ਕਿਵੇਂ ਹੁੰਦੀ ਹੈ ਕਿਸਾਨਾਂ ਦੀ ਮੰਡੀਆਂ ’ਚ ਲੁੱਟ

Farmers

ਜਦੋਂ ਅਸੀਂ ਛੋਟੇ ਹੁੰਦੇ ਸੀ, ਉਦੋਂ ਕਾਮਰੇਡ ਪਿੰਡਾਂ ਵਿੱਚ ਲੋਕਾਂ ਨੂੰ ਸਰਮਾਏਦਾਰਾਂ ਦੀ ਲੱੁਟ ਚੋਂਘ ਪ੍ਰਤੀ ਖਬਰਦਾਰ ਕਰਨ ਲਈ ਡਰਾਮੇ ਖੇਡਣ ਆਉਂਦੇ ਹੁੰਦੇ ਸਨ। ਇੱਕ ਡਰਾਮੇ ਵਿੱਚ ਉਨ੍ਹਾਂ ਵੱਲੋਂ ਬੋਲਿਆ ਗਿਆ ਗੀਤ ਮੈਨੂੰ ਅੱਜ ਵੀ ਯਾਦ ਹੈ। ਮੰਡੀ ਫਸਲ ਸੁੱਟਣ ਆਏ ਕਿਸਾਨ ਨੂੰ ਵੇਖ

ਕੇ ਆੜ੍ਹਤੀ ਆਪਣੇ ਗੁਮਾਸ਼ਤੇ ਨੂੰ ਕਹਿੰਦਾ ਹੈ,
ਆ ਗਿਆ ਉਏ ਸਰਦਾਰ ਆ ਗਿਆ,
ਮੇਰੇ ਪਿਉ ਦਾ ਯਾਰ ਆ ਗਿਆ।
ਸਰਦਾਰ ਨੂੰ ਚੁਬਾਰੇ ਵਿੱਚ ਪਾ ਕੇ, ਉੱਪਰ ਪੱਖਾ ਚਲਾ ਕੇ।
ਠੰਢਾ ਪਾਣੀ ਪਿਆ ਕੇ, ਸਰਦਾਰ ਨੂੰ ਸਵਾਂ ਕੇ।
ਲੁੱਟ ਲੈ ਲੁੱਟ ਲੈ ਜਿੰਨਾ ਲੁੱਟਿਆ ਜਾਂਦਾ ਈ।

ਬਿਲਕੁਲ ਇਸੇ ਤਰ੍ਹਾਂ ਅੱਜ ਵੀ ਮੰਡੀਆਂ ਵਿੱਚ ਕਿਸਾਨਾਂ ਦੀ ਰੱਜ ਕੇ ਲੁੱਟ ਹੋ ਰਹੀ ਹੈ। ਕਿਸਾਨ ਕਦੇ ਵੀ ਇਹ ਨਹੀਂ ਕਹਿੰਦੇ ਕਿ ਫਸਲ ਵੇਚਣ ਚੱਲੇ ਹਾਂ, ਬਲਕਿ ਇਹ ਕਹਿੰਦੇ ਹਨ ਕਿ ਝੋਨਾ ਜਾਂ ਕਣਕ ਮੰਡੀ ਸੁੱਟਣ ਚੱਲੇ ਹਾਂ। ਕਣਕ ਤਾਂ ਚਲੋ ਫਿਰ ਵੀ ਜ਼ਿਆਦਾਤਰ ਸਰਕਾਰੀ ਰੇਟ ’ਤੇ ਵਿਕ ਜਾਂਦੀ ਹੈ, ਪਰ ਝੋਨੇ ਦਾ ਰੇਟ ਸਿਰਫ ਅਤੇ ਸਿਰਫ ਸ਼ੈਲਰਾਂ ਵਾਲਿਆਂ (ਚਾਵਲ ਮਿੱਲ ਮਾਲਕਾਂ) ਅਤੇ ਆੜ੍ਹਤੀਆਂ ਦੇ ਹੱਥ ਵਿੱਚ ਹੁੰਦਾ ਹੈ। ਅੰਮਿ੍ਰਤਸਰ ਦੀ ਅਨਾਜ ਮੰਡੀ ਦਾ ਤਾਂ ਹਾਲ ਹੀ ਨਿਰਾਲਾ ਹੈ। ਉੱਥੇ ਦਿਨ ਵਿੱਚ ਦੋ ਵਾਰੀ (ਸਵੇਰੇ ਅਤੇ ਲੌਢੇ ਵੇਲੇ) ਝੋਨਾ ਖਰੀਦਣ ਵਾਲੇ ਦਲਾਲ ਆਉਂਦੇ ਹਨ ਜਿਨ੍ਹਾਂ ਨੂੰ ਆਮ ਬੋਲਚਾਲ ਦੀ ਭਾਸ਼ਾ ਵਿੱਚ ਬੋਲੀ ਕਿਹਾ ਜਾਂਦਾ ਹੈ। ਇਹ ਲੋਕ ਆੜ੍ਹਤੀ ਅਤੇ ਸ਼ੈਲਰਾਂ ਵਾਲਿਆਂ ਦਰਮਿਆਨ ਏਜੰਟ ਦੀ ਭੂਮਿਕਾ ਨਿਭਾਉਂਦੇ ਹਨ, ਦੋਵਾਂ ਪਾਸਿਆਂ ਤੋਂ ਕਮਿਸ਼ਨ ਲੈਂਦੇ ਹਨ ਜੋ ਅਖੀਰ ਕਿਸਾਨ ਦੇ ਹੱਡਾਂ ਵਿੱਚੋਂ ਹੀ ਨਿੱਕਲਦਾ ਹੈ। ਦਲਾਲ ਮਨਮਰਜ਼ੀ ਦਾ ਰੇਟ ਲਾਉਂਦੇ ਹਨ ਤੇ ਸ਼ਰੇਆਮ ਦੱਸਣ ਦੀ ਬਜਾਏ ਆੜ੍ਹਤੀ ਦੇ ਕੰਨ ਵਿੱਚ ਦੱਸਦੇ ਹਨ।

