ਭਾਈਚਾਰੇ ਦੇ ਸੰਦੇਸ਼ ਦਾ ਤਿਉਹਾਰ ਲੋਹੜੀ

Lohri

ਭਾਈਚਾਰੇ ਦੇ ਸੰਦੇਸ਼ ਦਾ ਤਿਉਹਾਰ ਲੋਹੜੀ

ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਇਸ ਤਿਉਹਾਰ ਨੂੰ ਕੇਵਲ ਪੰਜਾਬ ਵਿੱਚ ਹੀ ਨਹੀਂ, ਬਲਕਿ ਸਮੁੱਚੇ ਭਾਰਤੀਆਂ ਅਤੇ ਪੰਜਾਬੀਆਂ ਵੱਲੋਂ ਦੇਸ਼-ਪ੍ਰਦੇਸ਼ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਹੜੀ ਤਿਉਹਾਰ ਪੋਹ ਮਹੀਨੇ ਦੀ ਆਖਰੀ ਸ਼ਾਮ ਭਾਵ ਮਾਘ ਮਹੀਨੇ ਦੀ ਪੂਰਵ ਸ਼ਾਮ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਸਰਦੀਆਂ ਦੇ ਖਤਮ ਹੋਣ ਅਤੇ ਹਾੜੀ ਫਸਲਾਂ ਦੇ ਪ੍ਰਫੁੱਲਤ ਹੋਣ ਤੇ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਗਲੀ ਮੁਹੱਲੇ ਦੇ ਲੋਕ ਸ਼ਾਮ ਨੂੰ ਇਕੱਠੇ ਹੁੰਦੇ ਹਨ ਅਤੇ ਲੋਹੜੀ ਬਾਲਦੇ ਹਨ।

ਪਿਛਲੇ ਸਾਲ ਜਿਸ ਘਰ ਵਿਚ ਪੁੱਤਰ ਪੈਦਾ ਹੁੰਦਾ ਹੈ ਜਾਂ ਮੁੰਡੇ ਦਾ ਵਿਆਹ ਹੋਇਆ ਹੁੰਦਾ ਹੈ, ਉਸ ਘਰ ਵਿਚ ਪਹਿਲੀ ਲੋਹੜੀ ਖੁਸ਼ੀ ਨਾਲ ਮਨਾਈ ਜਾਂਦੀ ਹੈ। ਉਨ੍ਹਾਂ ਦੇ ਘਰ ਦੇ ਦਰਵਾਜ਼ੇ ਤੇ ਲੋਹੜੀ ਬਾਲੀ ਜਾਂਦੀ ਹੈ ਅਤੇ ਸੱਦੇ ਗਏ ਲੋਕਾਂ ਨੂੰ ਗੁੜ, ਪਤਾਸੇ, ਮੂੰਗਫਲੀ ਆਦਿ ਵੰਡੇ ਜਾਂਦੇ ਹਨ। ਕੁਝ ਪਿੰਡਾਂ/ਕਸਬਿਆਂ/ਮੁਹੱਲਿਆਂ ਵਿੱਚ ਲੋਹੜੀ ਇੱਕ ਥਾਂ ਤੇ ਇਕੱਠੇ ਹੋ ਕੇ ਮਨਾਈ ਜਾਂਦੀ ਹੈ।

