ਅੰਧਵਿਸ਼ਵਾਸ ਨਾਲ ਕਿਵੇਂ ਹੁੰਦੀ ਐ ਲੋਕਾਂ ਦੀ ਲੁੱਟ? ਪੜ੍ਹੋ ਤੇ ਜਾਣੋ…

Superstition

21ਵੀਂ ਸਦੀ ’ਚ ਵੀ ਅੰਧਵਿਸ਼ਵਾਸ (Superstition) ਜਾਰੀ ਹੈ। ਜਿਸ ਦਾ ਨੁਕਸਾਨ ਆਮ ਜਨਤਾ ਨੂੰ ਆਰਥਿਕ ਲੁੱਟ ਦੇ ਰੂਪ ’ਚ ਹੋ ਰਿਹਾ ਹੈ। ਅੰਧਵਿਸ਼ਵਾਸ ਦਾ ਫਾਇਦਾ ਕੁਝ ਚਲਾਕ ਲੋਕਾਂ ਨੂੰ ਹੋ ਰਿਹਾ ਹੈ ਜੋ ਆਪਣੇ ਟਰਿੱਕ ਵਰਤ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਇਹ ਅੰਧਵਿਸ਼ਵਾਸੀ ਬੰਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਕੁਝ ਅਖੌਤੀ ਬਾਬੇ ਚਮਤਕਾਰ ਵਿਖਾਉਣ ਦੇ ਨਾਂਅ ’ਤੇ, ਮਨ ਦੀ ਗੱਲ ਦੱਸਣ ਦੇ ਨਾਂਅ ’ਤੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਹੈਰਾਨੀ ਤਾਂ ਉਦੋਂ ਹੁੰਦੀ ਹੈ ਜੋ ਆਪਣੇ-ਆਪ ਨੂੰ ਆਧੁਨਿਕਤਾਵਾਦੀ ਤੇ ਪੜ੍ਹੇ-ਲਿਖੇ ਅਖਵਾਉਣ ਵਾਲੇ ਲੋਕ ਵੀ ਅੰਧਵਿਸ਼ਵਾਸਾਂ ਦੀਆਂ ਗੱਲਾਂ ਨੂੰ ਸਿਰ ਹਿਲਾ-ਹਿਲਾ ਕੇ ਮੰਨਦੇ ਹਨ। ਦੂਜੇ ਪਾਸੇ ਅਜਿਹੇ ਲੋਕ ਵੀ ਹਨ ਜੋ ਘੱਟ ਪੜ੍ਹੇ ਹੋਣ ਦੇ ਬਾਵਜ਼ੂਦ ਅੰਧਵਿਸ਼ਵਾਸ ’ਚ ਨਹੀਂ ਪੈਂਦੇ ਅਸਲ ’ਚ ਧਰਮ ਨੂੰ ਮੰਨਣ ਵਾਲੇ ਲੋਕ ਅੰਧਵਿਸ਼ਵਾਸੀਆਂ ਤੋਂ ਦੂਰ ਰਹਿੰਦੇ ਹਨ।