ਆੜ੍ਹਤੀ ਅੱਗੇ ਕਿਸਾਨ ਨੂੰ ਪੰਜ ਦੱਸ ਦੇਵੇ ਪੰਜਾਹ ਦੱਸ ਦੇਵੇ, ਉਸ ਦੀ ਮਰਜ਼ੀ, ਭਾਵੇਂ ਸਾਰੇ ਆੜ੍ਹਤੀ ਇੱਕੋ ਜਿਹੇ ਨਹੀਂ ਹੁੰਦੇ ਜਿਸ ਕਿਸਾਨ ਨੇ ਚਾਰ ਮਹੀਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਝੋਨੇ ਦੀ ਫਸਲ ਤਿਆਰ ਕੀਤੀ ਹੁੰਦੀ ਹੈ, ਉਸ ਨੂੰ ਕੋਈ ਨਹੀਂ ਪੱੁਛਦਾ। ਮੰਡੀਆਂ ਵਿੱਚ ਇੱਕ ਹੋਰ ਬਹੁਤ ਹੀ ਮਾੜਾ ਵਰਤਾਰਾ ਚੱਲਦਾ ਹੈ। ਬੋਲੀ ਲਾਉਣ ਵਾਲੇ ਵਪਾਰੀ ਆਪਸ ਵਿੱਚ ਘਾਲਾਮਾਲਾ ਕਰਕੇ ਝੋਨੇ ਦਾ ਰੇਟ ਸੁੱਟ ਦੇਂਦੇ ਹਨ। ਇੱਕ ਦਿਨ ਇੱਕ ਸ਼ੈਲਰ ਵਾਲੇ ਦਾ ਘਰ ਭਰ ਦਿੱਤਾ ਜਾਂਦਾ ਹੈ ਤੇ ਅਗਲੇ ਦਿਨ ਦੂਸਰੇ ਦਾ। ਬਹੁਤ ਘੱਟ ਕਿਸਾਨ ਆੜ੍ਹਤੀ ਨਾਲ ਸਵਾਲ-ਜਵਾਬ ਕਰਨ ਦੀ ਹਿੰਮਤ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਫਸਲ ਆਉਣ ਤੋਂ ਪਹਿਲਾਂ ਹੀ ਆੜ੍ਹਤੀਆਂ ਕੋਲੋਂ ਕਰਜ਼ਾ ਚੁੱਕਿਆ ਹੁੰਦਾ ਹੈ। ਕਰਜ਼ਾਈ ਬੰਦੇ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਸ਼ਾਹ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰ ਸਕੇ।

