ਟਰੈਕਟਰ ਰੈਲੀ ਤੋਂ ਕਾਂਗਰਸ ਬਾਗੋਬਾਗ

Congress, Happy, Tractor, Rally

ਰੈਲੀ ‘ਚ 10 ਹਜ਼ਾਰ ਟਰੈਕਟਰ ਲਿਆਂਦੇ ਜਾਣ ਦਾ ਕੀਤਾ ਦਾਅਵਾ

  • ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਕੇਸ਼ਵ ਯਾਦਵ ਰੈਲੀ ਨੂੰ ਹਰੀ ਝੰਡੀ ਦੇਣ ਪੁੱਜੇ
  • ਸੁਨੀਲ ਜਾਖੜ ਨੇ ਦਿੱਤਾ ਨਾਅਰਾ ‘ਮੋਦੀ ਭਜਾਓ ਰਾਹੁਲ ਲਿਆਓ ਕਿਸਾਨ ਬਚਾਓ’

ਰਾਜਪੁਰਾ, (ਅਜਯ ਕਮਲ/ਸੱੱਚ ਕਹੂੰ ਨਿਊਜ)। ਵਧ ਰਹੀਆਂ ਤੇਲ ਕੀਮਤਾਂ ਖਿਲਾਫ਼ ਯੂਥ ਕਾਂਗਰਸ ਵੱਲੋਂ ‘ਭਾਰਤ ਬਚਾਓ ਜਨ ਅੰਦੋਲਨ’ ਤਹਿਤ ਕੱਢੇ ਇੱਕ ਵਿਸ਼ਾਲ ‘ਟਰੈਕਟਰ ਮਾਰਚ’ ਦੌਰਾਨ ਅੱਜ ਕਾਂਗਰਸੀ ਬਾਗੋ-ਬਾਗ ਨਜ਼ਰ ਆਏ ਪਾਰਟੀ ਨੇ ਇਸ ਰੈਲੀ ‘ਚ ਦਸ ਹਜ਼ਾਰ ਤੋਂ ਵੱਧ ਟਰੈਕਟਰ ਲਿਆਉਣ ਦਾ ਦਾਅਵਾ ਕੀਤਾ ਹੈ।

ਇਸ ਦੌਰਾਨ ਸੁਨੀਲ ਜਾਖੜ ਨੇ ਖ਼ੁਦ ਟਰੈਕਟਰ ਚਲਾ ਕੇ ਕਰੀਬ 20 ਕਿਲੋਮੀਟਰ ਲੰਮੇ ਚੱਲੇ ਇਸ ਵਿਸ਼ਾਲ ਟਰੈਕਟਰ ਮਾਰਚ ਦੀ ਅਗਵਾਈ ਕੀਤੀ ਇਸ ਮੌਕੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਦੇਸ਼ ਤੇ ਇਸ ਦੇ ਕਿਸਾਨ ਨੂੰ ਬਚਾਉਣ ਲਈ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਚਲਦਾ ਕੀਤਾ ਜਾਵੇ ਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾਵੇ।

ਯਾਦਵ ਨੇ ਆਪਣੇ ਪਲੇਠੇ ਪੰਜਾਬ ਦੌਰੇ ਸਮੇਂ ਪੰਜਾਬ ਯੂਥ ਕਾਂਗਰਸ ਵੱਲੋਂ ਕੱਢੀ ਗਈ ਅੱਜ ਦੀ ਇਸ ਵਿਸ਼ਾਲ ਟਰੈਕਟਰ ਯਾਤਰਾ ਦੀ ਕਾਮਯਾਬੀ ਲਈ ਯੂਥ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਰੈਲੀ ਨੇ ਜਿਥੇ ਤੁਹਾਡੀ ਆਪਣੀ ਤਾਕਤ ਵਧਾਈ ਹੈ ਉਥੇ ਹੀ ਸ੍ਰੀ ਰਾਹੁਲ ਗਾਂਧੀ ਦੇ ਵੀ ਹੱਥ ਮਜ਼ਬੂਤ ਕੀਤੇ ਹਨ। ਉਨ੍ਹਾਂ ਮੋਦੀ ‘ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਦੇ ਆਗੂਆਂ ਨੇ ਜਿੱਥੇ ਦੇਸ਼ ਦੀ ਅਜ਼ਾਦੀ ਲਈ ਖ਼ੂਨ ਵਹਾਇਆ ਉਥੇ ਦੇਸ਼ ਨੂੰ ਵਿਕਸਤ ਵੀ ਕੀਤਾ, ਜਦੋਂ ਕਿ ਭਾਜਪਾ ਅੱਜ ਫੋਕੇ ਰਾਸ਼ਟਰਵਾਦ ਦੇ ਨਾਅਰੇ ਲਗਾ ਕੇ ਕਾਂਗਰਸ ਦੀ ਦੇਸ਼ ਭਗਤੀ ‘ਤੇ ਉਂਗਲ ਉਠਾ ਰਹੀ ਹੈ।

