ਪਨਬੱਸ ਅਤੇ ਦੇ ਕੱਚੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਿੱਚ ਸਰਕਾਰ ਅਸਫਲ

Patiala photo-01, PUNBUS & Raw Employees

ਹਰ ਮਹੀਨੇ ਸੰਘਰਸ਼ ਕਰਕੇ ਫ੍ਰੀ ਸਫਰ ਸਹੂਲਤਾਂ ਦੇ ਪੈਸੇ ਲੈਣ ਅਤੇ ਤਨਖਾਹ ਲੈਣ ਲਈ ਮਜ਼ਬੂਰ ਕੱਚੇ ਮੁਲਾਜ਼ਮ

ਗੇਟ ਰੈਲੀਆਂ ਅਤੇ 21 ਜੂਨ ਨੂੰ ਬੱਸ ਸਟੈਂਡ ਬੰਦ ਦਾ ਦਿੱਤਾ ਸਖਤ ਐਕਸ਼ਨ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਰੋਡਵੇਜ, ਪੱਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਰਜਿ;25/11 ਦੀ ਸੂਬਾਈ ਮੀਟਿੰਗ ਸੂਬਾ ਜਨਰਲ ਸਕੱਤਰ ਸਮਸੇਰ ਸਿੰਘ ਢਿੱਲੋਂ ਦੀ ਦੇਖ ਰੇਖ ਵਿੱਚ ਹੋਈ, ਜਿਸ ਵਿੱਚ 27 ਡਿੱਪੂਆਂ ਦੇ ਆਗੂ ਸਾਹਿਬਾਨ ਨੇ ਸਮੂਲੀਅਤ ਕੀਤੀ। ਇਸ ਮੌਕੇ ਮੀਟਿੰਗ ਵਿੱਚ ਸਾਰੇ ਡਿੱਪੂਆਂ ਦੇ ਵਰਕਰਾਂ ਨੂੰ ਡਿਊਟੀ ਵਿੱਚ ਆ ਰਹੀਆ ਮੁਸਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੁੱਝ ਮਹੀਨਿਆਂ ਤੋਂ ਤਨਖਾਹ ਦੇ ਵਿੱਚ ਹੋ ਰਹੀ ਦੇਰੀ ਨੂੰ ਵੀ ਵਿਚਾਰਿਆ ਗਿਆ। (PUNBUS & Raw Employees)

ਇਸ ਮੌਕੇ ਸੰਬੋਧਨ ਕਰਦਿਆ ਸਮਸੇਰ ਸਿੰਘ ਢਿੱਲੋਂ, ਬਲਜੀਤ ਸਿੰਘ ਰੰਧਾਵਾ, ਬਲਜਿੰਦਰ ਸਿੰਘ,ਹਰਕੇਸ ਕੁਮਾਰ ਵਿੱਕੀ, ਗੁਰਪ੍ਰੀਤ ਸਿੰਘ ਪੰਨੂੰ, ਜਗਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਤਾਂ ਕੀ ਕਰਨਾ ਸਗੋਂ ਮੁਲਾਜ਼ਮਾਂ ਦੇ ਕੱਚੇ ਪਿੱਲੇ ਰੋਜਗਾਰ ਨੂੰ ਖੋਹਣ ਅਤੇ ਤਨਖਾਹ ਦੇਣ ਵਿੱਚ ਅਸਫਲ ਸਾਬਿਤ ਹੋ ਰਹੀ ਹੈ, ਸਰਕਾਰ ਲੋਕਾਂ ਨੂੰ ਖੱਜਲ ਖੁਆਰ ਕਰਨਾ ਚਾਹੁੰਦੀ ਹੈ ਤਾਂ ਹੀ ਸਰਕਾਰ ਬਜਟ ਰੀਲੀਜ ਨਹੀਂ ਕਰ ਰਹੀ, ਸਰਕਾਰ ਲੋਕਾਂ ਨੂੰ ਮੁਫਤ ਦੀਆਂ ਸਹੂਲਤਾਂ ਦੇ ਕੇ ਕਸੂਤੀ ਫਸੀ ਹੋਈ ਹੈ ਤੇ ਸਰਕਾਰ ਕੋਲ ਇੰਨ੍ਹਾਂ ਬਜਟ ਨਹੀਂ ਹੈ ਕਿ ਇਹ ਸਰਕਾਰ ਟਰਾਂਸਪੋਰਟ ਦੇ ਵਰਕਰਾਂ ਦੀ ਤਨਖਾਹ ਸਮੇ ਸਿਰ ਦੇ ਸਕੇ, ਸਗੋਂ ਤਨਖਾਹ ਵਿੱਚ ਦੇਰੀ ਕਰਕੇ ਵਰਕਰਾਂ ਵਿੱਚ ਰੋਸ ਪੈਦਾ ਕਰ ਰਹੀ ਹੈ ਤੇ ਵਰਕਰਾਂ ਨੂੰ ਅਪਣੀ ਬਹੁਤ ਹੀ ਘੱਟ ਤਨਖਾਹ ਜੋ ਸਮੇਂ ਸਿਰ ਨਹੀਂ ਆਉਂਦੀ ਤੇ ਨਿਰਭਰ ਹੋਣ ਕਰਕੇ ਵਰਕਰਾਂ ਨੂੰ ਸੰਘਰਸ ਕਰਨ ਤੇ ਮਜਬੂਰ ਕਰ ਰਹੀ ਹੈ।