ਆੜ੍ਹਤੀਆਂ ਦਾ ਵਿਆਜ਼ ਚੱਕਰਵਰਤੀ ਹੁੰਦਾ ਹੈ ਤੇ ਕਈ ਵਾਰ ਚਾਰ-ਪੰਜ ਪਰਸੈਂਟ ਤੋਂ ਵੀ ਵਧ ਜਾਂਦਾ ਹੈ। ਹਰੇਕ ਮੰਡੀ ਦੇ ਬਾਹਰ ਸਰਕਾਰ ਵੱਲੋਂ ਵੱਡੇ-ਵੱਡੇ ਬੋਰਡ ਲਾਏ ਹੋਏ ਹਨ ਕਿ ਕਿਸਾਨ ਨੇ ਆੜ੍ਹਤੀ ਨੂੰ ਫਲਾਣੇ-ਫਲਾਣੇ ਤੇ ਐਨੇ ਖਰਚੇ ਦੇਣੇ ਹਨ ਪਰ ਮੈਨੂੰ ਨਹੀਂ ਲੱਗਦਾ ਹੈ ਕਿ 20% ਕਿਸਾਨਾਂ ਨੇ ਵੀ ਕਦੇ ਉਸ ਬੋਰਡ ਵੱਲ ਧਿਆਨ ਦਿੱਤਾ ਹੋਵੇ।ਰੇਟ ਲੱਗਣ ਤੋਂ ਬਾਅਦ ਸਫਾਈ, ਭਰਾਈ ਅਤੇ ਤੁਲਾਈ ਸਮੇਂ ਵੀ ਕਿਸਾਨਾਂ ਦੀ ਲੁੱਟ ਜਾਰੀ ਰਹਿੰਦੀ ਹੈ। ਜਿਆਦਾਤਰ ਕਿਸਾਨ ਪਾਸੇ ਬੈਠ ਕੇ ਗੱਪਾਂ ਮਾਰੀ ਜਾਂਦੇ ਹਨ ਜਾਂ ਤਾਸ਼ ਕੁੱਟੀ ਜਾਂਦੇ ਹਨ ਤੇ ਪੱਲੇਦਾਰ ਆਪਣੀ ਗੇਮ ਖੇਡੀ ਜਾਂਦੇ ਹਨ ਕੁਝ ਆੜ੍ਹਤੀਆਂ ਦੀ ਸਹਿਮਤੀ ਨਾਲ)। ਆੜ੍ਹਤੀ ਦਾ ਮੁਨਸ਼ੀ ਜਿਹੜੀ ਪਰਚੀ ਫੜਾ ਦੇਵੇ, ਫੜ੍ਹ ਕੇ ਆਠੇ ਵਾਹੁੰਦੇ ਹੋਏ ਪਿੰਡ ਵੱਲ ਚੱਲ ਪੈਂਦੇ ਹਨ। ਬਹੁਤ ਘੱਟ ਕਿਸਾਨ ਬੋਰੀ ਦਾ ਤੋਲ ਚੈੱਕ ਕਰਦੇ ਹਨ। ਜੇ ਕਿਤੇ ਕਿਸਾਨ ਵੱਧ ਕੀਤੀ ਹੋਈ ਤੁਲਾਈ ਫੜ੍ਹ ਵੀ ਲਵੇ ਤਾਂ ਆੜ੍ਹਤੀ ਸਾਰਾ ਭਾਂਡਾ ਪੱਲੇਦਾਰ ਦੇ ਸਿਰ ’ਤੇ ਭੰਨ੍ਹ ਦੇਂਦਾ ਹੈ, ਅਸਲ ਵਿੱਚ ਦੋਵੇਂ ਰਲੇ ਹੋਏ ਹੁੰਦੇ ਹਨ। ਕਰਜ਼ੇ ਥੱਲੇ ਦੱਬੇ ਹੋਏ ਜਿਆਦਾਤਰ ਕਿਸਾਨ ਆੜ੍ਹਤੀ ਨਾਲ ਹਿਸਾਬ ਕਰਨ ਦੀ ਜੁੱਰਅਤ ਨਹੀਂ ਕਰਦੇ ਕਿ ਕਿਤੇ ਇਹ ਸਾਰੇ ਪੈਸੇ ਐਡਵਾਂਸ ਵਿੱਚ ਹੀ ਨਾ ਕੱਟ ਲਵੇ।

