ਅਮਨ ਅਰੋੜਾ ਨੂੰ ਨਿਯਮਾਂ ਦਾ ਨਹੀਂ ਗਿਆਨ, ਕਿਵੇਂ ਨਿਭਾਉਣਗੇ ਲਾਅ ਮੇਕਰ ਦੀ ਠੀਕ ਭੂਮਿਕਾ

Aman Arora

ਵਿਧਾਨ ਸਭਾ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਵਰ੍ਹੇ ਵਿਧਾਇਕ ਅਮਨ ਅਰੋੜਾ ‘ਤੇ

ਕਿਹਾ, ਅਮਨ ਅਰੋੜਾ ਨੇ ਨਾ ਸਿਰਫ਼ ਸਦਨ ਨੂੰ ਗੁਮਰਾਹ ਕੀਤਾ, ਸਗੋਂ ਗਲਤ ਬਿਆਨੀ ਵੀ ਕੀਤੀ

ਸਦਨ ਨੂੰ ਗੁਮਰਾਹ ਕਰਨਾ ਅਤੇ ਗਲਤ ਬਿਆਨੀ ਕਰਨਾ ਬਣਦਾ ਐ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ : ਸਪੀਕਰ

ਕਿਹਾ, ਅੱਗੇ ਤੋਂ ਸਹੀ ਤੱਥਾਂ ਦੇ ਆਧਾਰ ਤੇ ਅਤੇ ਨਿਯਮਾਂ ਦਾ ਗਿਆਨ ਲੈ ਕੇ ਸਦਨ ਵਿੱਚ ਕਰਨ ਆਪਣੀ ਗਲ

ਚੰਡੀਗੜ, (ਅਸ਼ਵਨੀ ਚਾਵਲਾ)। ਅਮਨ ਅਰੋੜਾ (Aman Arora) ਨੂੰ ਵਿਧਾਨ ਸਭਾ ਦੇ ਨਿਯਮਾਂ ਦਾ ਹੀ ਗਿਆਨ ਨਹੀਂ ਹੈ, ਇਸ ਲਈ ਉਹ ਵਿਧਾਨ ਸਭਾ ਵਿੱਚ ਲਾਅ ਮੇਕਰ ਦੀ ਭੂਮਿਕਾ ਕਿਵੇਂ ਠੀਕ ਢੰਗ ਨਾਲ ਨਿਭਾ ਸਕਦੇ ਹਨ। ਅਮਨ ਅਰੋੜਾ  ‘ਤੇ ਇਹ ਸੁਆਲ ਪੰਜਾਬ ਵਿਧਾਨ ਸਭਾ ਦੇ ਸਦਨ ਅੰਦਰ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਚੁੱਕਦੇ ਹੋਏ ਆਪਣੀ ‘ਰੂਲਿੰਗ’ ਦਿੱਤੀ ਹੈ। ਅਮਨ ਅਰੋੜਾ ਨੂੰ ਸਦਨ ਨੂੰ ਗੁਮਰਾਹ ਕਰਨ ਅਤੇ ਗਲਤ ਬਿਆਨੀ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ ਅਤੇ ਇਸ ਸਾਰੇ ਮਾਮਲੇ ਨੂੰ ਵਿਸ਼ੇਸ਼ ਅਧਿਕਾਰਾਂ ਦਾ ਉਲੰਘਣ ਵੀ ਕਰਾਰ ਦਿੱਤਾ ਗਿਆ ਹੈ।

ਇਸ ਮਾਮਲੇ ਵਿੱਚ ਅਮਨ ਅਰੋੜਾ ਫਿਰ ਤੋਂ ਕੁਝ ਬੋਲਣਾ ਚਾਹੁੰਦੇ ਸਨ ਪਰ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਸਾਫ਼ ਕਹਿ ਦਿੱਤਾ ਗਿਆ ਕਿ ਇਸ ਮਾਮਲੇ ਵਿੱਚ ਉਹ ਬਹਿਸ ਨਹੀਂ ਕਰ ਸਕਦੇ ਅਤੇ ਇਸ ਮਾਮਲੇ ਵਿੱਚ ‘ਰੂਲਿੰਗ’ ਦਿੱਤੀ ਜਾਣੀ ਸੀ, ਜਿਹੜੀ ਕਿ ਦਿੱਤੀ ਜਾ ਚੁੱਕੀ ਹੈ।
ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਆਪਣੀ ‘ਰੂਲਿੰਗ’ ਦਿੰਦੇ ਹੋਏ ਕਿਹਾ ਕਿ ਅਮਨ ਅਰੋੜਾ ਵਲੋਂ ਕੱਲ ਮਿਤੀ 26 ਫਰਵਰੀ ਨੂੰ ਪ੍ਰਾਈਵੇਟ ਬਿੱਲ ਰਿਜੈਕਟ ਹੋਣ ਬਾਰੇ ਮਸਲਾ ਉਠਾਇਆ ਸੀ ਅਤੇ ਕਿਹਾ ਸੀ ਕਿ ਇਹ ਬਿੱਲ ਸੈਕਸ਼ਨ 115 ਦੇ ਤਹਿਤ ਗਲਤ ਰੱਦ ਕੀਤਾ ਗਿਆ ਹੈ ਅਤੇ ਸੈਕਸ਼ਨ 115 ਇਹ ਕਹਿੰਦਾ ਹੈ ਕਿ 15 ਦਿਨ ਪਹਿਲਾਂ ਬਿੱਲ ਦੇਣਾ ਚਾਹੀਦਾ ਹੈ। ਉਨਾਂ ਇਹ ਵੀ ਕਿਹਾ ਸੀ ਕਿ ਅੱਜ 15 ਦਿਨ ਪੂਰੇ ਹੋ ਗਏ ਹਨ ਅਤੇ ਕੱਲ੍ਹ ਨੂੰ 16ਵਾਂ ਦਿਨ ਹੈ।

