਼ੀ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਕਾਰਨ ਹੁਣ ਉਹ ਡੀਸੀ ਰੇਟ ਵਿੱਚ ਵਾਧਾ ਕਰਦੇ ਹੋਏ 415 ਰੁਪਏ 89 ਪੈਸੇ ਕਰਨ ਜਾ ਰਹੇ ਹਨ। ਜਿਸ ਨਾਲ ਡੀ.ਸੀ. ਰੇਟ ਅਨੁਸਾਰ ਸਰਕਾਰੀ ਅਤੇ ਪ੍ਰਾਈਵੇਟ ਥਾਂਵਾਂ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਕਾਫ਼ੀ ਜਿਆਦਾ ਵਾਧਾ ਹੋਏਗਾ।

ਪੰਜਾਬ ਕੰਟੈ੍ਰਕਟ ਫਾਰਮਿੰਗ ਐਕਟ 2013 ਹੋਏਗਾ ਰੱਦ

ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਸਮੇਂ ਪਾਸ ਹੋਏ ਪੰਜਾਬ ਕੰਟੈ੍ਰਕਟ ਫਾਰਮਿੰਗ ਐਕਟ 2013 ਨੂੰ ਪੰਜਾਬ ਸਰਕਾਰ ਨੇ ਰੱਦ ਕਰਨ ਸਬੰਧੀ ਫੈਸਲਾ ਕਰ ਲਿਆ ਹੈ। ਇਸ ਸਬੰਧੀ ਪੰਜਾਬ ਕੈਬਨਿਟ ਵਿੱਚ ਫੈਸਲਾ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਵਿਧਾਨ ਸਭਾ ਵਿੱਚ ਖੇਤੀਬਾੜੀ ਮੰਤਰੀ ਵਲੋਂ ਇਸ ਪੰਜਾਬ ਕੰਟੈ੍ਰਕਟ ਫਾਰਮਿੰਗ ਐਕਟ 2013 ਨੂੰ ਵਾਪਸ ਲੈਣ ਸਬੰਧੀ ਜਰੂਰੀ ਦਸਤਾਵੇਜ਼ ਪੇਸ਼ ਕੀਤੇ ਜਾਣਗੇ, ਜਿਸ ਤੋਂ ਬਾਅਦ ਪੰਜਾਬ ਵਿੱਚ ਇਹ ਪੰਜਾਬ ਕੰਟੈ੍ਰਕਟ ਫਾਰਮਿੰਗ ਐਕਟ 2013 ਖ਼ਤਮ ਹੋ ਜਾਏਗਾ।

ਰੇਤ ਦੇ ਕੰਮ ’ਚ ਪਾਈ ਅੜਚਨ ਤਾਂ ਅਧਿਕਾਰੀ ਨਹੀਂ ਰਹਿਣਗੇ ਜਾਂ ਫਿਰ ਮੈਂ ਨਹੀਂ ਰਹਾਂਗਾ : ਚੰਨੀ

 ਚਰਨਜੀਤ ਸਿੰਘ ਚੰਨੀ ਦੀ ਪੁਲਿਸ ਨੂੰ ਚਿਤਾਵਨੀ, ਬੰਦ ਕਰ ਦਿਓ ਸੜਕਾਂ ’ਤੇ ਖੜੇ ਹੋ ਕੇ ਤੰਗ ਕਰਨਾ

  • ਖੱਡਾਂ ’ਤੇ ਰੇਤ ਦਾ ਰੇਟ ਜਿਆਦਾ ਲੈਂਦੇ ਹਨ ਜਾਂ ਫਿਰ ਤੰਗ ਕਰਦੀ ਐ ਪੁਲਿਸ ਤਾਂ ਬਣਾ ਲਓ ਵੀਡੀਓ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਮੰਗਲਵਾਰ ਤੋਂ ਰੇਤ ਮਾਫੀਆ ਦਾ ਅੰਤ ਹੋਣ ਜਾ ਰਿਹਾ ਹੈ, ਇਸ ਨਾਲ ਹੀ ਪੁਲਿਸ ਦੀ ਧੱਕੇਸ਼ਾਹੀ ਵੀ ਖਤਮ ਹੋ ਜਾਏਗੀ, ਜਿਹੜੇ ਕਿ ਸੜਕਾਂ ’ਤੇ ਖੜੇ ਹੋ ਕੇ ਤੰਗ ਪਰੇਸ਼ਾਨ ਕਰਦੇ ਸਨ। ਜੇਕਰ ਕੋਈ ਪੁਲਿਸ ਵਾਲਾ ਰੇਤ ਜਾਂ ਫਿਰ ਮਿੱਟੀ ਲੈ ਕੇ ਜਾਣ ਵਿੱਚ ਤੰਗ ਪਰੇਸ਼ਾਨ ਕਰਦਾ ਹੈ ਤਾਂ ਉਸ ਦੀ ਮੌਕੇ ’ਤੇ ਹੀ ਵੀਡੀਓ ਬਣਾ ਲਈ ਜਾਵੇ ਤਾਂ ਕਿ ਉਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਇਸ ਨਾਲ ਹੀ ਰੇਤ ਦੀ ਖੱਡਾਂ ‘ਤੇ ਵੱਧ ਰੇਟ ’ਤੇ ਜੇਕਰ ਕੋਈ ਰੇਤ ਜਾਂ ਫਿਰ ਬਜਰੀ ਵੇਚਣ ਦੀ ਕੋਸ਼ਸ਼ ਕੀਤੀ ਜਾਵੇ ਤਾਂ ਪੰਜਾਬ ਦੇ ਨੌਜਵਾਨ ਉਸ ਦੀ ਵੀ ਵੀਡੀਓ ਬਣਾ ਕੇ ਉਨਾਂ ਨੂੰ ਭੇਜ ਦੇਣ ਕਿਉਂਕਿ ਹੁਣ ਪੰਜਾਬ ਵਿੱਚ ਕੋਈ ਅੜਚਨ ਪਾਈ ਗਈ ਤਾਂ ਅਧਿਕਾਰੀ ਆਪਣੀ ਕੁਰਸੀ ’ਤੇ ਰਹਿਣਗੇ ਜਾਂ ਫਿਰ ਮੈਂ ਮੁੱਖ ਮੰਤਰੀ ਨਹੀਂ ਰਹਾਂਗਾ।

