ਗਧਾ ਤੇ ਲੂੰਬੜੀ

ਗਧਾ ਤੇ ਲੂੰਬੜੀ

ਇੱਕ ਵਾਰ ਜੰਗਲ ਦਾ ਰਾਜਾ ਸ਼ੇਰ ਮਰ ਗਿਆ। ਉਸ ਦੀ ਥਾਂ ਦੂਜਾ ਰਾਜਾ ਭਾਵ ਸ਼ੇਰ ਨਾ ਮਿਲਿਆ। ਲੂੰਬੜੀ ਬੜੀ ਚਲਾਕ ਸੀ। ਉਸ ਨੇ ਗਧੇ ਨਾਲ ਸਲਾਹ ਕੀਤੀ, ਕਿ ਕਿਉਂ ਨਾ ਉਸ ਨੂੰ ਇਸ ਜੰਗਲ ਦਾ ਰਾਜਾ ਬਣ ਦਿੱਤਾ ਜਾਵੇ, ਲੂੰਬੜੀ ਨੇ ਗਧੇ ਨੂੰ ਸਾਰੀ ਗੱਲ ਸਮਝਾ ਦਿੱਤੀ, ਤੇ ਉਸ ਮਰੇ ਹੋਏ ਸ਼ੇਰ ਦੀ ਖੱਲ ਲਾਹ ਕੇ ਗਧੇ ਦੇ ਪਵਾ ਦਿੱਤੀ। ਆਪ ਹੀ ਇਹ ਗੱਲ ਸਾਰੇ ਜੰਗਲ ਵਿੱਚ ਫੈਲਾ ਦਿੱਤੀ, ਕਿ ਬਹੁਤ ਵਧੀਆ ਨਵਾਂ ਰਾਜਾ ਸਾਨੂੰ ਮਿਲ ਗਿਆ ਹੈ। ਸਾਰੇ ਜਾਨਵਰ ਪਸ਼ੂ ਪੰਛੀ ਬੜੇ ਖੁਸ਼ ਹੋਏ

ਕੁਝ ਦਿਨ ਬਾਅਦ ਸਾਰੇ ਜਾਨਵਰਾਂ ਨੇ ਇਕੱਠੇ ਹੋ ਕੇ ਮਸ਼ਵਰਾ ਕੀਤਾ, ਕਿ ਕਿਉਂ ਨਾ ਇਸ ਨਵੇਂ ਬਣੇ ਰਾਜੇ ਨੂੰ ਪਾਰਟੀ ਦਿੱਤੀ ਜਾਵੇ। ਸਾਰਿਆਂ ਨੇ ਇੱਕ ਦਿਨ ਮੁਕੱਰਰ ਕਰ ਲਿਆ, ਖਾਣ-ਪੀਣ, ਗਾਉਣ-ਵਜਾਉਣ ਦਾ ਪ੍ਰਬੰਧ ਕੀਤਾ ਗਿਆ। ਉੱਧਰ ਲੂੰਬੜੀ ਨੇ ਗਧੇ ਨੂੰ ਸਾਰੀ ਗੱਲ ਸਮਝਾ ਦਿੱਤੀ, ਕਿ ਜਦੋਂ ਜਾਨਵਰ ਖੁਸ਼ੀ ਮਨਾਉਣ ਤਾਂ ਤੂੰ ਚੁੱਪ-ਚਾਪ ਕਰਕੇ ਬੈਠਾ ਰਹੀਂ। ਕਿਸੇ ਨੂੰ ਇਹ ਪਤਾ ਨਾ ਲੱਗੇ ਕਿ ਰਾਜਾ ਕੌਣ ਹੈ।
ਅਗਲੇ ਦਿਨ ਸਾਰੇ ਜਾਨਵਰ ’ਕੱਠੇ ਹੋਏ ਤੇ ਖੂਬ ਮਨੋਰੰਜਨ ਕੀਤਾ, ਹਾਸਾ-ਠੱਠਾ ਹੋਇਆ।

ਗਧੇ ਦੇ ਨਾਲ ਲੂੰਬੜੀ ਬੈਠੀ ਸੀ। ਗਧੇ ਤੋਂ ਰਹਿ ਨਾ ਹੋਇਆ, ਦੂਜਿਆਂ ਨੂੰ ਗਾਉਂਦਿਆਂ ਵੇਖ ਕੇ ਖੁਸ਼ੀ ਚੜ੍ਹ ਗਈ, ਤੇ ਲੱਗਾ ਹੀਂਗਣ, ਸਾਰੇ ਜਾਨਵਰ ਨੂੰ ਪਤਾ ਲੱਗ ਗਿਆ ਕਿ ਸ਼ੇਰ ਨਹੀਂ ਇਹ ਤਾਂ ਗਧਾ ਹੈ। ਕੋਲ ਬੈਠੀ ਲੂੰਬੜੀ ਨੇ ਇੱਕ ਝਪਟ ਮਾਰ ਕੇ ਗਧੇ ਦਾ ਢਿੱਡ ਪਾੜ ਦਿੱਤਾ, ਤੇ ਕਹਿਣ ਲੱਗੀ, ‘‘ਜਾ ਵੇ ਗਧਿਆ, ਗਧਾ ਹੀ ਰਹਿ ਗਿਆ, ਮੈਂ ਤਾਂ ਤੈਨੂੰ ਰਾਜਾ ਬਣਾਇਆ ਸੀ ਪਰ ਤੂੰ ਆਪਣੀ ਔਕਾਤ ਵਿਖਾ ਹੀ ਦਿੱਤੀ।’’ ਸਿੱਖਿਆ: ਬੱਚਿਓ! ਕੋਈ ਜਿੰਨਾ ਮਰਜੀ ਅਸਲੀਅਤ ’ਤੇ ਪਰਦਾ ਪਾ ਲਵੇ, ਅਖੀਰ ਨੂੰ ਸੱਚ ਸਾਹਮਣੇ ਆ ਹੀ ਜਾਂਦਾ ਹੈ। ਇਸ ਲਈ ਹਮੇਸ਼ਾ ਹਕੀਕਤ ਵਿਚ ਜਿਉਣਾ ਚਾਹੀਦਾ ਹੈ
ਹਰਪ੍ਰੀਤ ਪੱਤੋ, ਪੱਤੋ ਹੀਰਾ ਸਿੰਘ, ਮੋਗਾ
ਮੋ. 94658-21417

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