ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਿਆ ਜਾਵੇ

Education Sachkahoon

ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਿਆ ਜਾਵੇ

ਮੌਜੂਦਾ ਨੀਤੀਆਂ ਨਾਲ ਸਿੱਖਿਆ ਏਨੀ ਮਹਿੰਗੀ ਹੋ ਗਈ ਹੈ ਕਿ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈ ਹੈ। ਮੁੱਢਲੀ ਸਿੱਖਿਆ ਤੋਂ ਲੈ ਕੇ ਉੱਚ ਵਿੱਦਿਆ ਤੱਕ ਸ਼ਖਸੀਅਤ ਉਸਾਰੀ ਵਾਲੀ ਸਿੱਖਿਆ ਇੱਕ ਸੁਪਨਾ ਹੋ ਕੇ ਰਹਿ ਗਈ ਹੈ। ਸਿੱਖਿਆ ਪ੍ਰਬੰਧ ਵਿਚੋਂ ਵਿਗਿਆਨਕ ਨਜ਼ਰੀਆ, ਧਰਮ ਨਿਰਪੱਖ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਥਾਂ ’ਤੇ ਨਸਲਪ੍ਰਸਤ ਅਤੇ ਫਿਰਕਾਪ੍ਰਸਤ ਵਿਚਾਰ ਫਿੱਟ ਕੀਤੇ ਹਨ। ਸੰਚਾਰ ਮਾਧਿਅਮਾਂ ਰਾਹੀਂ ਇਹ ਫੈਲਾਇਆ ਜਾ ਰਿਹਾ ਹੈ ਕਿ ਇਹ ਸਾਰਾ ਕੁਝ ਭਾਰਤੀ ਸੰਸਕਿ੍ਰਤੀ ਅਤੇ ਰਹੁ-ਰੀਤਾਂ ਨੂੰ ਮੁੜ-ਸਥਾਪਤ ਕਰਨ ਲਈ ਕੀਤਾ ਜਾ ਰਿਹਾ ਹੈ। ਮੇਰੇ ਅਨੁਸਾਰ ਸਿੱਖਿਆ ਐਨ. ਯੂ. ਅਤੇ ਕੇਂਦਰੀ ਯੂਨੀਵਰਸਿਟੀ ਅਤੇ ਕਈ ਹੋਰ ਵਿੱਦਿਅਕ ਅਦਾਰਿਆਂ ਨੂੰ ਉੱਚ ਵਿੱਦਿਆ ਕਾਰਪੋਰੇਟ ਜਗਤ ਨੂੰ ਸੌਂਪ ਦਿੱਤੀ ਜਾ ਰਹੀ ਹੈ। ਨਤੀਜੇ ਵਜੋਂ ਗਰੀਬ ਲੋਕਾਂ ਦੀ ਪਹੁੰਚ ਤੋਂ ਉੱਚ ਸਿੱਖਿਆ ਦੂਰ ਹੋ ਗਈ ਹੈ। ਦੇਸ਼ ਭਗਤੀ ਦਾ ਸਮੁੱਚਾ ਸੰਕਲਪ ਹੀ ਇਸ ਤਰ੍ਹਾਂ ਬਦਲਿਆ ਜਾ ਰਿਹਾ ਹੈ। ਸਿੱਖਿਆ ਪ੍ਰਬੰਧ ਲੋਕਾਂ ਦੀ ਲੋੜ ਦੀ ਥਾਂ ’ਤੇ ਮੰਡੀ ਦੀਆਂ ਲੋੜਾਂ ਅਨੁਸਾਰ ਢਾਲਿਆ ਜਾ ਰਿਹਾ ਹੈ।