5 ਰੁਪਏ 50 ਪੈਸੇ ਪ੍ਰਤੀ ਫੁੱਟ ਰੇਤ ਮਿਲੇਗਾ

ਇਹ ਵੱਡਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ। ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਰੇਤ ਅਤੇ ਬਜਰੀ ਦੇ ਇਲਾਵਾ ਮਿੱਟੀ ਦੇ ਭਾਅ ਆਸਮਾਨ ‘ਤੇ ਪੁੱਜ ਰਹੇ ਸਨ। ਸਾਰੇ ਰਲ ਮਿਲ ਕੇ ਹੀ ਖਾਣ ਵਿੱਚ ਲਗੇ ਹੋਏ ਸਨ, ਇਸ ਵਿੱਚ ਸਰਕਾਰੀ ਅਧਿਕਾਰੀ ਅਤੇ ਮਾਫ਼ੀਆਂ ਸ਼ਾਮਲ ਸੀ। ਪੰਜਾਬ ਵਿੱਚ ਰੇਤ 22 ਰੁਪਏ ਫੁੱਟ ਤੱਕ ਵਿਕ ਰਿਹਾ ਸੀ, ਜਦੋਂਕਿ ਸਰਕਾਰ ਖੱਡਾ ’ਤੇ ਰੇਟ 9 ਰੁਪਏ ਫੁੱਟ ਹੀ ਸੀ ਪਰ ਮਾਫ਼ੀਆਂ ਰਾਜ ਖੱਡਾਂ ’ਤੇ 5 ਹਜ਼ਾਰ ਰੁਪਏ ਤੱਕ ਦੀ ਮਾਫ਼ੀਆਂ ਪਰਚੀ ਕੱਟਦੇ ਹੋਏ ਲੁੱਟ ਮਚਾ ਰਿਹਾ ਸੀ ਪਰ ਹੁਣ ਤੋਂ ਬਾਅਦ ਇਹ ਨਹੀਂ ਹੋਏਗਾ। ਪੰਜਾਬ ਦੀ ਖੱਡਾਂ ’ਤੇ 9 ਰੁਪਏ ਨਹੀਂ ਸਗੋਂ 5 ਰੁਪਏ 50 ਪੈਸੇ ਪ੍ਰਤੀ ਫੁੱਟ ਰੇਤ ਮਿਲੇਗਾ।

ਜ਼ਿਮੀਦਾਰ ਆਪਣੇ ਖੇਤ ਵਿੱਚੋਂ 3 ਫੁੱਟ ਤੱਕ ਮਿੱਟੀ ਬਿਨਾਂ ਪ੍ਰਵਾਨਗੀ ਤੋਂ ਖੁਦਵਾ ਕੇ ਵੇਚ ਸਕਦਾ ਹੈ

ਕੋਈ ਵੀ ਆਪਣੀ ਟਰਾਲੀ ਜਾਂ ਫਿਰ ਟਰੱਕ ਲੈ ਕੇ ਭਰਵਾ ਵੀ ਸਕਦਾ ਹੈ। ਇਸ ਨਾਲ ਹੀ ਜੇਕਰ ਕੋਈ ਇਸ ਰੇਟ ਤੋਂ ਜਿਆਦਾ ਦਿੰਦਾ ਹੈ ਤਾਂ ਤੁਰੰਤ ਵੀਡੀਓ ਬਣਾ ਕੇ ਉਨਾਂ ਨੂੰ ਸ਼ਿਕਾਇਤ ਕੀਤੀ ਜਾਵੇ ਤਾਂ ਕਿ ਉਹ ਕਾਰਵਾਈ ਕਰ ਸਕਣ। ਇਥੇ ਹੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਾਈਨਿੰਗ ਪਾਲਿਸੀ ਵਿੱਚੋਂ ਮਿੱਟੀ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਸ ਲਈ ਕੋਈ ਵੀ ਜ਼ਿਮੀਦਾਰ ਆਪਣੇ ਖੇਤ ਵਿੱਚੋਂ 3 ਫੁੱਟ ਤੱਕ ਮਿੱਟੀ ਬਿਨਾਂ ਪ੍ਰਵਾਨਗੀ ਤੋਂ ਖੁਦਵਾ ਕੇ ਵੇਚ ਸਕਦਾ ਹੈ ਤਾਂ ਭੱਠੇ ਵਾਲੇ ਇਹ ਮਿੱਟੀ ਬਿਨਾਂ ਕਿਸੇ ਇਜਾਜ਼ਤ ਤੋਂ ਖਰੀਦ ਵੀ ਸਕਦੇ ਹਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਖ਼ੁਦ ਅੱਗੇ ਆ ਕੇ ਇਸ ਸਬੰਧੀ ਕਾਰਵਾਈ ਕਰਦੇ ਹੋਏ ਵੀਡੀਓ ਬਣਾ ਕੇ ਉਨਾਂ ਨੂੰ ਸ਼ਿਕਾਇਤ ਕਰੇ ਤਾਂ ਕਿ ਉਹ ਕਾਰਵਾਈ ਕਰ ਸਕਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