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਦੀ ਦੇਖ-ਰੇਖ ਅਤੇ ਨਿਰਭੈ ਸਿੰਘ ਮਿਲਟੀ ਕੰਬੋਜ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਦੀ ਸਮਾਪਤੀ ਮਗਰੋਂ ਗਗਨ ਚੌਂਕ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਬੀ.ਜੇ.ਪੀ. ਦੀ ਚਲਾਕੀ ਤੋਂ ਸਭ ਭਲੀ-ਭਾਂਤ ਵਾਕਫ਼ ਹਨ ਪ੍ਰੰਤੂ ਪੰਜਾਬ ਦੇ ਲੋਕਾਂ ਨੂੰ ਬਾਦਲਕਿਆਂ ਤੋਂ ਉਮੀਦ ਸੀ ਕਿ ਉਹ ਤਾਂ ਉਨ੍ਹਾਂ ਦੀ ਗੱਲ ਕਰਨਗੇ ਪ੍ਰੰਤੂ ਉਹ ਵੀ ਇੱਕ ਵਜ਼ੀਰੀ ਲਈ ਮੂੰਹ ‘ਚ ਘੁੰਗਣੀਆਂ ਪਾ ਗਏ। ਇਸ ਮੌਕੇ ਜਾਖੜ ਨੇ ‘ਮੋਦੀ ਭਜਾਓ, ਰਾਹੁਲ ਲਿਆਓ ਦੇਸ਼ ਬਚਾਓ’ ਦਾ ਨਾਅਰਾ ਦਿੰਦਿਆਂ ਕਿਹਾ ਕਿ ਜੇਕਰ ਦੇਸ਼ ‘ਚ ਮੋਦੀ ਸਰਕਾਰ ਰਹੀ ਤਾਂ ਨਾ ਗਰੀਬ ਰਹੇਗਾ, ਨਾ ਕਿਸਾਨ ਅਤੇ ਨਾ ਹੀ ਜਵਾਨ, ਇਸ ਲਈ ਹਰ ਵਰਗ ਦੀ ਕਦਰ ਕਰਨ।

ਵਾਲੇ ਰਾਹੁਲ ਗਾਂਧੀ ਨੂੰ ਲਿਆਉਣਾ ਹੀ ਪਵੇਗਾ। ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਜਿਵੇਂ ਰਾਜਪੁਰਾ ਤੋਂ ਲੱਗੇ ਨਾਅਰੇ ਕੈਪਟਨ ਲਿਆਓ ਪੰਜਾਬ ਬਚਾਓ ਨੂੰ ਕਾਮਯਾਬ ਕੀਤਾ ਗਿਆ, ਉਸੇ ਤਰ੍ਹਾਂ ਅੱਜ ਮੋਦੀ ਭਜਾਓ ਦੇ ਲੱਗੇ ਨਾਅਰੇ ਨੂੰ ਕਾਮਯਾਬ ਕਰਕੇ ਰਾਹੁਲ ਗਾਂਧੀ ਨੂੰ ਲਿਆਂਦਾ ਜਾਵੇਗਾ। ਵਿਧਾਇਕ ਘਨੌਰ ਸ੍ਰੀ ਜਲਾਲਪੁਰ ਨੇ ਕਿਹਾ ਕਿ ਮੋਦੀ ਸਰਕਾਰ ਤੋਂ ਅੱਜ ਹਰ ਵਰਗ ਦੁਖੀ ਹੈ ਇਸ ਲਈ ਅਗਲੀ ਕੇਂਦਰੀ ਸਰਕਾਰ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੀ ਬਣੇਗੀ।

ਜਿਕਰਯੋਗ ਹੈ ਕਿ ਬਨੂੜ ਦੇ ਟੋਲ ਪਲਾਜ਼ਾ ਨੇੜੇ ਪਿੰਡ ਖਿਜ਼ਰਗੜ੍ਹ (ਕਨੌੜ) ਨੇੜਿਓਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਕੁਮਾਰ ਜਾਖੜ ਅਤੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਹੇਠਲੇ ਇਸ ਵਿਸ਼ਾਲ ਟਰੈਕਟਰ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ।

ਇਸ ਮੌਕੇ ਇੰਡੀਅਨ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਸ੍ਰੀਨਿਵਾਸ ਬੀ.ਵੀ., ਗੁਰਦਾਸਪੁਰ ਦੇ ਵਿਧਾਇਕ ਗੁਰਿੰਦਰਜੀਤ ਸਿੰਘ ਪਾਹੜਾ, ਦੀਪਇੰਦਰ ਸਿੰਘ ਢਿੱਲੋਂ, ਹਰਿੰਦਰਪਾਲ ਸਿੰਘ ਹੈਰੀਮਾਨ, ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਸਮੇਤ ਯੂਥ ਕਾਂਗਰਸ ਦੇ ਲੋਕ ਸਭਾ ਪਟਿਆਲਾ ਹਲਕਾ ਪ੍ਰਧਾਨ ਧਨਵੰਤ ਸਿੰਘ ਜਿੰਮੀ ਡਕਾਲਾ, ਯੂਥ ਕਾਂਗਰਸ ਦੇ ਸੀਨੀਅਰ ਆਗੂ, ਗਗਨਦੀਪ ਸਿੰਘ ਜੌਲੀ, ਮੋਹਿਤ ਮਹਿੰਦਰਾ, ਰਿੱਕੀ ਮਾਨ, ਉਦੇਵੀਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ‘ਚ ਯੂਥ ਕਾਂਗਰਸ ਦੇ ਆਗੂ ਮੌਜੂਦ ਸਨ। ਜਿਨ੍ਹਾਂ ਨੇ ਇਸ ਮਾਰਚ ਨੂੰ ਕਾਮਯਾਬ ਬਣਾਉਣ ‘ਚ ਅਹਿਮ ਭੂਮਿਕਾ ਅਦਾ ਕੀਤੀ।