ਅਮਨ ਅਰੋੜਾ ਵੱਲੋਂ ਸਦਨ ਵਿੱਚ ਮੁੱਦਾ ਚੁੱਕਿਆ ਗਿਆ ਅਤੇ ਇਸ ਮੁੱਦੇ ‘ਤੇ ਇਨਾਂ ਦੀ ਪਾਰਟੀ ਵਲੋਂ ਵਾਕ ਆਊਟ ਕੀਤਾ ਗਿਆ। ਉਨ੍ਹਾ ਕਿਹਾ ਸੀ ਕਿ ਮੈਂ ਸਥਿਤੀ ਸਪੱਸ਼ਟ ਕਰ ਦੇਣਾ ਉਚਿਤ ਸਮਝਦਾ ਹਾਂ ਕਿ ਸਬੰਧਿਤ ਮੈਂਬਰ ਵਲੋਂ ਮੈਨੂੰ 19 ਫਰਵਰੀ ਨੂੰ ਤਿੰਨ ਪ੍ਰਾਈਵੇਟ ਬਿੱਲ ਦਿੱਤੇ ਗਏ ਸਨ ਅਤੇ ਨਿਯਮ 115 ਅਧੀਨ ਲੋੜੀਂਦੀ 15 ਦਿਨ ਦੀ ਸ਼ਰਤ ਮਿਤੀ 5 ਮਾਰਚ ਨੂੰ ਪੂਰੀ ਹੁੰਦੀ ਹੈ।

ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਕਿਹਾ ਗਿਆ ਕਿ  ਅਮਨ ਅਰੋੜਾ ਵਲੋਂ ਕੱਲ ਜੋ ਸਦਨ ਵਿੱਚ ਬੋਲਿਆ ਗਿਆ ਹੈ, ਇਹ ਤੱਥਾਂ ਤੇ ਆਧਾਰਿਤ ਨਹੀਂ ਹੈ ਅਤੇ ਇਨਾਂ ਵਲੋਂ ਗ਼ਲਤ-ਬਿਆਨੀ ਕਰਕੇ ਚੇਅਰ ਤੇ ਉਂਗਲ ਉਠਾਈ ਗਈ ਹੈ ਅਤੇ ਸਦਨ ਨੂੰ ਗੁਮਰਾਹ ਕੀਤਾ ਗਿਆ ਹੈ। ਇਨਾਂ ਵੱਲੋਂ ਆਪਣੇ ਦਿੱਤੇ ਗਏ ਤੱਥਾਂ ਨੂੰ ਹੀ ਸਦਨ ਵਿੱਚ ਗਲਤ ਪੇਸ਼ ਕੀਤਾ ਗਿਆ ਹੈ। ਇਸ ਤਰਾਂ ਸਦਨ ਵਿੱਚ ਗਲਤ ਤੱਥ ਪੇਸ਼ ਕਰਨੇ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੇ।

ਉਨਾਂ ਅੱਗੇ ਕਿਹਾ ਕਿ ਮੈਂਬਰ ਨੂੰ ਸਦਨ ਦੇ ਨਿਯਮਾਂ ਦਾ ਗਿਆਨ ਹੋਣਾ ਵੀ ਜਰੂਰੀ ਹੈ, ਜੇਕਰ ਮੈਂਬਰ ਨੂੰ ਖ਼ੁਦ ਹੀ ਨਿਯਮਾਂ ਦਾ ਗਿਆਨ ਨਹੀਂ ਹੈ ਤਾਂ ਉਹ ਲਾਅ ਮੇਕਰ ਹੋਣ ਦੀ ਸਹੀ ਭੂਮਿਕਾ ਨਹੀਂ ਨਿਭਾਅ ਸਕਦਾ। ਸਦਨ ਵਿੱਚ ਇਸ ਤਰਾਂ ਦੀ ਗ਼ਲਤ-ਬਿਆਨੀ ਅਤੇ ਗੁਮਰਾਹਕੁੰਨ ਬਿਆਨ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਵਿਸ਼ਾ ਬਣਦਾ ਹੈ। ਮੈਂਬਰ ਦੇ ਹਿੱਤ ਵਿੱਚ ਸਲਾਹ ਦਿੱਤੀ ਜਾਂਦੀ ਹੈ ਕਿ ਅੱਗੇ ਤੋਂ ਸਹੀ ਤੱਥਾਂ ਦੇ ਆਧਾਰ ਤੇ ਅਤੇ ਨਿਯਮਾਂ ਦਾ ਗਿਆਨ ਲੈ ਕੇ ਸਦਨ ਵਿੱਚ ਆਪਣੀ ਗਲ ਕੀਤੀ ਜਾਵੇ ਤਾਂ ਕਿ ਸਦਨ ਦਾ ਮਹੱਤਵਪੂਰਣ ਅਤੇ ਕੀਮਤੀ ਸਮਾਂ ਬਰਬਾਦ ਨਾ ਹੋਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।