ਬਿਨਾਂ ਕਿਸੇ ਯੋਜਨਾ ਤੋਂ ਅਜਿਹੇ ਪ੍ਰਬੰਧ ਕਾਰਨ ਰੁਜ਼ਗਾਰ ਘਟ ਰਹੇ ਹਨ ਅਤੇ ਬੇਰੁਜ਼ਗਾਰੀ ਅਤੇ ਅਰਧ-ਬੇਰੁਜ਼ਗਾਰੀ ਵਧ ਰਹੀ ਹੈ। ਸਿੱਖਿਆ ਨੀਤੀ ਕਾਰਨ ਜਿੱਥੇ ਵਿੱਦਿਆ ਗਰੀਬ ਅਤੇ ਮੱਧ ਵਰਗ ਤੋਂ ਖੋਹੀ ਜਾ ਰਹੀ ਹੈ, ਉੱਥੇ ਹੁਨਰ ਵਿਕਾਸ ਦੇ ਬਹਾਨੇ ਨਾਲ ਸਕੂਲ ਛੱਡ ਜਾਣ ਵਾਲੇ ਬੱਚਿਆਂ ਦੀ ਗਿਣਤੀ ਵਧ ਰਹੀ ਹੈ। ਇਹ ਨੀਤੀ ਖੁੱਲ੍ਹੇ ਤੌਰ ’ਤੇ ਸਿੱਖਿਆ ਵਿਚ ਨਿੱਜੀ ਖੇਤਰ ਨੂੰ ਮੁਨਾਫ਼ੇ ਦੇ ਮੰਤਵ ਨਾਲ ਆਉਣ ਲਈ ਸੱਦਾ ਦੇ ਰਹੀ ਹੈ। ਵਿੱਦਿਅਕ ਪ੍ਰਬੰਧ ਨੂੰ ਫ਼ਿਰਕੂ ਦਿਸ਼ਾ ਦੇ ਕੇ ਨਵੇਂ ਗੰਭੀਰ ਖਤਰੇ ਖੜੇ੍ਹ ਕੀਤੇ ਜਾ ਰਹੇ ਹਨ। ਵਿਗਿਆਨ ਨੂੰ ਮਿਥਿਆਲੋਜੀ ਨਾਲ ਤੁਲਨਾ ਦੇ ਕੇ ਸਾਡੀ ਪੁਰਾਣੀ ਬਹੁ-ਸੱਭਿਆਚਾਰਕ ਅਖੰਡਤਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਨਵ ਉਦਾਰਵਾਦੀ ਨੀਤੀਆਂ ਦੇ ਆਉਣ ਅਤੇ ਕਾਰਪੋਰੇਟ ਜਗਤ ਨਾਲ ਭਿਆਲੀ ਪਾਉਣ ਤੋਂ ਬਾਅਦ ਰੁਜ਼ਗਾਰ ਦੇ ਮੌਕੇ ਘਟ ਗਏ ਹਨ। ਰੁਜ਼ਗਾਰ ਹਾਸਲ ਕਰਨਾ ਅੱਜ ਹਰ ਕਿਸੇ ਦਾ ਪਹਿਲਾ ਉਦੇਸ਼ ਹੈ। ਅੱਜ ਮਾਪਿਆਂ ਲਈ ਸਭ ਤੋਂ ਔਖਾ ਕਦਮ ਹੈ ਆਪਣੇ ਬੱਚੇ ਲਈ ਕਰੀਅਰ ਚੁਣਨਾ ਤਾਂ ਜੋ ਉਹ ਪ੍ਰਾਪਤ ਸਿੱਖਿਆ ਨਾਲ ਆਪਣਾ ਜੀਵਨ ਸਵਾਰ ਸਕੇ। ਆਰਥਿਕ ਪੱਖੋਂ ਕਮਜ਼ੋਰ ਮਾਪਿਆਂ ਲਈ ਬਹੁਤ ਔਖਾ ਹੁੰਦਾ ਹੈ ਕਿ ਉਹ ਬੱਚਿਆਂ ਨੂੰ ਮਹਿੰਗੀ ਪੜ੍ਹਾਈ ਕਰਾ ਸਕਣ ਪਰ ਉਨ੍ਹਾਂ ਦਾ ਵੀ ਸੁਫ਼ਨਾ ਹੁੰਦਾ ਹੈ ਕਿ ਬੱਚਾ ਵਧੀਆ ਅਤੇ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ।