ਸਰਕਾਰੀ ਬੱਸਾਂ ਦੀ ਗਿਣਤੀ ਘੱਟੋ ਘੱਟ 10 ਹਜ਼ਾਰ ਕੀਤੀ ਜਾਵੇ

ਡਿੱਪੂਆਂ ਵਿੱਚ ਆ ਰਹੀਆ ਮੁਸਕਲਾਂ ਦਾ ਮੁੱਖ ਕਾਰਨ ਲੰਬੇ ਸਮੇਂ ਤੋਂ ਰਵਾਇਤੀ ਪਾਰਟੀਆਂ ਹਨ ਜੋ ਮੈਨੇਜਮੈਂਟ ਨਾਲ ਮਿਲ ਕੇ ਹੁਣ ਤੱਕ ਵਰਕਰਾਂ ਦਾ ਸੋਸ਼ਣ ਕਰਦੀਆਂ ਆ ਰਹੀਆਂ ਹਨ ਤੇ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਬੱਸਾਂ ਦੇ ਟਾਈਮ ਟੇਬਲ ਵਿੱਚ ਹੇਰ ਫੇਰ ਕਰ ਕੇ ਵਿਭਾਗ ਨੂੰ ਚੂਨਾ ਲਾਇਆ ਜਾ ਰਿਹਾ ਹੈ। 1991 ਦੀ ਪਾਲਸੀ ਅਨੁਸਾਰ 70 ਫੀਸਦੀ ਸਟੇਟ ਦੀ ਸਰਕਾਰੀ ਬੱਸਾਂ ਅਤੇ 30 ਫੀਸਦੀ ਪ੍ਰਾਈਵੇਟ ਬੱਸਾਂ ਹੋਣੀਆਂ ਬਣਦੀਆਂ ਹਨ ਪ੍ਰੰਤੂ ਅੱਜ ਕਾਗਜਾਂ ਵਿੱਚ ਅਤੇ ਹਕੀਕਤ ਵਿੱਚ ਇਸਦੇ ਉਲਟ 70 ਫੀਸਦੀ ਪ੍ਰਾਈਵੇਟ ਬੱਸਾਂ ਹੋ ਚੁੱਕੀਆਂ ਹਨ ਸਰਕਾਰ ਨੇ ਅਬਾਦੀ ਅਨੁਸਾਰ ਨਾ ਤਾਂ ਸਰਕਾਰੀ ਬੱਸਾਂ ਦੀ ਗਿਣਤੀ ਵਧਾਈ ਅਤੇ ਨਾ ਹੀ ਕੋਈ ਨਵੇਂ ਪਰਮਿਟ ਚੁੱਕੇ ਹਨ। ਇਸ ਕਾਰਨ ਸਰਕਾਰੀ ਬੱਸਾਂ ਘੱਟ ਹੋਣ ਕਾਰਨ ਲੋਕ ਬੱਸਾਂ ਓਵਰਲੋਡ ਹੋਣ ਦੇ ਬਾਵਜੂਦ ਮੁਲਾਜ਼ਮਾਂ ਨਾਲ ਨਿੱਤ ਹੀ ਝਗੜਾ ਕਰਦੇ ਹਨ। ਯੂਨੀਅਨ ਮੰਗ ਕਰਦੀ ਹੈ ਕਿ ਸਰਕਾਰੀ ਬੱਸਾਂ ਦੀ ਗਿਣਤੀ ਘੱਟੋ ਘੱਟ 10 ਹਜ਼ਾਰ ਕੀਤੀ ਜਾਵੇ।

