ਰਾਜੀਵ ਗਾਂਧੀ ਨੂੰ ਭੁੱਲੇ ਕਾਂਗਰਸੀ, ਨਹੀਂ ਦਿੱਤੀ ਮੁੱਖ ਦਫ਼ਤਰ ਵਿਖੇ ਸ਼ਰਧਾਂਜਲੀ

Congress, Forgetting, Rajiv Gandhi

ਮੁੱਖ ਦਫ਼ਤਰ ਵਿਖੇ ਨਹੀ ਹੋਇਆ ਕੋਈ ਸਮਾਗਮ | Rajiv Gandhi

ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਵ. ਰਾਜੀਵ ਗਾਂਧੀ ਦੀ 27ਵੀ ਬਰਸੀ ਮੌਕੇ ਚੰਡੀਗੜ੍ਹ ਸਥਿੱਤ ਪੰਜਾਬ ਕਾਂਗਰਸ ਦੇ ਦਫ਼ਤਰ ਵਿਖੇ ਨਾ ਹੀ ਕੋਈ ਸ਼ਰਧਾਂਜਲੀ ਦੇਣ ਲਈ ਸਮਾਰੋਹ ਹੋਇਆ ਅਤੇ ਨਾ ਹੀ ਕੋਈ ਸਰਧਾਂਜਲੀ ਦੇਣ ਲਈ ਪੁੱਜਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਸਾਲ ਸਵ. ਰਾਜੀਵ ਗਾਂਧੀ ਦੀ ਬਰਸੀ ਮੌਕੇ ਕਾਂਗਰਸ ਭਵਨ ਵਿਖੇ ਹਮੇਸ਼ਾ ਹੀ ਸ਼ਰਧਾਂਜਲੀ ਦਿੱਤੀ ਜਾਂਦੀ ਰਹੀ ਹੈ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਆਪਣੇ ਮਰਹੂਮ ਲੀਡਰ ਨੂੰ ਹੀ ਭੁੱਲ ਗਏ ਹਨ। ਇਹੋ ਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਨਾ ਦਿੱਤੀ ਗਈ ਹੋਵੇ। (Rajiv Gandhi)

ਇਥੇ ਹੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਮੁੱਖ ਦਫ਼ਤਰ ਦਾ ਸਟਾਫ਼ ਅਤੇ ਅਹੁਦੇਦਾਰ ਜਿਮਨੀ ਚੋਣ ਲਈ ਸ਼ਾਹਕੋਟ ਵਿਖੇ ਡੇਰਾ ਜਮਾਈ ਬੈਠੇ ਹਨ ਅਤੇ ਇੱਕ ਮਿੰਟ ਵੀ ਇਹ ਅਹੁਦੇਦਾਰ ਸ਼ਾਹਕੋਟ ਨੂੰ ਛੱਡਣ ਨੂੰ ਤਿਆਰ ਨਹੀਂ ਹਨ, ਜਿਸ ਕਾਰਨ ਉਹ ਆਪਣੇ ਲੀਡਰ ਨੂੰ ਸ਼ਰਧਾਂਜਲੀ ਦੇਣ ਲਈ ਚੰਡੀਗੜ੍ਹ ਵਿਖੇ ਹੀ ਨਹੀਂ ਪੁੱਜੇ। ਪੰਜਾਬ ਮੁੱਖ ਮੰਤਰੀ ਅਮਰਿੰਦਰ ਸਿੰਘ ਮਨਾਲੀ ਵਿਖੇ ਛੁੱਟੀਆਂ ਬਿਤਾਉਣ ਲਈ ਗਏ ਹੋਏ ਹਨ ਤਾਂ ਕਾਂਗਰਸ ਪ੍ਰਧਾਨ ਦਿੱਲੀ ਵਿਖੇ ਕਿਸੇ ਕੰਮ ਵਿੱਚ ਰੁੱਝੇ ਹੋਏ ਸਨ, ਜਿਸ ਕਾਰਨ ਉਨ੍ਹਾਂ ਵੱਲੋਂ ਵੀ ਇਸ ਮੌਕੇ ਸ਼ਰਧਾਂਜਲੀ ਦੇਣ ਲਈ ਚੰਡੀਗੜ੍ਹ ਨਹੀਂ ਆਏ। ਚੰਡੀਗੜ੍ਹ ਦੇ ਮੁੱਖ ਦਫ਼ਤਰ ਵਿਖੇ ਕਾਂਗਰਸੀਆਂ ਵੱਲੋਂ ਹਰ ਸਾਲ ਸ਼ਰਧਾਂਜਲੀ ਸਮਾਗਮ ਰੱਖਦੇ ਹੋਏ ਸਵ. ਰਾਜੀਵ ਗਾਂਧੀ ਨੂੰ ਯਾਦ ਕੀਤਾ ਜਾਂਦਾ ਰਿਹਾ ਹੈ ਪਰ ਇਸ ਵਾਰ ਵੱਡੇ ਲੀਡਰ ਤਾਂ ਦੂਰ ਦੀ ਗੱਲ ਰੋਜ਼ਾਨਾ ਵਾਂਗ ਹੀ ਕਾਂਗਰਸ ਭਵਨ ਵਿਖੇ ਆਉਣ ਵਾਲੇ ਛੋਟ-ਮੋਟੇ ਆਗੂਆਂ ਨੇ ਵੀ ਸ਼ਰਧਾਂਜਲੀ ਨਹੀਂ ਦਿੱਤੀ।