ਜ਼ਾਹਿਰਾ ਚਮਤਕਾਰਾਂ ਨੂੰ ਨਹੀਂ ਮੰਨਦੇ ਧਰਮ ਨੂੰ ਮੰਨਣ ਵਾਲੇ

ਧਰਮ ਨੂੰ ਮੰਨਣ ਵਾਲੇ ਜ਼ਾਹਿਰਾ ਚਮਤਕਾਰਾਂ ’ਚ ਵਿਸ਼ਵਾਸ ਨਹੀਂ ਰੱਖਦੇ ਸਗੋਂ ਕਰਮ ਕਰਕੇ ਖਾਣ ਤੇ ਲਗਾਤਾਰ ਮਿਹਨਤ ਕਰਨ ’ਚ ਵਿਸ਼ਵਾਸ ਰੱਖਦੇ ਹਨ। ਧਰਮਾਂ ’ਚ ਜ਼ਾਹਿਰ ਚਮਤਕਾਰ ਲਈ ਕੋਈ ਥਾਂ ਨਹੀਂ ਸਗੋਂ ਪਰਮਾਤਮਾ ਦੀ ਦਇਆ-ਮਿਹਰ ’ਤੇ ਵਿਸ਼ਵਾਸ ਤੇ ਮਨੱੁਖ ਨੂੰ ਕਰਮ ਕਰਕੇ ਖਾਣ ਦੀ ਨਸੀਹਤ ਹੈ। ਅਸਲ ’ਚ ਵਰਤਮਾਨ ਸਮੇਂ ’ਚ ਲੋਕ ਆਰਥਿਕ ਤੰਗੀਆਂ-ਤੁਰਛੀਆਂ ਤੇ ਬਦਲ ਰਹੇ ਸਮਾਜਿਕ, ਆਰਥਿਕ ਢਾਂਚੇ ਕਾਰਨ ਪ੍ਰੇਸ਼ਾਨ ਹਨ ਧਰਮਾਂ ਦੀ ਸੱਚੀ ਸਿੱਖਿਆ ਤੋਂ ਅਣਜਾਣ ਹੋਣ ਕਾਰਨ ਇਹ ਲੋਕ ਅਖੌਤੀ ਸਿਆਣਿਆਂ ਸਾਹਮਣੇ ਢੇਰ ਹੋ ਜਾਂਦੇ ਹਨ ਤੇ ਹਰ ਝੂਠ-ਫਰੇਬ ਨੂੰ ਸੱਚ ਮੰਨ ਲੈਂਦੇ ਹਨ। ਹਜ਼ਾਰ ਤੋਂ ਲੈ ਕੇ ਲੱਖਾਂ ਦੀ ਫੀਸ ਲੈਣ ਵਾਲੇ ਇਨ੍ਹਾਂ ਅੰਧਵਿਸ਼ਵਾਸੀਆਂ ਦਾ ਧੰਦਾ ਚੱਲ ਰਿਹਾ ਹੈ।

ਪੜ੍ਹੇ ਲਿਖੇ ਲੋਕ ਵੀ ਉਲਝੇ (Superstition)

ਹੈਰਾਨੀ ਇਸ ਗੱਲ ਦੀ ਕੰਪਿਊਟਰ ਤੇ ਵਿਗਿਆਨ ’ਚ ਵਿਸ਼ਵਾਸ ਰੱਖਣ ਵਾਲੇ ਲੋਕ ਵਹਿਮਾਂ-ਭਰਮਾਂ ’ਚ ਅਸਾਨੀ ਨਾਲ ਫਸ ਜਾਂਦੇ ਹਨ। ਆਮ ਲੋਕ ਤਾਂ ਕੀ ਕਈ ਵੱਡੇ-ਵੱਡੇ ਗਾਇਕ ਵੀ ਸਫ਼ਲਤਾ ਦੀਆਂ ਪਾਉੜੀਆਂ ਚੜ੍ਹਨ ਲਈ ਅੰਧਵਿਸ਼ਵਾਸ ਦਾ ਸਹਾਰਾ ਲੈਂਦੇ ਹਨ। ਕਈ ਵਾਰ ਇਹ ਅੰਧਵਿਸ਼ਵਾਸੀ ਬੜੀਆਂ ਹਾਸੋਹੀਣੀਆਂ ਗੱਲਾਂ ਕਰਦੇ ਹਨ, ਫ਼ਿਰ ਵੀ ਪੜ੍ਹੇ-ਲਿਖੇ ਲੋਕ ਉਨ੍ਹਾਂ ਗੱਲਾਂ ਨੂੰ ਰੱਬੀ ਹੁਕਮ ਮੰਨਦੇ ਹਨ। ਜੇਕਰ ਤੁਸੀਂ ਸਮੋਸਾ ਖਾਂਦੇ ਹੋ ਤਾਂ ਅਖੌਤੀ ਬਾਬਾ ਕਹਿੰਦਾ ਹੈ ਕਿ ਨਹੀਂ ਕਚੋਰੀ ਖਾਇਆ ਕਰੋ ਤਾਂ ਘਰ ’ਚ ਬਰਕਤ ਜ਼ਿਆਦਾ ਹੋਵੇਗੀ।

