ਮੁਹਾਲੀ-ਚੰਡੀਗੜ੍ਹ ਬਾਰਡਰ ’ਤੇ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ

24 ਘੰਟੇ ਤੱਕ ਕਰਨਗੇ ਇੰਤਜ਼ਾਰ ਕਿਸਾਨ, ਬੁੱਧਵਾਰ ਨੂੰ ਤੋੜਨਗੇ ਬੈਰੀਕੇਟਰ, ਚੰਡੀਗੜ੍ਹ ’ਚ ਬੈਠਣਗੇ ਕਿਸਾਨ

  •  ਫਰੀਜ ਕੂਲਰ, ਰਾਸ਼ਨ, ਸਿਲੰਡਰ, ਟੈੱਟ ਲੈ ਕੇ ਪੁੱਜੇ ਕਿਸਾਨ, ਨਹੀਂ ਮੁੜਨਗੇ ਪਿੱਛੇ ਕਿਸਾਨ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਕਿਸਾਨਾਂ ਵੱਲੋਂ ਸਿੰਘੂ ਬਾਰਡਰ ਤੋਂ ਬਾਅਦ ਹੁਣ ਮੁਹਾਲੀ-ਚੰਡੀਗੜ੍ਹ ਬਾਰਡਰ ਵਿਖੇ ਪੱਕਾ ਮੋਰਚਾ ਲਗਾ ਦਿੱਤਾ ਹੈ। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੋ-ਦੋ ਹੱਥ ਕਰਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਕਿਸਾਨ ਕਿਸੇ ਵੀ ਹਾਲਤ ਵਿੱਚ ਵਾਪਸ ਆਪਣੇ ਘਰਾਂ ਨੂੰ ਵਾਪਸ ਜਾਣ ਨੂੰ ਤਿਆਰ ਨਹੀਂ ਹਨ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾ ਕੇ ਹੀ ਵਾਪਸ ਮੁੜਨਗੇ।

ਪੰਜਾਬ ਦੇ ਕਿਸਾਨਾਂ ਵੱਲੋਂ ਇੱਕ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ ਮੰਗਲਵਾਰ ਨੂੰ ਚੰਡੀਗੜ੍ਹ ਨੂੰ ਕੂਚ ਕਰਨਗੇ ਅਤੇ ਤੈਅ ਪ੍ਰੋਗਰਾਮ ਅਨੁਸਾਰ ਕਿਸਾਨਾਂ ਵੱਲੋਂ ਚੰਡੀਗੜ੍ਹ ਵੱਲ ਕੂਚ ਵੀ ਕੀਤਾ ਗਿਆ ਪਰ ਮੁਹਾਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਸ਼ ਕੀਤੀ ਗਈ ਤਾਂ ਕਿਸਾਨਾਂ ਵੱਲੋਂ ਮੁਹਾਲੀ ਪੁਲਿਸ ਦਾ ਪਹਿਲਾ ਬੈਰੀਕੇਟਰ ਤੋੜਦੇ ਹੋਏ ਵਾਈਪੀਐਸ ਚੌਂਕ ਤੱਕ ਆਪਣੀ ਪਹੁੰਚ ਕਰ ਲਈ ਪਰ ਇੱਥੇ ਦੂਜੇ ਬੈਰੀਕੇਟਰ ਨੂੰ ਤੋੜ ਕੇ ਇਸ ਤੋਂ ਅੱਗੇ ਚੰਡੀਗੜ੍ਹ ਬਾਰਡਰ ਵਾਲੇ ਚੌਂਕ ਤੱਕ ਜਾਣ ਦੀ ਥਾਂ ’ਤੇ ਕਿਸਾਨਾਂ ਵੱਲੋਂ 24 ਘੰਟੇ ਤੱਕ ਦਾ ਇੰਤਜ਼ਾਰ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਅਣਮਿਥੇ ਸਮੇਂ ਚੱਲੇਗਾ ਮੋਰਚਾ

