ਚਚੇਰੇ ਭਰਾ ਦੇ ਕਤਲ ‘ਚ ਸ਼ਾਮਲ ਗੈਂਗਸਟਰ ਲਾਲੀ ਸਿਧਾਣਾ ਗ੍ਰਿਫਤਾਰ

Gangster, Lalli Sidhana, Arrested, Cousin Murder

ਪੁਲਿਸ ਵੱਲੋਂ ਭਾਰੀ ਮਾਤਰਾ ‘ਚ ਨਜਾਇਜ ਅਸਲਾ ਬਰਾਮਦ

ਅਸ਼ੋਕ ਵਰਮਾ, ਬਠਿੰਡਾ

ਬਾਪ ਬੇਟੇ ਦਾ ਕਤਲ ‘ਤੇ ਕੁੱਟਮਾਰ ਅਤੇ ਵੱਖ-ਵੱਖ ਥਾਣਿਆਂ ‘ਚ ਦਰਜ ਅਸਲਾ ਐਕਟ ਦੇ ਮਾਮਲਿਆਂ ‘ਚ ਸ਼ਾਮਲ ਬੀ ਕੈਟਾਗਰੀ ਦੇ ਗੈਂਗਸਟਰ ਗੁਰਲਾਲ ਸਿੰਘ ਉਰਫ ਲਾਲੀ ਸਿਧਾਣਾ ਵਾਸੀ ਪਿੰਡ ਸਿਧਾਣਾ ਨੂੰ ਫੂਲ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਬਠਿੰਡਾ ਪੁਲਿਸ ਦੇ ਸੀਆਈਏ ਸਟਾਫ (ਟੂ) ਨੇ ਲਾਲੀ ਸਿਧਾਣਾ ਨੂੰ ਵੀਰਵਾਰ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਸੀ ਪੁਲਿਸ ਨੇ ਲਾਲੀ ਸਿਧਾਣਾ ਕੋਲੋਂ 9 ਐਮਐਮ ਦਾ ਪਿਸਤੌਲ ਤੇ 12 ਰੌਂਦ,32 ਬੋਰ ਦਾ ਰਿਵਾਲਵਰ ਤੇ 17 ਰੌਂਦ,ਇੱਕ ਦੇਸੀ ਪਿਸਤੌਲ ਤੇ ਉਸ ਦੇ 6 ਕਾਰਤੂਸ,12 ਬੋਰ ਬੰਦੂਕ ਤੇ 22 ਕਾਰਤੂਸ, 16 ਰੌਂਦ 315 ਬੋਰ ਅਤੇ 22 ਰੌਂਦ 455 ਬੋਰ ਦੇ ਬਰਾਮਦ ਕੀਤੇ ਹਨ। ਪੁਲਿਸ ਹੁਣ ਲਾਲੀ ਸਿਧਾਣਾ ਦਾ ਰਿਮਾਂਡ ਹਾਸਲ ਕਰਕੇ ਉਸ ਦੇ ਅਗਲੇ ਨਿਸ਼ਾਨੇ ਅਤੇ ਪਿਛਲੀਆਂ ਵਾਰਦਾਤਾਂ ਸਬੰਧੀ ਪੁੱਛ ਪੜਤਾਲ ਕਰੇਗੀ।