ਤਨਖਾਹ ਨਹੀਂ ਆਉਂਦੀ ਤਾਂ ਅਗਲੇ ਐਕਸਨ ਹੋਰ ਵੀ ਤਿੱਖੇ ਕੀਤੇ ਜਾਣਗੇ

ਇਸ ਤੋਂ ਇਲਾਵਾ ਜੋਧ ਸਿੰਘ,ਜਲੋਰ ਸਿੰਘ, ਦਲਜੀਤ ਸਿੰਘ, ਗੁਰਸੇਵਕ ਸਿੰਘ ਸਿੰਘ ਹੈਪੀ ਨੇ ਕਿਹਾ ਕਿ ਜੇਕਰ ਸਰਕਾਰ ਜਲਦੀ ਬਜਟ ਰੀਲੀਜ ਨਹੀਂ ਕਰਦੀ ਅਤੇ ਮੈਨੇਜਮੈਂਟ ਤਨਖਾਹ ਸਮੇ ਸਿਰ ਨਹੀਂ ਪਾਉਂਦੀ ਤਾਂ ਜੱਥੇਬੰਦੀ ਨੂੰ ਤਿੱਖੇ ਸੰਘਰਸ ਉਲੀਕ ਕੇ 17 ਜੂਨ ਨੂੰ ਭਰਵੀਂ ਗੇਟ ਰੈਲੀ ਕਰਕੇ ਅਤੇ 21 ਜੂਨ ਨੂੰ 2 ਘੰਟੇ ਬੱਸ ਸਟੈਂਡ ਵੀ ਬੰਦ ਕਰਕੇ ਤਿੱਖਾ ਸੰਘਰਸ ਕਰਨਾ ਪਵੇਗਾ ਅਤੇ ਜੇਕਰ ਫੇਰ ਵੀ ਤਨਖਾਹ ਨਹੀਂ ਆਉਂਦੀ ਤਾਂ ਅਗਲੇ ਐਕਸਨ ਹੋਰ ਵੀ ਤਿੱਖੇ ਕੀਤੇ ਜਾਣਗੇ ਅਤੇ ਹਰ ਮਹੀਨੇ 10 ਤਰੀਕ ਤੋਂ ਬਾਅਦ ਮੁਲਾਜਮਾਂ ਦੀ ਤਨਖਾਹ ਨਾ ਆਉਣ ਦੀ ਸੂਰਤ ਵਿੱਚ ਯੂਨੀਅਨ ਵਲੋਂ ਗੇਟ ਰੈਲੀ ,ਬੱਸ ਸਟੈਂਡ ਬੰਦ ਸਮੇਤ ਪੰਜਾਬ ਬੰਦ ਕਰਨ ਵਰਗੇ ਐਕਸਨ ਕਰਨ ਲਈ ਯੂਨੀਅਨ ਮਜਬੂਰ ਹੋਵੇਗੀ। ਜਿਸਦੀ ਜਿੰਮੇਵਾਰੀ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਪੰਜਾਬ ਰੋਡਵੇਜ ਪੱਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਡਿਪੂ ਅਹੁਦੇਦਾਰਾਂ ਨੇ ਹਾਜਰੀ ਲਗਵਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