ਹਰਪਾਲ ਚੀਮਾ ਅੱਜ ਪੇਸ਼ ਕਰਨਗੇ ਆਪਣਾ ਦੂਜਾ ਬਜਟ, ਪੰਜਾਬ ਦੇ ਲੋਕਾਂ ਨੂੰ ਕਾਫ਼ੀ ਆਸ

Punjab Budget 2023

 ਸਿਹਤ ਅਤੇ ਸਿੱਖਿਆ ’ਤੇ ਰਹੇਗਾ ਫੋਕਸ, ਖੇਡਾਂ ਨੂੰ ਵੀ ਮਿਲ ਸਕਦੀ ਐ ਤਰਜੀਹ

ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਦੇ ਐਲਾਨ ਦੀ ਆਸ, ਬਜ਼ੁਰਗਾ ਨੂੰ ਚਾਹੀਦੀ ਐ ਵੱਧ ਪੈਨਸ਼ਨ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਆਪਣੀ ਸਰਕਾਰ ਦਾ ਦੂਜਾ ਬਜਟ ਪੇਸ਼ ਕਰਨਗੇ। ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਜਾਣ ਵਾਲੇ ਇਸ ਬਜਟ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਕਾਫ਼ੀ ਜਿਆਦਾ ਆਸਾਂ ਹਨ ਤਾਂ ਖਜ਼ਾਨਾ ਮੰਤਰੀ ਵੀ ਆਪਣੇ ਪਿਟਾਰੇ ਵਿੱਚੋਂ ਕਾਫ਼ੀ ਕੁਝ ਦੇਣ ਦੀ ਤਿਆਰੀ ਵਿੱਚ ਦਿਖਾਈ ਦੇ ਰਹੇ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਮੇਸ਼ਾ ਹੀ ਸਿੱਖਿਆ ਅਤੇ ਸਿਹਤ ’ਤੇ ਫੋਕਸ ਰਿਹਾ ਹੈ, ਇਸ ਲਈ ਅੱਜ ਪੇਸ਼ ਹੋਣ ਵਾਲੇ ਬਜਟ ਵਿੱਚ ਵੀ ਇਹ ਝਲਕ ਦਿਖਾਈ ਦੇਵੇਗੀ। ਸਿੱਖਿਆ ਅਤੇ ਸਿਹਤ ਨੂੰ ਪਹਿਲਾਂ ਨਾਲੋਂ ਜਿਆਦਾ ਬਜਟ ਮਿਲਣ ਦੀ ਆਸ ਹੈ ਤਾਂ ਖੇਡਾਂ ਨੂੰ ਲੈ ਕੇ ਸਰਕਾਰ ਕਾਫ਼ੀ ਜਿਆਦਾ ਗੰਭੀਰ ਰਹੀ ਹੈ। ਇਸ ਲਈ ਖੇਡ ਵਿਭਾਗ ਨੂੰ ਵੀ ਪਹਿਲਾਂ ਨਾਲੋਂ ਜਿਆਦਾ ਪੈਸਾ ਇਸ ਬਜਟ ਵਿੱਚ ਦਿੱਤਾ ਜਾ ਸਕਦਾ ਹੈ।

ਪੰਜਾਬ ਦੀਆਂ ਔਰਤਾਂ ਲਈ ਹੋ ਸਕਦਾ ਹੈ ਵੱਡਾ ਐਲਾਨ

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਗਿਆ ਸੀ, ਇਸ ਲਈ ਪੇਸ਼ ਹੋਣ ਵਾਲੇ ਬਜਟ ਵਿੱਚ ਮਹਿਲਾਵਾਂ ਨੂੰ ਆਸ ਹੋਏਗੀ ਕਿ ਉਨ੍ਹਾਂ ਨੂੰ ਇਹ 1 ਹਜ਼ਾਰ ਰੁਪਏ ਮਿਲਣਗੇ ਪਰ ਬਜਟ ਐਲਾਨ ਮੌਕੇ ਹੀ ਪਤਾ ਲੱਗੇਗਾ ਕਿ ਸਰਕਾਰ ਵੱਲੋਂ ਇਸੇ ਸਾਲ ਹੀ 1 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਜਾਣਾ ਹੈ ਜਾਂ ਫਿਰ ਇਸ ਐਲਾਨ ਨੂੰ ਅਗਲੇ ਸਾਲ ਤੱਕ ਲੈ ਕੇ ਜਾਣਾ ਹੈ। ਇਸ ਨਾਲ ਹੀ ਪੰਜਾਬ ਦੇ ਬਜ਼ੁਰਗ ਅਤੇ ਵਿਧਵਾਵਾਂ ਵੱਲੋਂ ਪੈਨਸ਼ਨ ਵਿੱਚ ਵਾਧੇ ਲਈ ਸਰਕਾਰ ਵੱਲ ਦੇਖਿਆ ਜਾ ਰਿਹਾ ਹੈ। ਇਨ੍ਹਾਂ ਨੂੰ ਵੀ ਉਮੀਦ ਹੈ ਕਿ ਸਰਕਾਰ ਆਪਣੇ ਐਲਾਨ ਅਨੁਸਾਰ ਭਾਵੇਂ 2500 ਰੁਪਏ ਪੈਨਸ਼ਨ ਨਾ ਕਰੇ ਪਰ ਕੁਝ ਨਾ ਕੁਝ ਇਸ ਬਜਟ ਵਿੱਚ ਵਾਧਾ ਕਰੇ, ਕਿਉਂਕਿ ਪਹਿਲਾਂ ਨਾਲੋਂ ਮਹਿੰਗਾਈ ਚਰਮ ’ਤੇ ਹੈ ਅਤੇ ਰੁਪਏ ਦੀ ਕੀਮਤ ਵੀ ਘੱਟ ਗਈ ਹੈ। ਇਸ ਲਈ 1500 ਰੁਪਏ ਦੀ ਥਾਂ ’ਤੇ ਕੁਝ ਤਾਂ ਵਾਧਾ ਕੀਤਾ ਜਾਣਾ ਚਾਹੀਦਾ ਹੈ।

ਇਸ ਤਰ੍ਹਾਂ ਇੰਡਸਟਰੀਜ਼ ਤੋਂ ਲੈ ਕੇ ਆਮ ਜਨਤਾ ਦੀ ਸਰਕਾਰ ਤੋਂ ਕਾਫ਼ੀ ਜਿਆਦਾ ਆਸ ਹੈ, ਇਸ ਲਈ ਹਰਪਾਲ ਚੀਮਾ ਵੱਲੋਂ ਪੇਸ਼ ਕੀਤਾ ਜਾਣ ਵਾਲਾ ਬਜਟ ਆਮ ਜਨਤਾ ਨੂੰ ਖੁਸ਼ ਕਰੇਗਾ ਜਾਂ ਫਿਰ ਨਿਰਾਸ਼ਾ ਹੀ ਹੱਥ ਲੱਗੇਗੀ, ਇਹ ਸ਼ੁੱਕਰਵਾਰ ਨੂੰ 11 ਵਜੇ ਬਜਟ ਪੇਸ਼ ਕਰਨ ਮੌਕੇ ਪਤਾ ਲੱਗ ਜਾਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