ਪਿੰਡ ਪੀਰ ਬਖਸ਼ ਚੌਹਾਨ ਦੇ ਛੱਪੜ ‘ਚੋਂ ਮਿਲੇ ਬੰਬ ਨੂੰ ਕੀਤਾ ਨਕਾਰਾ

ਜਲਾਲਾਬਾਦ, (ਰਜਨੀਸ਼ ਰਵੀ) ਜਲਾਲਾਬਾਦ ਦੇ ਨੇੜੇ ਪੈਂਦੇ ਪਿੰਡ ਪੀਰ ਬਖਸ਼ ਚੌਹਾਨ ਦੇ ਛੱਪੜ ਵਿਚੋਂ ਬੀਤੇ ਦਿਨ ਮਿਲੇ ਬੰਬ ਨੂੰ ਆਰਮੀ ਦੇ ਬੰਬ ਰੋਧਕ ਦਸਤੇ ਨੇ ਪੂਰੀ ਤਰਾਂ ਨਕਾਰਾ ਕਰ ਦਿੱਤਾ ਹੈ।  ਵਰਣਨਯੋਗ ਹੈ ਕਿ ਬੀਤੇ ਦਿਨ ਪਿੰਡ ਦੇ ਛੱਪੜ ਨੂੰ ਪੰਚਾਇਤ ਵਲੋਂ ਸਾਫ ਕੀਤਾ ਜਾ ਰਿਹਾ ਸੀ ਅਤੇ ਇਸ ਸਮੇਂ ਛੱਪੜ ਵਿਚੋਂ ਬੰਬ ਮਿਲਿਆ, ਜਿਸਦੀ ਤੁਰੰਤ ਸੂਚਨਾ ਪੁਲਿਸ ਥਾਨਾ ਅਮੀਰ ਖਾਸ ਨੂੰ ਦਿੱਤੀ ਗਈ ਅਤੇ ਸੂਚਨਾ ਮਿਲਣ ਉਪਰੰਤ ਐਸ.ਐਚ.ਓ. ਜੋਗਿੰਦਰ ਸਿੰਘ ਮੌਕੇ ‘ਤੇ ਟੀਮ ਸਮੇਤ ਪੁੱਜ ਗਏ ਤੇ ਸੁਰੱਖਿਆ ਦੇ ਮੱਦੇਨਜਰ ਬੰਬ ਦੇ ਆਸ ਪਾਸ ਰੇਤ ਦੇ ਗੱਟਿਆਂ ਨੂੰ ਭਰਵਾ ਕੇ ਰੱਖ ਦਿੱਤਾ ਤੇ ਆਸ ਪਾਸ ਦੇ ਏਰੀਏ ਨੂੰ ਖਾਲੀ ਕਰਵਾ ਦਿੱਤਾ।
ਅੱਜ ਫਿਰੋਜਪੁਰ ਤੋਂ ਆਰਮੀ ਆਰਡੀਨੈਸ ਵਿਭਾਗ ਦੇ ਕਰਨਲ ਅਰਵਿੰਦ ਪੁਰੀ ਅਤੇ ਮੇਜਰ ਸਚਿਨ ਉਜਵਲ ਦੀ ਹਾਜਰੀ ਵਿੱਚ ਬੰਬ ਰੋਧਕ ਟੀਮ ਸਮੇਤ ਮੌਕੇ ‘ਤੇ ਪੁੱਜੇ ਇਸ ਮੌਕੇ ਸੁਰੱਖਿਆ ਦੇ ਪੂਰੇ ਪ੍ਰਬੰਧ ਕਰਨ ਉਪਰੰਤ ਬੰਬ ਨਕਾਰਾ ਕਰਨ ਵਾਲੀ ਟੀਮ ਦੇ ਮੁਖੀ ਮਾਨ ਸਿੰਘ ਦੀ ਅਗਵਾਈ ਵਿੱਚ 5 ਮੈਂਬਰੀ ਟੀਮ ਨੇ ਬੰਬ ਨੂੰ ਨਕਾਰਾ ਕਰ ਦਿੱਤਾ ਗਿਆ। ਸੁਰੱਖਿਅਤ ਬੰਬ ਨਕਾਰਾ ਹੋਣ ਸਮੇਂ ਹੋਏ ਧਮਾਕੇ ਦੀ  ਅਵਾਜ ਦੂਰ ਤੱਕ ਸੁਣਾਈ ਦਿੱਤੀ। ਸੈਨਾ ਦੇ ਅਧਿਕਾਰੀਆਂ ਵਲੋਂ ਬੰਬ ਦੀ ਪਹਿਚਾਣ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।