ਪੁਲਿਸ ਨੂੰ ਇਹ ਕਾਮਯਾਬੀ ਕੁਝ ਦਿਨ ਪਹਿਲਾਂ ਮਾਨਸਾ ਦੇ ਝੁਨੀਰ ਇਲਾਕੇ ਚੋਂ ਪੁਲਿਸ ਮੁਕਾਬਲੇ ਦੌਰਾਨ ਗਿਫ੍ਰਤਾਰ 4 ਗੈਂਗਸਟਰਾਂ ਕੋਲੋਂ ਪੁੱਛਗਿਛ ਦੇ ਅਧਾਰ ਤੇ ਮਿਲੀ ਹੈ। ਬਠਿੰਡਾ ਪੁਲਿਸ ਗੈਂਗਸਟਰ ਲਾਲੀ ਸਿਧਾਣਾ ਦੀ ਪਿਛਲੇ ਪੰਜ ਵਰ੍ਹਿਆਂ ਤੋਂ ਤਲਾਸ਼ ਕਰ ਰਹੀ ਸੀ ਪਰ ਉਹ ਹੱਥ ਨਹੀਂ ਲੱਗ ਰਿਹਾ ਸੀ। ਪੰਜਾਬ ਸਰਕਾਰ ਵੱਲੋਂ ਹਾਈਕੋਰਟ ਦੇ ਆਦੇਸ਼ਾਂ ਤੋਂ ਪਿੱਛੋਂ ਪੁਲਿਸ ਨੂੰ ਗੈਂਗਸਟਰ ਗਿਰੋਹਾਂ ਨੂੰ ਕਾਬੂ ਕਰਨ ਦੀਆਂ ਹਦਾਇਤਾਂ ਦੇ ਅਧਾਰ ਤੇ ਬਠਿੰਡਾ ਪੁਲਿਸ ਜਿਲ੍ਹੇ ‘ਚ ਸਰਗਰਮੀਆਂ ਚਲਾਉਣ ਵਾਲੇ ਗੈਂਗਸਟਰਾਂ ਤੇ ਨਜ਼ਰ ਰੱਖ ਰਹੀ ਸੀ, ਜਿਸ ਦਾ ਸਿੱਟਾ ਲਾਲੀ ਸਿਧਾਣਾ ਦੀ ਗ੍ਰਿਫਤਾਰੀ ਦੇ ਰੂਪ ‘ਚ ਨਿਕਲਿਆ ਹੈ।

ਪੁਲਿਸ ਨੂੰ ਮਿਲੀ ਸਫਲਤਾ ਦਾ ਖੁਲਾਸਾ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਡਾ ਨਾਨਕ ਸਿੰਘ, ਐਸਪੀ ਬਿਊਰੋ ਆਫ ਇਨਵੈਸਟੀਗੇਸ਼ਨ ਜੀਐਸ ਸੰਘਾ ਅਤੇ ਡੀਐਸਪੀ (ਡੀ) ਜਸਪਿੰਦਰ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ। ਐਸਐਸਪੀ  ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਲਾਲੀ ਸਿਧਾਣਾ ਲਹਿਰਾ ਧੂੜਕੋਟ ਆਪਣੇ ਸਹੁਰੇ ਘਰ ਆ ਰਿਹਾ ਹੈ। ਪੁਲਿਸ ਨੇ ਉਸ ਨੂੰ ਲਹਿਰਾ ਧੂੜਕੋਟ ਲਾਗਿਓਂ ਗ੍ਰਿਫਤਾਰ ਕਰ ਲਿਆ। ਐਸਐਸਪੀ ਨੇ ਦੱਸਿਆ ਕਿ ਅਦਾਲਤ ਚੋਂ ਗੁਰਲਾਲ ਸਿੰਘ ਉਰਫ ਲਾਲੀ ਸਿਧਾਣਾ ਦਾ ਪੁਲਿਸ ਰਿਮਾਂਡ ਲਿਆ ਜਾਏਗਾ ਤਾਂ ਜੋ ਉਸ ਦੀਆਂ ਸਰਗਰਮੀਆਂ ਅਤੇ ਉਸ ਖਿਲਾਫ ਦਰਜ ਕੇਸਾਂ ਦੀ ਛਾਣਬੀਣ ਕੀਤੀ ਜਾ ਸਕੇ।

ਆਤਮਸਮਰਪਣ ਕਰਨ ਦੀ ਤਿਆਰੀ ‘ਚ ਸੀ ਲਾਲੀ

ਹਾਲਾਂਕਿ ਪੁਲਿਸ ਅਫਸਰਾਂ ਨੇ ਅਣਜਾਣਤਾ ਜਤਾਈ ਹੈ ਪਰ ਲਾਲੀ ਸਿਧਾਣਾ ਅਦਾਲਤ ਅੱਗੇ ਆਤਮਸਮਰਪਣ ਕਰਨ ਦੀ ਤਿਆਰੀ ਕਰ ਰਿਹਾ ਸੀ ਕਿ ਉਹ ਪੁਲਿਸ ਦੇ ਹੱਥੇ ਚੜ੍ਹ ਗਿਆ। ਪਤਾ ਲੱਗਿਆ ਹੈ ਕਿ ਉਸ ਨੇ ਦੋ ਤਿੰਨ ਦਿਨ ਪਹਿਲਾਂ ਆਪਣੇ ਵਕੀਲ ਨਾਲ ਵੀ ਮੁਲਾਕਾਤ ਕੀਤੀ ਸੀ ਜਿਸ ਦੀ ਪੁਲਿਸ ਨੂੰ ਭਿਣਕ ਪੈ ਗਈ। ਸੂਤਰਾਂ ਨੇ ਦੱਸਿਆ ਕਿ ਪੁਲਿਸ ਉਦੋਂ ਤੋਂ ਲਗਾਤਾਰ ਉਸ ਦਾ ਪਿੱਛਾ ਕਰ ਰਹੀ ਸੀ ਅਤੇ ਅੰਤ ਨੂੰ ਉਸ ਨੂੰ ਸਹੁਰਿਆਂ ਨੇੜੇ ਦਬੋਚਣ ‘ਚ ਸਫਲ ਹੋ ਗਈ।

