ਮੁੱਖ ਮੰਤਰੀ ਅਮਰਿੰਦਰ ਦੇ ਜ਼ਿਲ੍ਹੇ ‘ਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਪ੍ਰਚਾਰ

Former, Chief Minister, Parkash Singh Badal, Publicity, Chief Minister Amarinder, district

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਸਾਨ ਮੇਲੇ ‘ਚ ਪਰਕਾਸ਼ ਸਿੰਘ ਬਾਦਲ ਦੀਆਂ ਫੋਟੋਆਂ ਤੇ ਸੰਦੇਸ਼ ਵਾਲੀ ਪ੍ਰਚਾਰ ਸਮੱਗਰੀ ਹੀ ਵੰਡ’ਤੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਅੰਦਰ ਰੌਣੀ ਵਿਖੇ ਲੱਗੇ ਕਿਸਾਨ ਮੇਲੇ ਦੌਰਾਨ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇ ਛਾਪੀ ਗਈ ਪ੍ਰਚਾਰ ਸਮੱਗਰੀ ਹੀ ਕਿਸਾਨਾਂ ਨੂੰ ਵੰਡ ਦਿੱਤੀ। ਆਲਮ ਇਹ ਰਿਹਾ ਕਿ ਇਸ ਪ੍ਰਚਾਰ ਸਮੱਗਰੀ ਵਿੱਚ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਉਸ ਸਮੇਂ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਦਿਲ ਖੋਲ੍ਹ ਕੇ ਪ੍ਰਸੰਸਾ ਦਰਸਾਈ ਗਈ ਹੈ। ਜਾਣਕਾਰੀ ਅਨੁਸਾਰ ਰੌਣੀ ਵਿਖੇ ਲੱਗੇ ਕਿਸਾਨ ਮੇਲੇ ਵਿੱਚ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਕੇ ਵਤਾਵਾਰਣ ਬਚਾਉਣ ਸਬੰਧੀ ਵੱਖ-ਵੱਖ ਕਿਤਾਬਾਂ ਵੰਡੀਆਂ ਗਈਆਂ ਤਾਂ ਜੋ ਕਿਸਾਨ ਇਨ੍ਹਾਂ ਤੋਂ ਸਿੱਖਿਆ ਲੈ ਕੇ ਅੱਗ ਨਾ ਲਾਉਣ ਸਮੇਤ ਕੁਦਰਤੀ ਸੋਮਿਆਂ ਦੀ ਸੰਭਾਲ ਪ੍ਰਤੀ ਚੁਕੰਨੇ ਹੋ ਸਕਣ।

ਇਸ ਦੌਰਾਨ ਦੇਖਿਆ ਗਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 7 ਜੁਲਾਈ 2011 ‘ਚ ਛਾਪੀ ਗਈ ‘ਵਾਤਾਵਰਨ ਬਚਾਅ ਸੋਹਣਿਆ’ ਸਬੰਧੀ ਛਾਪੀ ਗਈ ਕੁਦਰਤੀ ਸੋਮਿਆਂ ਨੂੰ ਸਮਰਪਿਤ ਬਾਲ ਗੀਤ ਪੁਸਤਕ ਹੀ ਵੰਡ ਦਿੱਤੀ ਗਈ। ਇਸ ਪੁਸਤਕ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਹੀ ਸੰਦੇਸ਼ ਦਿੱਤਾ ਗਿਆ ਹੈ, ਜਿਸ ‘ਚ ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਪ੍ਰਸੰਸਾ ਕੀਤੀ ਗਈ ਹੈ ਕਿ ਬੋਰਡ ਜਾਗਰੂਕਤਾ ਦੇ ਨਿਵੇਕਲੇ ਢੰਗ ਅਪਣਾ ਰਿਹਾ ਹੈ। ਜਦਕਿ ਇਸ ਦੇ ਸੰਪਾਦਕ ਡਾ. ਬਾਬੂ ਰਾਮ ਜੋ ਕਿ ਉਸ ਸਮੇਂ ਮੈਂਬਰ ਸਕੱਤਰ ਸਨ, ਉਹ ਵੀ ਰਿਟਾਇਰ ਹੋ ਚੁੱਕੇ ਹਨ।

ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਗਭਗ ਦੋ ਸਾਲਾਂ ਤੋਂ ਪੰਜਾਬ ‘ਚ ਬਣੀ ਅਮਰਿੰਦਰ ਸਿੰਘ ਦੀ ਫੋਟੋ ਵਾਲੀ ਨਵੀਂ ਕਿਤਾਬ ਛਪਵਾਉਣ ਦੀ ਖੇਚਲ ਨਹੀਂ ਕੀਤੀ, ਸਗੋਂ ਸੱਤ ਸਾਲ ਪਹਿਲਾਂ ਛਪੀਆਂ ਕਿਤਾਬਾਂ ਜਰੀਏ ਹੀ ਜਾਗਰੂਕਤਾ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਜਦਕਿ ਹੁੰਦਾ ਇਹ ਹੈ ਕਿ ਸਰਕਾਰ ਬਦਲਣ ਤੋਂ ਬਾਅਦ ਸਬੰਧਿਤ ਸਰਕਾਰ ਦੀਆਂ ਫੋਟੋਆਂ ਵਾਲਾ ਲਿਟਰੇਚਰ ਆਮ ਲੋਕਾਂ ਦੇ ਹੱਥਾਂ ‘ਚ ਦਿੱਤਾ ਜਾਂਦਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਟਾਲ ‘ਤੇ ਵੱਡੀ ਗਿਣਤੀ ‘ਚ ਇਹ ਕਿਤਾਬਾਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੰਡੀਆਂ ਗਈਆਂ ਜੋ ਕਿ ਬੋਰਡ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਰਹੀਆਂ ਹਨ ਕਿ ਮੌਜੂਦਾ ਸਮੇਂ ਮੁੱਖ ਮੰੰਤਰੀ ਕੌਣ ਹਨ।

ਇਸ ਸਬੰਧੀ ਪਤਾ ਕਰਦੇ ਹਾਂ : ਚੇਅਰਮੈਨ

ਇਸ ਸਬੰਧੀ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਐੱਸ. ਐੱਸ. ਮਰਵਾਹਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਪਤਾ ਕਰਕੇ ਇਸ ਸਬੰਧੀ ਤੁਹਾਨੂੰ ਦੱਸਦੇ ਹਨ। ਉਨ੍ਹਾਂ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵਟਦਿਆਂ ਕਿਹਾ ਕਿ ਉਹ ਅਜੇ ਕੰਮ ਕਰ ਰਹੇ ਹਨ।