ਵਿਦਿਆਰਥੀ ਜੀਵਨ ’ਚ ਅਖਬਾਰਾਂ ਦੀ ਮਹੱਤਤਾ

ਵਿਦਿਆਰਥੀ ਜੀਵਨ ’ਚ ਅਖਬਾਰਾਂ ਦੀ ਮਹੱਤਤਾ

ਬੱਚੇ ਮਨ ਦੇ ਸਾਫ ਤੇ ਕੋਮਲ ਹੁੰਦੇ ਹਨ, ਇਸ ਕਰਕੇ ਬੱਚਿਆਂ ਨੂੰ ਕੱਚੀ ਮਿੱਟੀ ਵੀ ਕਿਹਾ ਜਾਂਦਾ ਹੈ ਕਿ ਇਸ ਨੂੰ ਕੋਈ ਵੀ ਸ਼ਕਲ ਦਿੱਤੀ ਜਾ ਸਕਦੀ ਹੈ ਇਹੀ ਉਹ ਸਮਾਂ ਹੁੰਦਾ ਹੈ ਜਦੋਂ ਬੱਚਿਆਂ ਦੀਆਂ ਪਾਈਆਂ ਹੋਈਆਂ ਚੰਗੀਆਂ ਆਦਤਾਂ ਬੱਚਿਆਂ ਦਾ ਭਵਿੱਖ ਸਵਾਰ ਅਤੇ ਗਲਤ ਤੇ ਮਾੜੀਆਂ ਆਦਤਾਂ ਵਿਗਾੜ ਸਕਦੀਆਂ ਹਨ। ਬੱਚਿਆਂ ਉੱਪਰ ਪੈ ਰਿਹਾ ਸਕਾਰਾਤਮਕ ਤੇ ਨਕਾਰਾਤਮਕ ਪ੍ਰਭਾਵ ਲੰਮੇ ਸਮੇਂ ਤੱਕ ਕਾਰਗਰ ਰਹਿੰਦਾ ਹੈ ਤੇ ਜੋ ਉਸ ਦਾ ਆਉਣ ਵਾਲਾ ਭਵਿੱਖ ਨਿਰਧਾਰਤ ਕਰਦਾ ਹੈ। ਬੱਚੇ ਸ਼ਖਸੀਅਤ ਦੀ ਉਸਾਰੀ, ਗਿਆਨ ਦੀ ਪ੍ਰਾਪਤੀ ਅਤੇ ਕੈਰੀਅਰ ਨੂੰ ਬਣਾਉਣ ਲਈ ਸਕੂਲ, ਕਾਲਜ ਅਤੇ ਫਿਰ ਯੂਨੀਵਰਸਿਟੀ ਜਾਂਦੇ ਹਨ। ਬੱਚਿਆਂ ਦੇ ਸਿਲੇਬਸ ਵਿੱਚ ਲੱਗੀਆਂ ਕਿਤਾਬਾਂ ਦੇ ਨਾਲ-ਨਾਲ ਲਾਇਬ੍ਰੇਰੀ ਤੇ ਅਖਬਾਰਾਂ ਦੀ ਵੀ ਬਹੁਤ ਮਹੱਤਤਾ ਹੈ।

ਵਿਦਿਆਰਥੀ ਜੀਵਨ ਵਿੱਚ ਰਸਾਲੇ, ਮੈਗਜ਼ੀਨ, ਅਖਬਾਰ ਅਤੇ ਲਾਇਬ੍ਰੇਰੀਆਂ ਵਿੱਚ ਵਿਦਿਆਰਥੀਆਂ ਦੀ ਉਡੀਕ ਕਰਦੀਆਂ ਵੰਨ-ਸੁਵੰਨੀਆਂ ਅਲੱਗ-ਅਲੱਗ ਵਿਸ਼ਿਆਂ ਦੀਆਂ ਕਿਤਾਬਾਂ ਆਪਣੇ ਅੰਦਰ ਗਿਆਨ ਦਾ ਵਿਸ਼ਾਲ ਸਮੁੰਦਰ ਸਮੋਈ ਬੈਠੀਆਂ ਹਨ। ਪਿ੍ਰੰਟ ਮੀਡੀਆ ਵਿੱਚ ਗਿਆਨ-ਵਿਗਿਆਨ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਅਖਬਾਰ ਪ੍ਰਮੁੱਖ ਸ੍ਰੋਤ ਹਨ। ਅਖਬਾਰ ਰੋਜ਼ਾਨਾ ਦੀਆਂ ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਘਟਨਾਵਾਂ, ਖੇਡਾਂ, ਧਰਮ, ਇਤਿਹਾਸ, ਬੱਚਿਆਂ ਤੇ ਔਰਤਾਂ ਲਈ ਵਿਸ਼ੇਸ਼ ਅੰਕ ਦੇ ਨਾਲ-ਨਾਲ ਵਪਾਰ ਤੇ ਉਦਯੋਗਾਂ ਦੇ ਉਤਪਾਦਨ ਤੇ ਵਿਕਰੀ ਨੂੰ ਵਧਾਉਣ ਲਈ ਜਨਹਿੱਤ ਜਾਣਕਾਰੀ ਪ੍ਰਦਾਨ ਕਰਨ ਦਾ ਮੁੱਖ ਸੋਮਾ ਹੁੰਦੇ ਹਨ।

