ਮੋਦੀ ਸਰਕਾਰ ਖਿਲਾਫ ਕਾਂਗਰਸੀਆਂ ਕੱਢੀ ਭੜਾਸ

Congressmen, Pull, Out, Against, Modi, Government

ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ‘ਚ ਬੈਲਗੱਡੀ ਤੇ ਸਵਾਰ ਹੋ ਕੇ ਕੀਤਾ ਰੋਸ ਪ੍ਰਦਰਸ਼ਨ

ਸਮਾਣਾ, (ਸੁਨੀਲ ਚਾਵਲਾ/ਸੱਚ ਕਹੂੰ ਨਿਊਜ਼)

ਪਟਰੋਲ ਅਤੇ ਡੀਜ਼ਲ ਦੇ  ਰੇਟਾਂ ਵਿਚ ਪਿਛਲੇ ਕੁੱਝ ਸਮੇਂ ਦੌਰਾਨ ਹੋਏ ਅਥਾਹ ਵਾਧੇ ਦੇ ਵਿਰੋਧ ਵਿਚ ਮੋਦੀ ਸਰਕਾਰ ਖ਼ਿਲਾਫ਼ ਅੱਜ ਹਲਕਾ ਵਿਧਾਇਕ ਕਾਕਾ ਰਜਿੰਦਰ ਸਿੰਘ ਵੱਲੋਂ ਸਥਾਨਕ ਅੰਬੇਦਕਰ ਚੌਂਕ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਮੋਦੀ ਸਰਕਾਰ ਨੂੰ ਲੁੱਟੂ ਟੋਲਾ ਤੇ ਜਣ ਵਿਰੋਧੀ ਸਰਕਾਰ ਦੱਸਿਆ ਗਿਆ। ਹਾਲਾਂਕਿ ਖੁਦ ਦੀ ਸੱਤਾਧਾਰੀ ਸਰਕਾਰ ਨੂੰ ਜਣ ਹਿੱਤੈਸ਼ੀ ਸਰਕਾਰ ਦੱਸਣ ਵਾਲੇ ਕਾਕਾ ਰਜਿੰਦਰ ਸਿੰਘ ਕੋਲ ਪਟਰੋਲ ਤੇ ਡੀਜ਼ਲ ਤੇ ਲੱਗਣ ਵਾਲੇ ਸੂਬੇ ਦੇ ਟੈਕਸਾਂ ਵਿਚ ਰਾਹਤ ਦੇ ਕੇ ਰੇਟ ਘਟਾਉਣ ਦੇ ਸੁਆਲ ਦਾ ਕੋਈ ਜੁਆਬ ਨਹੀਂ ਸੀ।

ਸਥਾਨਕ ਅੰਬੇਦਕਰ ਚੌਂਕ ਵਿਖੇ ਕਾਕਾ ਰਜਿੰਦਰ ਸਿੰਘ ਨੇ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਝੂਠੀ ਤੇ ਲਾਰਿਆਂ ਦੀ ਸਰਕਾਰ ਹੈ ਜਿਸ ਦਾ ਮੁੱਖ ਟੀਚਾ ਆਮ ਜਨਤਾ ਨੂੰ ਮਾਰ ਕੇ ਦੇਸ਼ ਦੇ 18-20 ਵਿਅਕਤੀਆਂ ਦੀਆਂ ਤਿਜੋਰੀਆਂ ਭਰਨਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਦੀ ਜਨਤਾ ਨੂੰ ਝੂਠੇ ਲਾਰੇ ਲਗਾ ਕੇ ਆਪਣੀ ਸਰਕਾਰ ਬਣਾਈ ਤੇ ਹੁਣ ਦੇਸ਼ ਦੀ ਜਨਤਾ ਦਾ ਭੱਠਾ ਬਿਠਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਛੱਡ ਕੇ ਸਾਰੇ ਹੀ ਦੇਸ਼ਾਂ ਵਿਚ ਤੇਲ ਦੀਆਂ ਕੀਮਤਾਂ ਕਾਫ਼ੀ ਘੱਟ ਹਨ।

ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਕਿ ਜਦੋਂ ਹਰਿਆਣਾ ਨੇ ਪਟਰੋਲ ਤੇ ਡੀਜ਼ਲ ਤੇ ਟੈਕਸਾਂ ਵਿਚ ਛੁੱਟ ਦਿੱਤੀ ਹੋਈ ਹੈ ਜਿਸ ਕਾਰਨ ਹਰਿਆਣਾ ਵਿਚ ਪਟਰੋਲ  ਪੰਜਾਬ ਨਾਲੋਂ ਕਰੀਬ 6 ਰੁਪਏ ਰੇਟ ਘੱਟ ਹੈ ਤਾਂ ਜਣ ਹਿਤੈਸ਼ੀ ਅਖਵਾਉਣ ਵਾਲੀ ਪੰਜਾਬ ਸਰਕਾਰ ਤੇਲ ਤੇ ਟੈਕਸਾਂ ਵਿਚ ਲੋਕਾਂ ਨੂੰ ਰਾਹਤ ਕਿਉਂ ਨਹੀਂ ਦੇ ਰਹੀ ਤਾਂ ਇਸ ਗੱਲ ਦਾ ਉਨ੍ਹਾਂ ਕੋਲ ਕੋਈ ਜੁਆਬ ਨਹੀਂ ਸੀ। ਉਨ੍ਹਾਂ ਇਹ ਕਹਿ ਕੇ ਬੁੱਤਾ ਸਾਰਿਆ ਕਿ ਪੰਜਾਬ ਦੀ ਮਾਲੀ ਹਾਲਤ ਕਾਫ਼ੀ ਖ਼ਰਾਬ ਹੈ ਜਿਸ ਕਾਰਨ ਪੰਜਾਬ ਸਰਕਾਰ ਤੇਲ ਤੇ ਟੈਕਸਾਂ ਵਿਚ ਛੂਟ ਨਹੀਂ ਦੇ ਸਕਦੀ।

ਹਲਕਾ ਵਿਧਾਇਕ ਕਾਕਾ ਰਜਿੰਦਰ ਸਿੰਘ ਵੱਲੋਂ ਐਲਾਨੇ ਪ੍ਰੋਗਰਾਮ ਤੋਂ ਪਹਿਲਾ ਹੀ ਪ੍ਰਦੀਪ ਸ਼ਰਮਾ ਦੀ ਅਗੁਵਾਈ ਹੇਠ ਕੁੱਝ ਕਾਂਗਰਸੀ ਵਰਕਰਾਂ ਨੇ ਆਪਣੇ ਪੱੱਧਰ ‘ਤੇ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਦਾ ਵਿਰੋਧ ਕਰਦੇ ਹੋਏ ਬੈਲਗੱਡੀ ‘ਤੇ ਸਵਾਰ ਹੋ ਕੇ ਸ਼ਹਿਰ ਭਰ ਵਿਚ ਰੋਸ਼ ਪ੍ਰਦਰਸ਼ਨ ਕੀਤਾ। ਜਿਸ ਨੂੰ ਲੈ ਕੇ ਲੋਕਾਂ ਵਿਚ ਕਈ ਤਰ੍ਹਾਂ ਦੀ ਚਰਚਾ ਰਹੀ। ਕੁੱਝ ਲੋਕ ਤਾਂ ਇਸ ਨੂੰ ਹਲਕਾ ਵਿਧਾਇਕ ਦੇ ਪ੍ਰੋਗਰਾਮ ‘ਤੇ ਭਾਰੀ ਦੱਸ ਰਹੇ ਸਨ।