ਵੋਕੇਸ਼ਨਲ ਸਿੱਖਿਆ ਜਿਸ ਨੂੰ ਕਿੱਤਾਮੁਖੀ ਸਿੱਖਿਆ ਵੀ ਕਿਹਾ ਜਾਂਦਾ ਹੈ, ਮਾਪਿਆਂ ਅਤੇ ਵਿਦਿਆਰਥੀਆਂ ਲਈ ਵਧੀਆ ਤੇ ਕਾਰਗਰ ਬਦਲ ਹੈ। ਰਵਾਇਤੀ ਸਿੱਖਿਆ ਜਿਵੇਂ ਆਰਟਸ, ਮੈਡੀਕਲ, ਨਾਨ-ਮੈਡੀਕਲ, ਕਮਰਸ ਆਦਿ ਨਾਲੋਂ ਅੱਜ ਵੋਕੇਸ਼ਨਲ ਸਿੱਖਿਆ ਜ਼ਿਆਦਾ ਕਾਰਗਰ ਹੈ ਪਰ ਵੋਕੇਸ਼ਨਲ ਸਿੱਖਿਆ ਬਾਰੇ ਮਾਪਿਆਂ ਨੂੰ ਪੂਰੀ ਜਾਣਕਾਰੀ ਨਾ ਹੋਣ ਕਾਰਨ ਮਾਪੇ ਆਪਣੇ ਬੱਚੇ ਨੂੰ ਰਵਾਇਤੀ ਸਿੱਖਿਆ ਵੱਲ ਹੀ ਆਪਣਾ ਕਰੀਅਰ ਬਣਾਉਣ ਲਈ ਪ੍ਰੇਰਦੇ ਹਨ।

ਰਵਾਇਤੀ ਸਿੱਖਿਆ ਪ੍ਰਾਪਤ ਕਰਕੇ ਕਈ ਵਿਦਿਆਰਥੀ ਆਪਣਾ ਕਰੀਅਰ ਬਣਾਉਣ ਵਿੱਚ ਸਫਲ ਹੋ ਜਾਂਦੇ ਹਨ ਅਤੇ ਬਾਕੀ ਬੇਰੁਜ਼ਗਾਰੀ ਦੇ ਹਨ੍ਹੇਰੇ ਵਿੱਚ ਗੁੰਮ ਜਾਂਦੇ ਹਨ ਜਾਂ ਸਰਕਾਰੀ ਅੰਕੜਿਆਂ ਵਿੱਚ ਬੇਰੁਜ਼ਗਾਰੀ ਦੀ ਸੰਖਿਆ ਦਾ ਹਿੱਸਾ ਬਣ ਜਾਂਦੇ ਹਨ। ਇਸ ਲਈ ਜ਼ਰੂਰੀ ਹੈ, ਰਵਾਇਤੀ ਸਿੱਖਿਆ ਤੋਂ ਵੋਕੇਸ਼ਨਲ ਸਿੱਖਿਆ ਵੱਲ ਇੱਕ ਕਦਮ ਵਧਾਉਣ ਦੀ। ਵੋਕੇਸ਼ਨਲ ਸਿੱਖਿਆ ਨੂੰ ਵਿਦਿਆਰਥੀ ਬਾਕੀ ਗਰੁੱਪਾਂ ਜਿਵੇਂ ਆਰਟਸ, ਮੈਡੀਕਲ, ਨਾਨ ਮੈਡੀਕਲ, ਕਮਰਸ ਆਦਿ ਵਾਂਗ ਚੁਣ ਸਕਦਾ ਹੈ। ਵੋਕੇਸ਼ਨਲ ਸਿੱਖਿਆ ਕੋਈ ਵੀ ਵਿਦਿਆਰਥੀ ਸਰਕਾਰੀ ਸਕੂਲ ਵਿੱਚੋਂ ਪ੍ਰਾਪਤ ਕਰ ਸਕਦਾ ਹੈ, ਉਹ ਵੀ ਨਿਗੂਣੀ ਜਿਹੀ ਫੀਸ ਭਰ ਕੇ। ਰਵਾਇਤੀ ਸਿੱਖਿਆ ਵਾਂਗ ਇਹ ਸਿੱਖਿਆ ਪ੍ਰਾਪਤ ਕਰਨਾ ਕੋਈ ਮਹਿੰਗਾ ਨਹੀਂ।