ਜੇਕਰ ਬੁੱਧਵਾਰ ਸਵੇਰ ਤੱਕ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਕੀਤਾ ਗਿਆ ਤਾਂ ਕਿਸਾਨ ਵਾਈਪੀਐਸ ਵਾਲੇ ਚੌਕ ਦਾ ਬੈਰੀਕੇਟਰ ਵੀ ਤੋੜਦੇ ਹੋਏ ਚੰਡੀਗੜ੍ਹ ਪੁਲਿਸ ਦੇ ਬੈਰੀਕੇਟਰ ਤੱਕ ਪੁੱਜਣਗੇ। ਜਿਸ ਤੋਂ ਅੱਗੇ ਜਾਣ ਦੀ ਥਾਂ ’ਤੇ ਕਿਸਾਨਾਂ ਵੱਲੋਂ ਪੱਕਾ ਮੋਰਚਾ ਲਗਾਉਂਦੇ ਹੋਏ ਆਪਣੇ ਟੈੱਟ ਲਗਾ ਦਿੱਤੇ ਜਾਣਗੇ ਅਤੇ ਮੋਰਚੇ ਨੂੰ ਅਣਮਿਥੇ ਸਮੇਂ ਤੱਕ ਚਲਾਇਆ ਜਾਏਗਾ।

ਸੰਯੁਕਤ ਕਿਸਾਨ ਮੋਰਚਾ ਆਪਣੇ ਨਾਲ ਹਰ ਤਰ੍ਹਾਂ ਦਾ ਸਮਾਨ ਲੈ ਕੇ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਮੋਰਚੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਕਿਸਾਨਾਂ ਵੱਲੋਂ ਪੱਕੇ ਟੈੱਟ ਦੇ ਨਾਲ ਹੀ ਗਰਮੀ ਤੋਂ ਬਚਣ ਲਈ ਕੂਲਰ ਅਤੇ ਮਨੋਰੰਜਨ ਲਈ ਟੀਵੀ ਤੱਕ ਲੈ ਕੇ ਆਏ ਗਏ ਹਨ। ਗਰਮੀ ਵਿੱਚ ਠੰਢਾ ਪਾਣੀ ਲਈ ਫਰੀਜ਼ ਵੀ ਕਿਸਾਨਾਂ ਟਰਾਲੀਆਂ ਵਿੱਚ ਲੈ ਕੇ ਗਏ ਹਨ। ਇਸ ਨਾਲ ਹੀ 6 ਮਹੀਨੇ ਦੇ ਰਾਸ਼ਨ ਦੇ ਨਾਲ ਹਰ ਤਰ੍ਹਾਂ ਦਾ ਖਾਣ-ਪੀਣ ਦਾ ਸਮਾਨ ਕਿਸਾਨ ਆਪਣੇ ਨਾਲ ਲੈ ਕੇ ਆਏ ਹਨ।

farmerਕਿਸਾਨ ਲੀਡਰਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਮਹੀਨੇ ਕੀਤੀ ਗਈ ਮੀਟਿੰਗ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਕਣਕ ਦੇ ਝਾੜ ਵਿੱਚ ਆਈ ਘਾਟ ਨੂੰ ਦੇਖਦੇ ਹੋਏ 500 ਰੁਪਏ ਤੱਕ ਦਾ ਬੋਨਸ ਦਿੱਤਾ ਜਾਏਗਾ ਪਰ ਇਸ ਮਾਮਲੇ ਵਿੱਚ ਹੁਣ ਤੱਕ ਭਗਵੰਤ ਮਾਨ ਵੱਲੋਂ ਕੋਈ ਵੀ ਫੈਸਲਾ ਕਰਦੇ ਹੋਏ ਬੋਨਸ ਨਹੀਂ ਦਿੱਤਾ ਗਿਆ ਹੈ।