ਲਾਲੀ ਸਿਧਾਣਾ ਦਾ ਅਪਰਾਧਿਕ ਰਿਕਾਰਡ

15 ਮਾਰਚ 2014 ਨੂੰ ਲਾਲੀ ਸਿਧਾਣਾ ਨੇ ਚਚੇਰੇ ਭਰਾ ਅਮਨਦੀਪ ਸਿੰਘ ਉਰਫ ਅਮਨਾ ਸਿਧਾਣਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਹ ਇਸ ਮਾਮਲੇ ‘ਚ 27 ਨਵੰਬਰ 2017 ਤੋਂ ਭਗੌੜਾ ਚਲਿਆ ਆ ਰਿਹਾ ਹੈ। ਵਿਸ਼ੇਸ਼ ਤੱਥ ਹੈ ਕਿ ਉਸ ਨੇ ਜਮਾਨਤ ਤੇ ਬਾਹਰ ਆਉਣ ਮਗਰੋਂ 12 ਸਤੰਬਰ 2016 ਨੂੰ ਅਮਨਾ ਸਿਧਾਣਾ ਦੇ ਪਿਤਾ ਦਾ ਕਤਲ ਕਰ ਦਿੱਤਾ ਸੀ। ਇਸ ਸਬੰਧ ‘ਚ ਥਾਣਾ ਤਪਾ ‘ਚ ਦਰਜ ਮੁਕੱਦਮੇ ‘ਚ ਉਹ 22 ਮਾਰਚ 2018 ਨੂੰ ਭਗੌੜਾ ਐਲਾਨਿਆ ਗਿਆ ਸੀ। ਲਾਲੀ ਸਿਧਾਣਾ ਖਿਲਾਫ ਅਸਲਾ ਐਕਟ ਤਹਿਤ ਦੋ ਮੁਕੱਦਮੇ ਥਾਣਾ ਜੋਗਾ ਵਿਖੇ ਦਰਜ ਹਨ। ਇੰਨ੍ਹਾਂ ਚੋਂ ਇੱਕ ਸੁਣਵਾਈ ਅਧੀਨ ਹੈ ਅਤੇ ਉਹ ਅਦਾਲਤ ‘ਚੋਂ ਗੈਰਹਾਜਰ ਚਲਿਆ ਆ ਰਿਹਾ ਹੈ। ਪਿੰਡ ਮਹਿਰਾਜ ‘ਚ ਕੁੱਟਮਾਰ ਕਰਨ ਅਤੇ ਗੱਡੀਆਂ ਵਗੈਰਾ ਭੰਨਣ ਦੇ ਮਾਮਲੇ ‘ਚ ਲਾਲੀ ਸਿਧਾਣਾ ਖਿਲਾਫ ਥਾਣਾ ਸਿਟੀ ਰਾਮਪੁਰਾ ‘ਚ ਕੇਸ ਦਰਜ ਹੈ, ਇਸੇ ਥਾਣੇ ‘ਚ ਹੀ 28 ਜਨਵਰੀ 2018 ਨੂੰ ਵੀ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਮਾਮਲਿਆਂ ‘ਚ ਉਸ ਦੀ ਗ੍ਰਿਫਤਾਰੀ ਬਾਕੀ ਹੈ। ਲਾਲੀ ਸਿਧਾਣਾ ਖਿਲਾਫ 22 ਜਨਵਰੀ 2009 ਨੂੰ ਥਾਣਾ ਸ਼ਹਿਣਾ ਵਿਖੇ ਵੀ ਮੁਕੱਦਮਾ ਦਰਜ ਹੋਇਆ ਸੀ ਜਿਸ ਚੋਂ ਉਹ 11 ਦਸੰਬਰ 2014 ਨੂੰ ਬਰੀ ਹੋ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।