ਸਾਡੇ ਮੁਲਕ ਦੀ ਸਿੱਖਿਆ ਪ੍ਰਣਾਲੀ ਰਵਾਇਤੀ ਸਿੱਖਿਆ ਉੱਤੇ ਵੱਧ ਕੇਂਦਰਿਤ ਹੈ, ਇਹੀ ਕਾਰਨ ਹੈ ਕਿ ਮਾਪੇ ਬੱਚਿਆਂ ਵਿੱਚ ਡਾਕਟਰ, ਇੰਜੀਨੀਅਰ, ਆਈਏਐੱਸ ਆਦਿ ਹੀ ਦੇਖਦੇ ਹਨ। ਵੋਕੇਸ਼ਨਲ ਸਿੱਖਿਆ ਵਿਦਿਆਰਥੀ ਨੂੰ ਸਵੈ-ਨਿਰਭਰ ਬਣਨ, ਲੀਡਰਸ਼ਿਪ ਗੁਣ ਹਾਸਲ ਕਰਨ, ਆਪਣੇ ਅੰਦਰ ਛੁਪੇ ਗੁਣਾਂ ਨੂੰ ਪਛਾਨਣਾ, ਆਪਣੀ ਸ਼ਖ਼ਸੀਅਤ ਨੂੰ ਨਿਖਾਰਨ, ਆਪਣੇ-ਆਪ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨ, ਆਪਣਾ ਰੁਜ਼ਗਾਰ ਆਪ ਚੁਣਨ ਆਦਿ ਦੀ ਖੁੱਲ੍ਹ ਦਿੰਦੀ ਹੈ। ਰਵਾਇਤੀ ਸਿੱਖਿਆ ਸਿਰਫ ਕਿਵੇਂ ਉੱਤੇ ਅਧਾਰਿਤ ਹੈ ਅਤੇ ਇਸ ਤੋਂ ਉਲਟ ਵੋਕੇਸ਼ਨਲ ਸਿੱਖਿਆ ਕਿਉਂ ਭਾਵ ਇਸ ਦੀ ਲੋੜ ਕਿਉਂ ਹੈ, ਵਰਤੋਂ ਕਿਵੇਂ, ਕਿੱਥੇ ਕਰਨੀ ਹੈ, ਉੱਤੇ ਆਧਾਰਿਤ ਹੈ। ਵੋਕੇਸ਼ਨਲ ਸਿੱਖਿਆ ਵਿਦਿਆਰਥੀ ਦਸਵੀਂ ਤੋਂ ਬਾਅਦ ਹਾਸਲ ਕਰ ਸਕਦਾ ਹੈ।