ਜੋ ਆੜ੍ਹਤੀ ਨੇ ਕਹਿ ਦਿੱਤਾ, ਸੋ ਸਤਿ ਬਚਨ! 1989-90 ਦੀ ਗੱਲ ਹੈ ਮੈਂ ਝੋਨੇ ਦੀ ਟਰਾਲੀ ਲੈ ਕੇ ਭਗਤਾਂ ਵਾਲਾ ਦਾਣਾ ਮੰਡੀ ਅੰਮਿ੍ਰਤਸਰ ਗਿਆ ਸੀ। ਪਹਿਲਾਂ ਮੈਂ ਆੜ੍ਹਤੀ ਨਾਲ ਇਸ ਗੱਲ ਤੋਂ ਪੰਗਾ ਪਾ ਲਿਆ ਕਿ ਦਲਾਲ ਤੇਰੇ ਕੰਨ ਵਿੱਚ ਕਿਉਂ ਰੇਟ ਦੱਸਦੇ ਹਨ? ਸ਼ਰੇਆਮ ਦੱਸਣ, ਮੇਰੀ ਮਰਜ਼ੀ ਮੈਂ ਵੇਚਾਂ ਜਾਂ ਨਾ ਵੇਚਾਂ। ਮੇਰੀ ਦਲਾਲਾਂ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ। ਮੈਂ ਸੋਚਿਆ ਕਿ ਸ਼ਾਇਦ ਬਾਕੀ ਦੇ ਕਿਸਾਨ ਮੇਰੀ ਹਮਾਇਤ ਵਿੱਚ ਅੱਗੇ ਆਉਣਗੇ ਪਰ ਉਹ ਤਾਂ ਉਲਟਾ ਮੇਰੇ ਨਾਲ ਹੀ ਔਖੇ ਹੋ ਗਏ ਕਿ ਤੂੰ ਤਾਂ ਲੱਗਦਾ ਅੱਜ ਝੋਨਾ ਹੀ ਨਹੀਂ ਵਿਕਣ ਦੇਣਾ। ਉਸ ਤੋਂ ਬਾਅਦ ਝੋਨੇ ਦੀ ਸਫਾਈ ਸ਼ੁਰੂ ਹੋ ਗਈ। ਥੋੜ੍ਹੀ ਦੇਰ ਬਾਅਦ ਇੱਕ ਮੰਗਤਾ ਆ ਗਿਆ ਤਾਂ ਇੱਕ ਪੱਲੇਦਾਰ ਨੇ ਮੈਨੂੰ ਪੱੁਛੇ ਬਗੈਰ ਝੋਨੇ ਦਾ ਅੱਧਾ ਪੀਪਾ ਉਸ ਦੀ ਝੋਲੀ ਵਿੱਚ ਪਾ ਦਿੱਤਾ। ਮੰਗਤਾ ਉਸ ਨੂੰ ਅਸੀਸਾਂ ਦੇਂਦਾ ਹੋਇਆ ਆਪਣੇ ਰਾਹ ਪੈ ਗਿਆ। ਇਸ ਤੋਂ ਬਾਅਦ ਪੱਲੇਦਾਰਾਂ ਨੂੰ ਪਾਣੀ ਪਿਆਉਣ ਵਾਲੀ ਇੱਕ ਔਰਤ ਆ ਗਈ। ਸਾਰੇ ਪੱਲੇਦਾਰਾਂ ਨੇ ਪਾਣੀ ਪੀਤਾ ਤੇ ਫਿਰ ਇੱਕ ਪੀਪਾ ਝੋਨੇ ਦਾ ਉਸ ਨੂੰ ਵੀ ਦੇ ਦਿੱਤਾ। ਡੇਢ-ਦੋ ਘੰਟਿਆਂ ਵਿੱਚ ਝੋਨੇ ਦੇ ਚਾਰ-ਪੰਜ ਪੀਪੇ ਉਨ੍ਹਾਂ ਦਾਨੀ ਸੱਜਣਾਂ ਨੇ ਦਾਨ ਕਰਕੇ ਆਪਣਾ ਅੱਗਾ ਸਵਾਰ ਲਿਆ।

