ਸਿੱਖਿਆ ਵਿਭਾਗ ਨੇ ‘ਬਦਲੀ ਨੀਤੀ’ ਨੂੰ ਤਿਲਾਂਜਲੀ ਦੇ ਕੇ ਅਧਿਆਪਕਾਂ ਦੀਆਂ ਬਦਲੀਆਂ ਦਾ ਕੀਤਾ ਮੁੜ ਸਿਆਸੀਕਰਨ : ਡੀਟੀਐੱਫ

Education Department Sachkahoon

ਪਹਿਲਾਂ ਤੋਂ ਬਦਲੀ ਨੀਤੀ ਤਹਿਤ ਹੋਈਆਂ ਬਦਲੀਆਂ ਲਾਗੂ ਕਰਨ ਨੂੰ ਕੋਈ ਤਰਜ਼ੀਹ ਨਾ ਦੇਣ ਦਾ ਦੋਸ਼

(ਸੱਚ ਕਹੂੰ ਨਿਊਜ) ਪਟਿਆਲਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਪਾਰਦਰਸ਼ੀ ਢੰਗ ਨਾਲ ਸਰਕਾਰ ਚਲਾਉਣ ’ਤੇ ਸਵਾਲੀਆ ਨਿਸ਼ਾਨ ਉਠਾਉਂਦਿਆਂ ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ ਕੁਮਾਰ,ਵਿੱਤ ਸਕੱਤਰ ਅਸਵਨੀ ਅਵਸਥੀ, ਜਿਲ੍ਹਾ ਪ੍ਰਧਾਨ ਅਤਿੰਦਰਪਾਲ ਸਿੰਘ ਅਤੇ ਜਿਲ੍ਹਾ ਸਕੱਤਰ ਹਰਵਿੰਦਰ ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਆਪਣੇ ਚਹੇਤੇ ਕਾਂਗਰਸੀ ਲੀਡਰਾਂ ਨੂੰ ਖੁਸ਼ ਕਰਨ ਲਈ, ਆਪਣੀ ਹੀ ਬਦਲੀ ਨੀਤੀ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾ ਦਿੱਤੀਆਂ ਹਨ ਅਤੇ ਅਧਿਆਪਕਾਂ ਦੇ ਵੱਖ-ਵੱਖ ਕਾਡਰਾਂ ਦੀਆਂ ਸੈਂਕੜੇ ਬਦਲੀਆਂ ਬਿਨ੍ਹਾਂ ਕੋਈ ਜਨਤਕ ਅਰਜੀ ਦੀ ਮੰਗ ਕੀਤਿਆਂ ਜਾਂ ਕੋਈ ਹੋਰ ਪਾਰਦਰਸ਼ੀ ਢੰਗ ਅਪਣਾਏ ਕਰ ਦਿੱਤੀਆਂ ਹਨ। ਦੂਜੇ ਪਾਸੇ ਸਰਕਾਰ ਦੀ ਨੀਤੀ ਤਹਿਤ ਬਦਲੀ ਕਰਵਾ ਚੁੱਕੇ ਅਧਿਆਪਕ, ਜਿਨ੍ਹਾਂ ਦੀਆਂ ਵੱਖ-ਵੱਖ ਸ਼ਰਤਾਂ ਤਹਿਤ ਹੋਈਆਂ ਬਦਲੀਆਂ ਨੂੰ ਲਾਗੂ ਨਹੀਂ ਕੀਤਾ ਗਿਆ, ਉਹ ਵੀ ਹੁਣ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ।

ਡੈਮੋਕਰੇਟਿਕ ਟੀਚਰਜ ਫਰੰਟ ਦੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਬਦਲੀ ਨੀਤੀ ਨੂੰ ਤਿਲਾਂਜਲੀ ਦੇ ਕੇ ਬਦਲੀਆਂ ਦਾ ਸਿਆਸੀਕਰਨ ਹੋਣ ਦੀ ਸਖ਼ਤ ਨਿਖੇਧੀ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਗੈਰ ਪਾਰਦਰਸੀ ਅਤੇ ਗੈਰ ਵਾਜਬ ਢੰਗ ਨਾਲ ਪਿਛਲੇ ਦਿਨੀਂ ਕੀਤੀਆਂ ਵੱਖ-ਵੱਖ ਅਧਿਆਪਕਾਂ ਦੀਆਂ 500 ਤੋਂ ਵਧੇਰੇ ਬਦਲੀਆਂ ਨੂੰ ਪੂਰੀ ਤਰ੍ਹਾਂ ਸਿਆਸੀ ਦਖਲਅੰਦਾਜੀ ਦੀ ਭੇਂਟ ਚਾੜ੍ਹ ਦਿੱਤਾ ਗਿਆ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਪਿਛਲੇ ਸਾਲ ਬਦਲੀ ਨੀਤੀ ਤਹਿਤ ਹੋਈਆਂ ਬਦਲੀਆਂ ਨੂੰ 50 ਫੀਸਦੀ ਸਟਾਫ, ਕਰਮਚਾਰੀ ਦੇ ਪਰਖਕਾਲ ਅਧੀਨ ਹੋਣ, ਸਿੰਗਲ ਟੀਚਰ, ਅਧਿਆਪਕ ਦਾ ਬਦਲ ਨਾ ਹੋਣ ਵਰਗੀਆਂ ਸਰਤਾਂ ਦਾ ਬਹਾਨਾ ਬਣਾ ਕੇ ਲਾਗੂ ਕਰਵਾਉਣ ਤੋਂ ਕੰਨੀ ਕਤਰਾਉਂਦਾ ਰਿਹਾ ਹੈ ਅਤੇ ਇਸੇ ਤਰ੍ਹਾਂ ਪ੍ਰਾਇਮਰੀ ਦੀਆਂ ਅੰਤਰ ਜ਼ਿਲ੍ਹਾ ਬਦਲੀਆਂ ਨੂੰ ਲਾਗੂ ਕਰਨ ਦੀ ਥਾਂ, ਅਧਿਆਪਕਾਂ ਨੂੰ ਬਦਲੀ ਵਾਲੇ ਸਟੇਸ਼ਨ ’ਤੇ ਹਾਜਰ ਹੋਣ ਉਪਰੰਤ ਡੈਪੂਟੇਸ਼ਨ ’ਤੇ ਪੁਰਾਣੇ ਸਕੂਲਾਂ ਵਿੱਚ ਹੀ ਰੱਖਿਆ ਹੋਇਆ ਹੈ। ਅਧਿਆਪਕ ਜੱਥੇਬੰਦੀਆਂ ਵੱਲੋਂ ਬਦਲੀ ਨੀਤੀ ਤਹਿਤ ਹੀ ਬਦਲੀਆਂ ਕਰਨ ਤੇ ਹੋਈਆਂ ਬਦਲੀਆਂ ਨੂੰ ਬਿਨਾਂ ਸ਼ਰਤ ਲਾਗੂ ਕਰਨ ਦੀ ਮੰਗ ਨੂੰ ਪੰਜਾਬ ਸਰਕਾਰ ਵਲੋਂ ਦਰਕਿਨਾਰ ਵੀ ਕੀਤਾ ਗਿਆ ਹੈ, ਜਿਸ ਕਾਰਨ ਸਮੁੱਚੇ ਅਧਿਆਪਕ ਵਰਗ ਵਿੱਚ ਪੰਜਾਬ ਸਰਕਾਰ ਪ੍ਰਤੀ ਗੁੱਸੇ ਦੀ ਭਾਵਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