ਵੋਕੇਸ਼ਨਲ ਗਰੁੱਪ ਵੀ ਸਰਕਾਰੀ ਸਕੂਲਾਂ ਵਿੱਚ ਬਾਕੀ ਗਰੁੱਪਾਂ ਵਾਂਗ ਹੁੰਦਾ ਹੈ। ਵੋਕੇਸ਼ਨਲ ਗਰੁੱਪ ਵਿੱਚ ਵਿਦਿਆਰਥੀ ਕੋਲ ਰੁਚੀ, ਲੋੜ, ਭਵਿੱਖ ਵਿੱਚ ਕੀ ਕਰਨਾ ਹੈ, ਸਭ ਚੋਣ ਮੌਜੂਦ ਹੁੰਦੀ ਹੈ। ਵੋਕੇਸ਼ਨਲ ਗਰੁੱਪ ਵਿੱਚ ਐਗਰੀਕਲਰਲ ਗਰੁੱਪ, ਬਿਜ਼ਨਸ ਤੇ ਕਾਮਰਸ ਗਰੁੱਪ, ਹੋਮ ਸਾਇੰਸ ਗਰੁੱਪ ਅਤੇ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਗਰੁੱਪ ਹਨ: ਐਗਰੀਕਲਰਲ ਗਰੁੱਪ: ਇਸ ਗਰੁੱਪ ਵਿੱਚ ਹੌਰਟੀਕਲਚਰ (ਖੇਤੀ ਵੰਨ-ਸੁਵੰਨਤਾ), ਐਗਰੀ-ਬਿਜ਼ਨੈਸ, ਫਾਰਮ ਮਸ਼ੀਨਰੀ, ਫਾਰਮ ਮਸ਼ੀਨਰੀ ਦੀ ਸੰਭਾਲ ਤੇ ਮੁਰੰਮਤ ਟਰੇਡਾਂ ਮੌਜੂਦ ਹਨ। ਬਿਜ਼ਨਸ ਤੇ ਕਮਰਸ ਗਰੁੱਪ: ਇਸ ਗਰੁੱਪ ਵਿੱਚ ਅਕਾਊਂਟੈਂਸੀ ਤੇ ਆਡਿਟਿੰਗ, ਬੈਂਕਿੰਗ, ਟਰੈਵਲ ਤੇ ਟੂਰਿਜ਼ਮ, ਬੀਮਾ ਖੇਤਰ, ਪਰਚੇਜਿੰਗ ਤੇ ਸਟੋਰਕੀਪਿੰਗ, ਬੁਨਿਆਦੀ ਆਰਥਿਕ ਸੇਵਾਵਾਂ, ਰੂਰਲ ਮਾਰਕੀਟਿੰਗ, ਮਾਰਕੀਟਿੰਗ ਤੇ ਸੇਲਜ਼ਮੈਨਸ਼ਿਪ, ਆਫਿਸ ਮੈਨੇਜਮੈਂਟ, ਆਫਿਸ ਸੈਕਰੇਟਰੀਸ਼ਿੱਪ, ਜਨਰਲ ਰਿਸੈਪਸ਼ਨਿਸਟ ਟਰੇਡਾਂ ਹਨ। ਹੋਮ ਸਾਇੰਸ ਗਰੁੱਪ: ਇਸ ਗਰੁੱਪ ਵਿੱਚ ਫੂਡ ਪਰਿਜਰਵੇਸ਼ਨ, ਕਮਰਸ਼ੀਅਲ ਗਾਰਮੈਂਟ ਡਿਜ਼ਾਈਨਿੰਗ, ਟੈਕਸਟਾਈਲ ਡਿਜ਼ਾਈਨਿੰਗ, ਟੈਕਸਟਾਈਲ ਕਰਾਫਟਿੰਗ, ਵੀਵਿੰਗ, ਨਿਟਿੰਗ ਟੈਕਨਾਲੋਜੀ ਆਦਿ ਟਰੇਡਾਂ ਹਨ। ਇਹ ਗਰੁੱਪ ਲੜਕੀਆਂ ਲਈ ਲਾਹੇਵੰਦ ਹੈ।