ਅਨਪੜ੍ਹ ਵੀ ਹੱਸ ਪੈਂਦਾ ਹੈ (Superstition)

ਅਜਿਹੀਆਂ ਗੱਲਾਂ ਸੁਣ ਕੇ ਅਨਪੜ੍ਹ ਵੀ ਹੱਸ ਪੈਂਦਾ ਹੈ ਪਰ ਅੰਧਵਿਸ਼ਵਾਸ ’ਚ ਫਸਿਆ ‘ਜੈਂਟਲਮੈਨ’ ਇਸ ਨੂੰ ਸੱਚ ਮੰਨ ਕੇ ਅਮਲ ਕਰਦਾ ਹੈ। ਘੱਟੋ-ਘੱਟ ਇਸ ਮਾਮਲੇ ’ਚ ਸਰਕਾਰਾਂ ਨੂੰ ਕੁਝ ਹੱਦ ਤੱਕ ਜਾਗਰੂਕਤਾ ਤਾਂ ਜ਼ਰੂਰ ਫੈਲਾਉਣੀ ਚਾਹੀਦੀ ਹੈ ਕਿ ਧਰਮ ਦੀ ਮਹੱਤਤਾ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ। ਅਸਲ ’ਚ ਧਰਮ ਇੱਕ ਪ੍ਰੇਰਨਾ ਸ਼ਕਤੀ ਹੈ ਜੋ ਮਨੁੱਖ ਨੂੰ ਚੰਗੇ ਕਰਮ ਕਰਨ ਤੇ ਆਸ਼ਾਵਾਦੀ ਬਣਨ ਦੀ ਜਾਚ ਸਿਖਾਉਂਦੀ ਹੈ। ਧਰਮ ਕਿਰਤ ਕਰਨ, ਇਮਾਨਦਾਰੀ ਨਾਲ ਕੰਮ ਕਰਨ, ਹਾਰ ਤੋਂ ਵੀ ਜਿੱਤ ਦਾ ਰਾਹ ਬਣਾਉਣ ਅਤੇ ਸਬਰ-ਸੰਤੋਖ ਰੱਖਣ ਦਾ ਸੰਦੇਸ਼ ਦਿੰਦਾ ਹੈ। ਧਰਮ ਪ੍ਰਕਾਸ਼ ਦਾ ਰਸਤਾ ਹੈ ਤੇ ਅੰਧਵਿਸ਼ਵਾਸ ਅਗਿਆਨ ਦਾ ਹਨ੍ਹੇਰੇ ਭਰਿਆ ਰਾਹ ਧਰਮੀ ਰਾਹ ਵਿਖਾ ਕੇ ਵੀ ਮਨੱੁਖ ਤੋਂ ਕੁਝ ਨਹੀਂ ਲੈਂਦਾ ਜਦੋਂਕਿ ਅੰਧਵਿਸ਼ਵਾਸੀ ਗਲਤ ਰਾਹ ਦੱਸ ਕੇ ਮਨੱੁਖ ਦੀ ਲੁੱਟ ਕਰਦਾ ਹੈ ਧਰਮ ਦੇ ਨਾਂਅ ’ਤੇ ਅੰਧਵਿਸ਼ਵਾਸ ਚਲਾਇਆ ਜਾ ਰਿਹਾ ਹੈ ਜੋ ਧਰਮ ਦੇ ਵਿਰੁੱਧ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