ਮੇਰੇ ਕੋਲੋਂ ਰਿਹਾ ਨਾ ਗਿਆ ਤੇ ਮੈਂ ਆਪਣੇ ਆੜ੍ਹਤੀ ਦੀ ਆੜ੍ਹਤ ’ਤੇ ਕਿਸੇ ਹੋਰ ਕਿਸਾਨ ਦੀ ਤੁਲੀ ਹੋਈ ਬੋਰੀ ਧੂਹ ਕੇ ਆਪਣੇ ਝੋਨੇ ਵੱਲ ਕਰ ਲਈ। ਪੱਲੇਦਾਰਾਂ ਦਾ ਚੌਧਰੀ ਭੱਜ ਕੇ ਮੇਰੇ ਵੱਲ ਆਇਆ ਤੇ ਪੁੱਛਣ ਲੱਗਾ ਕਿ ਇਹ ਕੀ ਕਰ ਰਿਹਾਂ ਹੈਂ? ਮੈਂ ਉਸ ਨੂੰ ਜਵਾਬ ਦਿੱਤਾ ਕਿ ਤੂੰ ਮੇਰੇ ਤੋਂ ਬਿਨਾਂ ਪੱੁਛੇ ਜਿੰਨਾ ਝੋਨਾ ਲੁਟਾਵੇਂਗਾ, ਮੈਂ ਉਨੀਆਂ ਹੀ ਬੋਰੀਆਂ ਇੱਧਰੋਂ ਪੂਰੀਆਂ ਕਰੀ ਜਾਣੀਆਂ ਹਨ। ਚੌਧਰੀ ਛਿੱਥਾ ਜਿਹਾ ਪੈ ਗਿਆ ਤੇ ਅਗਾਂਹ ਤੋਂ ਉਸ ਨੇ ਮੇਰੇ ਝੋਨੇ ਵੱਲ ਨਾ ਵੇਖਿਆ। ਮੈਂ ਤਾਂ ਝੋਨੇ ਦੀ ਸਫਾਈ ਤੋਂ ਬਾਅਦ ਨਿੱਕਲਿਆ ਫੂਸ ਵੀ ਲੈ ਆਉਂਦਾ ਹੁੰਦਾ ਸੀ। ਉਸ ਵਿੱਚ ਪੱਲੇਦਾਰ ਇੱਕ ਟਰਾਲੀ ਪਿੱਛੇ ਦਸ ਪੰਦਰਾਂ ਕਿੱਲੋ ਅਨਾਜ ਤਾਂ ਛੱਡ ਹੀ ਦੇਂਦੇ ਹਨ।

ਪਰ ਵੇਖਿਆ ਜਾਵੇ ਤਾਂ ਜਿਆਦਾਤਰ ਕਿਸਾਨ ਇਸ ਲੱੁਟ ਦੇ ਖੁਦ ਜ਼ਿੰਮੇਵਾਰ ਹਨ। ਅਸੀਂ ਬਿਨਾਂ ਵਜ੍ਹਾ ਆਪਣੀਆਂ ਜਰੂਰਤਾਂ ਵਧਾਈਆਂ ਹੋਈਆਂ ਹਨ। ਵਿਆਹਾਂ ਤੇ ਮਰਨਿਆਂ-ਪਰਨਿਆਂ ’ਤੇ ਰੱਜ ਕੇ ਫਜ਼ੂਲਖਰਚੀ ਕਰਦੇ ਹਾਂ। ਪੰਜ ਪਰਸੈਂਟ ਵੀ ਕਿਸਾਨ ਹੱਥੀਂ ਕੰਮ ਕਰਕੇ ਰਾਜ਼ੀ ਨਹੀਂ। ਜਿਹੜਾ ਕਿਸਾਨ ਚਾਦਰ ਵੇਖ ਕੇ ਪੈਰ ਪਸਾਰਦਾ ਹੈ ਤੇ ਬਿਨਾਂ ਵਜ੍ਹਾ ਕਰਜ਼ਾ ਨਹੀਂ ਚੱੁਕਦਾ, ਆੜ੍ਹਤੀ ਉਸ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਕਰਦਾ। ਅਨੇਕਾਂ ਅਜਿਹੇ ਸਿਆਣੇ ਕਿਸਾਨ ਹਨ ਜੋ ਆੜ੍ਹਤੀ ਤੋਂ ਕਰਜ਼ਾ ਲੈਣ ਦੀ ਬਜਾਏ, ਉਸ ਕੋਲ ਪੈਸੇ ਰੱਖ ਕੇ ਵਿਆਜ਼ ਲੈਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।