ਰੋਜ਼ਾਨਾ ਅਖਬਾਰ ਪੜ੍ਹਨ ਵਾਲੇ ਵਿਦਿਆਰਥੀ ਦਾ ਅਖਬਾਰ ਤੋਂ ਬਿਨਾਂ ਦਿਨ ਲੰਘਾਉਣਾ ਔਖਾ ਤੇ ਮੁਸ਼ਕਲ ਹੋ ਜਾਂਦਾ ਹੈ। ਸੰਪਾਦਕੀ ਪੰਨਿਆਂ ’ਤੇ ਛਪਦੇ ਵੱਖ-ਵੱਖ ਵਿਦਵਾਨਾਂ ਦੇ ਅਲੱਗ-ਅਲੱਗ ਵਿਸ਼ਿਆਂ ਤੇ ਗਿਆਨ ਭਰਪੂਰ ਲੇਖ ਕਿਸੇ ਵਿਸ਼ੇ ਨੂੰ ਡੂੰਘਾਈ ਵਿੱਚ ਸਮਝਣ ਵਿੱਚ ਬਹੁਤ ਸਹਾਇਕ ਸਿੱਧ ਹੁੰਦੇ ਹਨ। ਸਰਕਾਰ ਦੀਆਂ ਮਹੱਤਵਪੂਰਨ ਤੇ ਜਨ ਕਲਿਆਣ ਦੀਆਂ ਯੋਜਨਾਵਾਂ ਅਤੇ ਮਹੱਤਵਪੂਰਨ ਸੁਨੇਹਿਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਅਖਬਾਰ ਅਹਿਮ ਭੂਮਿਕਾ ਨਿਭਾਉਂਦਾ ਹੈ।

ਅਖਬਾਰ ਨੂੰ ਪੜ੍ਹਨ ਸਮੇਂ ਜੇਕਰ ਵਿਦਿਆਰਥੀ ਮੁੱਖ ਅਤੇ ਮਹੱਤਵਪੂਰਨ ਘਟਨਾਵਾਂ ਦੀਆਂ ਖਬਰਾਂ ਨੂੰ ਇੱਕ ਕਾਪੀ ’ਤੇ ਹਰ ਰੋਜ਼ ਲਿਖਦਾ ਜਾਵੇ ਤਾਂ ਕੁਝ ਹੀ ਸਮੇਂ ਵਿੱਚ ਇੱਕ ਵਧੀਆ ਆਮ ਗਿਆਨ ਦੀ ਕਿਤਾਬ ਤਿਆਰ ਕਰ ਸਕਦਾ ਹੈ ਜੋ ਵੱਖ-ਵੱਖ ਇਮਤਿਹਾਨਾਂ ਵਿੱਚ ਪੁੱਛੇ ਜਾਂਦੇ ਆਮ ਗਿਆਨ ਦੇ ਸਵਾਲਾਂ ਦਾ ਵਧੀਆ ਹੱਲ ਹੋ ਸਕਦੀ ਹੈ। ਪੰਜਾਬ ਅਤੇ ਕੇਂਦਰ ਸਰਕਾਰ ਦੁਆਰਾ ਵੱਖ-ਵੱਖ ਅਸਾਮੀਆਂ ਲਈ ਲਏ ਜਾਂਦੇ ਇਮਤਿਹਾਨਾਂ ਵਿੱਚ ਪੁੱਛੇ ਜਾਂਦੇ ਆਮ ਗਿਆਨ ਦੇ ਬਹੁਤੇ ਸਵਾਲ ਰੋਜ਼ਾਨਾ ਅਖਬਾਰ ਵਿੱਚ ਛਪਦੀਆਂ ਮੁੱਖ ਖਬਰਾਂ ਵਿੱਚੋਂ ਹੀ ਲਏ ਜਾਂਦੇ ਹਨ। ਅਖਬਾਰ ਗਿਆਨ ਦਾ ਮੁੱਖ ਭੰਡਾਰ ਹੋਣ ਦੇ ਬਾਵਜ਼ੂਦ ਹਰ ਇੱਕ ਵਿਦਿਆਰਥੀ ਦੀ ਪਹੁੰਚ ਵਿੱਚ ਹੈ।

ਇਸ ਦੀ ਕੀਮਤ ਦੋ ਰੁਪਏ ਤੋਂ ਲੈ ਕੇ ਵੱਧ ਤੋਂ ਵੱਧ ਦਸ ਰੁਪਏ ਤੱਕ ਹੋ ਸਕਦੀ ਹੈ। ਜੇਕਰ ਇੱਕ ਵਿਦਿਆਰਥੀ ਨੂੰ ਅਖਬਾਰ ਖਰੀਦਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਚਾਰ-ਪੰਜ ਜਾਂ ਉਸ ਤੋਂ ਜ਼ਿਆਦਾ ਵਿਦਿਆਰਥੀ ਇਕੱਠੇ ਹੋ ਕੇ ਅਖਬਾਰ ਲਵਾ ਸਕਦੇ ਹਨ। ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਅਖਬਾਰ ਲੱਗੇ ਹੁੰਦੇ ਹਨ। ਵਿਦਿਆਰਥੀਆਂ ਨੂੰ ਅਖਬਾਰਾਂ ਦੀ ਅਦਭੁੱਤ ਦੁਨੀਆ ਨਾਲ ਜੋੜਦੇ ਹੋਏ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਗਿਆਨ ਦੀ ਰੌਸ਼ਨੀ ਨਾਲ ਆਪਣੇ ਸੁਪਨਿਆਂ ਦੀ ਉਡਾਨ ਭਰਦਾ ਹੋਇਆ ਮੰਜ਼ਿਲ ਨੂੰ ਪ੍ਰਾਪਤ ਕਰ ਸਕੇ।
ਕਾਲਝਰਾਣੀ, ਬਠਿੰਡਾ
ਮੋ. 70873-67969
ਰਜਵਿੰਦਰ ਪਾਲ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