ਇੰਜੀਨੀਅਰਿੰਗ ਅਤੇ ਟੈਕਨਾਲੋਜੀ ਗਰੁੱਪ: ਇਸ ਗਰੁੱਪ ਵਿੱਚ ਕੰਪਿਊਟਰ ਟੈਕਨੀਕ, ਇੰਜਨੀਅਰਿੰਗ ਡਰਾਇੰਗ ਤੇ ਡਰਾਫਟਿੰਗ, ਮਕੈਨੀਕਲ ਸਰਵਿਸਿੰਗ, ਇਲੈਕਟ੍ਰੀਕਲ ਸਰਵਿਸਿੰਗ, ਰੇਡੀਓ ਤੇ ਟੀਵੀ ਰਿਪੇਅਰ, ਬਿਜਲੀ ਉਪਕਰਨਾਂ ਦੀ ਰਿਪੇਅਰ ਆਦਿ ਟਰੇਡਾਂ ਹਨ। ਵੋਕੇਸ਼ਨਲ ਸਿੱਖਿਆ ਨੂੰ ਕਿੱਤਾਮੁਖੀ ਸਿੱਖਿਆ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਵਿਦਿਆਰਥੀ ਬਾਰ੍ਹਵੀਂ ਮਗਰੋਂ ਆਪਣਾ ਕੋਈ ਕਿੱਤਾ ਕਰ ਸਕਦਾ ਹੈ। ਜੇ ਵਿਦਿਆਰਥੀ ਅੱਗੇ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਆਪਣੀ ਸਬੰਧਤ ਟਰੇਡ ਵਾਲੇ ਡਿਪਲੋਮੇ ਵਿੱਚ ਸਿੱਧਾ ਦੂਜੇ ਸਾਲ ਵਿੱਚ ਦਾਖਲਾ ਲੈ ਸਕਦਾ ਹੈ। ਸੋ ਇਸ ਸਿੱਖਿਆ ਅਤੇ ਰੁਜ਼ਗਾਰ ਦਾ ਆਪਸ ਵਿੱਚ ਸਿੱਧਾ ਸਬੰਧ ਹੈ। ਵੋਕੇਸ਼ਨਲ ਸਿੱਖਿਆ ਪ੍ਰਾਪਤ ਕਰਦੇ ਹੋਏ ਵਿਦਿਆਰਥੀ ਜਿਵੇਂ-ਜਿਵੇਂ ਸਬੰਧਤ ਟਰੇਡ ਦਾ ਕਿਤਾਬੀ ਗਿਆਨ ਪ੍ਰਾਪਤ ਕਰਦਾ ਹੈ, ਨਾਲ ਦੀ ਨਾਲ ਸਬੰਧਤ ਟਰੇਡ ਵਿਸ਼ੇ ਵਿੱਚ ਪ੍ਰਾਪਤ ਕਿਤਾਬੀ ਗਿਆਨ ਨੂੰ ਅਮਲੀ ਜਾਮਾ ਵੀ ਪਵਾਉਂਦਾ ਹੈ।

ਵੋਕੇਸ਼ਨਲ ਸਿੱਖਿਆ ਵਿੱਚ ਪ੍ਰਾਪਤ ਕੀਤੇ ਪ੍ਰੈਕਟੀਕਲ ਗਿਆਨ ਨੂੰ ਪਰਖਣ ਲਈ ਵਿਦਿਆਰਥੀ ਦੀ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਵਿੱਚ 21 ਦਿਨਾਂ ਦੀ ‘ਆਨ ਦੀ ਜਾਬ ਟਰੇਨਿੰਗ’ ਦਫਤਰ/ਕੰਪਨੀ ਆਦਿ ਵਿੱਚ ਲਾਈ ਜਾਂਦੀ ਹੈ ਤਾਂ ਜੋ ਪ੍ਰਾਪਤ ਕੀਤੇ ਗਿਆਨ ਦੀ ਵਰਤੋਂ ਕਿਵੇਂ, ਕਿੱਥੇ ਕਰਨੀ ਹੈ, ਬਾਰੇ ਵਿਦਿਆਰਥੀ ਨੂੰ ਪਤਾ ਲੱਗ ਸਕੇ। ਇਹ ਟਰੇਨਿੰਗ ਅੱਗੇ ਜਾ ਕੇ ਵਿਦਿਆਰਥੀ ਦੇ ਤਜਰਬੇ ਦੇ ਤੌਰ ’ਤੇ ਕੰਮ ਆਉਂਦੀ ਹੈ। ਸੋ ਵੋਕੇਸ਼ਨਲ ਸਿੱਖਿਆ ਵਿਦਿਆਰਥੀ ਨੂੰ ਜਿੱਥੇ ਰੁਜ਼ਗਾਰੀ ਦਿੰਦੀ ਹੈ, ਉੱਥੇ ਉਸ ਨੂੰ ਸਵੈ-ਨਿਰਭਰ ਅਤੇ ਤਜਰਬੇਕਾਰ ਬਣਾਉਂਦੀ ਹੈ।

ਡਾ. ਵਨੀਤ ਕੁਮਾਰ ਸਿੰਗਲਾ
ਸਟੇਟ ਐਵਾਰਡੀ ਲੈਕਚਰਾਰ,
ਬੁਢਲਾਡਾ, ਮਾਨਸਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