ਝੋਨੇ ਦੀ ਬਿਜਾਈ ਦੀ ਵੰਡ ਕਿਸਾਨਾਂ ਨੂੰ ਨਹੀਂ ਆਈ ਪਸੰਦ

ਇਸ ਨਾਲ ਹੀ ਝੋਨੇ ਦੀ ਬਿਜਾਈ ਲਈ 4 ਜ਼ੋਨਾਂ ਵਿੱਚ ਕੀਤੀ ਗਈ ਵੰਡ ਕਿਸਾਨ ਜਥੇਬੰਦੀਆਂ ਨੂੰ ਪਸੰਦ ਨਹੀਂ ਆਈ ਹੈ ਅਤੇ ਕਿਸਾਨ ਤਾਂ ਪਹਿਲਾਂ ਵਾਂਗ ਹੀ ਪੰਜਾਬ ਭਰ ਵਿੱਚ 10-15 ਜੂਨ ਤੋਂ ਹੀ ਝੋਨੇ ਨੂੰ ਲਗਾਉਣ ਦਾ ਕੰਮ ਸ਼ੁਰੂ ਕਰ ਦੇਣਗੇ। ਸਰਕਾਰ ਵੱਲੋਂ ਬਣਾਏ ਗਏ 18, 20, 22 ਅਤੇ 24 ਜੂਨ ਨੂੰ 6-6 ਜ਼ਿਲੇ ਅਨੁਸਾਰ ਝੋਨੇ ਦੀ ਲਗਾਈ ਕਿਸੇ ਵੀ ਹਾਲਤ ਵਿੱਚ ਨਹੀਂ ਹੋਏਗੀ, ਕਿਉਂਕਿ ਇਸ ਨਾਲ ਕਣਕ ਵਿੱਚ ਦੇਰੀ ਹੋਏਗੀ ਅਤੇ ਤੇਜ਼ ਗਰਮੀ ਕਰਕੇ ਮੁੜ ਉਨਾਂ ਨੂੰ ਹੀ ਨੁਕਸਾਨ ਹੋਏਗਾ। ਇਸ ਨਾਲ ਹੀ ਮੂੰਗੀ ’ਤੇ ਐਮਐਸਪੀ ਦਾ ਨੋਟੀਫਿਕੇਸ਼ਨ ਮੰਗਿਆ ਗਿਆ ਹੈ ਤਾਂ ਬਾਸਮਤੀ ਦਾ ਰੇਟ 4500 ਕਰਦੇ ਹੋਏ ਆਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।

ਭਗਵੰਤ ਮਾਨ ਵੱਲੋਂ ਸੱਦੀ ਗਈ ਸੀ ਮੀਟਿੰਗ ਪਰ ਖ਼ੁਦ ਦਿੱਲੀ ਗਏ

ਭਗਵੰਤ ਮਾਨ ਵੱਲੋਂ ਕਿਸਾਨ ਜਥੇਬੰਦੀਆਂ ਦੇ ਮੋਰਚੇ ਨੂੰ ਦੇਖਦੇ ਹੋਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮੀਟਿੰਗ ਲਈ ਆਪਣੀ ਰਿਹਾਇਸ਼ ਵਿੱਚ ਸੱਦਿਆ ਸੀ ਅਤੇ ਮੀਟਿੰਗ ਲਈ ਕਿਸਾਨ ਜਥੇਬੰਦੀਆਂ ਰਵਾਨਾ ਵੀ ਹੋ ਗਈਆਂ ਸਨ ਪਰ ਭਗਵੰਤ ਮਾਨ ਵਲੋਂ ਆਪਣੇ ਹੋਰ ਰੁਝੇਵੇਂ ਹੋਣ ਦੇ ਚਲਦੇ ਮੀਟਿੰਗ ਅਧਿਕਾਰੀਆਂ ਨਾਲ ਕਰਨ ਲਈ ਕਹਿ ਦਿੱਤਾ ਅਤੇ ਬਾਅਦ ਦੁਪਹਿਰ ਭਗਵੰਤ ਮਾਨ ਦਿੱਲੀ ਲਈ ਰਵਾਨਾ ਹੋ ਗਏ। ਕਿਸਾਨਾਂ ਵਲੋਂ ਵੀ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੀ ਥਾਂ ’ਤੇ ਭਗਵੰਤ ਮਾਨ ਨਾਲ ਹੀ ਮੀਟਿੰਗ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ ਅਤੇ ਬੁੱਧਵਾਰ ਸਵੇਰੇ ਤੱਕ ਭਗਵੰਤ ਮਾਨ ਦੀ ਮੀਟਿੰਗ ਦਾ ਇੰਤਜ਼ਾਰ ਕੀਤਾ ਜਾਏਗਾ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਗਲਾ ਫੈਸਲਾ ਕਰਨਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