ਅੱਜ੍ਹ-ਕੱਲ੍ਹ ਤਾਂ ਲੋਹੜੀ ਤੇ ਡੀਜੇ ਲਾ ਕੇ ਗਿੱਧੇ-ਭੰਗੜੇ ਵੀ ਪਾਏ ਜਾਂਦੇ

ਲੋਹੜੀ ਦੀ ਸ਼ਾਮ ਨੂੰ ਨਵੇਂ ਜੰਮੇ ਮੁੰਡੇ ਜਾਂ ਨਵੇਂ ਵਿਆਹੇ ਜੋੜੇ ਦੇ ਪਰਿਵਾਰ ਦੇ ਸੱਦੇ ਤੇ ਇਕ ਖੁੱਲ੍ਹੀ ਜਗ੍ਹਾ ਵਿਚ ਲੱਕੜਾਂ ਅਤੇ ਪਾਥੀਆਂ ਦਾ ਢੇਰ ਲਗਾ ਕੇ ਅੱਗ ਬਾਲ ਲਈ ਜਾਂਦੀ ਹੈ। ਔਰਤਾਂ ਵਲੋਂ ਗੀਤ ਗਾਏ ਜਾਂਦੇ ਹਨ। ਸਾਰੇ ਲੋਕ ਬਲਦੀ ਅੱਗ ਦਾ ਚੱਕਰ ਲਾਉਂਦੇ ਅਤੇ ਤਿਲ ਅੱਗ ਵਿਚ ਸੁਟਦੇ ਹੋਏ ਕਹਿੰਦੇ ਹਨ ‘ਈਸ਼ਰ ਆ ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁਲ੍ਹੇ ਪਾ’। ਮੇਜ਼ਬਾਨ ਪਰਿਵਾਰ ਦੁਆਰਾ ਲੋਹੜੀ ਦੇ ਆਸ ਪਾਸ ਬੈਠੇ ਲੋਕਾਂ ਵਿੱਚ ਗੁੜ, ਪਤਾਸੇ, ਮੂੰਗਫਲੀ, ਮਿਠਾਈਆਂ ਆਦਿ ਵੰਡਿਆ ਜਾਂਦਾ ਹੈ। ਅੱਜ੍ਹ-ਕੱਲ੍ਹ ਤਾਂ ਲੋਹੜੀ ਤੇ ਡੀਜੇ ਲਾ ਕੇ ਗਿੱਧੇ-ਭੰਗੜੇ ਵੀ ਪਾਏ ਜਾਂਦੇ ਹਨ।

ਲੋਹੜੀ ਦੇ ਤਿਉਹਾਰ ਦੇ ਸ਼ੁਰੂ ਹੋਣ ਦੀ ਪ੍ਰਥਾ ਬਾਰੇ ਵੀ ਵੱਖ-ਵੱਖ ਵਿਚਾਰ ਹਨ। ਪੰਜਾਬੀ ਵਿਸ਼ਵ ਲੋਕਧਾਰਾ ਕੋਸ਼ ਅਨੁਸਾਰ ਲੋਹੜੀ ਸੂਰਜ ਦੇਵਤਾ ਦੀ ਪੂਜਾ ਦਾ ਤਿਉਹਾਰ ਹੈ। ਕੱਤਕ ਮਹੀਨੇ ਵਿਚ ਸੂਰਜ ਧਰਤੀ ਤੋਂ ਬਹੁਤ ਦੂਰ ਚਲਾ ਜਾਂਦਾ ਹੈ ਅਤੇ ਇਸ ਦੀਆਂ ਕਿਰਨਾਂ ਧਰਤੀ ਤੱਕ ਬਹੁਤੀ ਤਪਸ਼ ਨਾਲ ਨਹੀਂ ਪਹੁੰਚਦੀਆਂ। ਇਸ ਕਾਰਨ ਪ੍ਰਾਚੀਨ ਕਬੀਲਿਆਂ ਦੁਆਰਾ ਸੂਰਜ ਦੀ ਤਪਸ਼ ਅਤੇ ਰੌਸ਼ਨੀ ਨੂੰ ਮੁੜ ਜੀਵਿਤ ਕਰਨ ਲਈ ਲੋਹੜੀ ਬਾਲੀ ਜਾਂਦੀ ਸੀ। ਇਸ ਦਿਨ ਸੂਰਜ ਦੱਖਣਆਨ ਤੋਂ ਉੱਤਰਾਆਨ ਵਿਚ ਦਾਖਲ ਹੁੰਦਾ ਹੈ।ਇਸ ਲਈ ਲੋਹੜੀ ਤਿਉਹਾਰ ਦੀ ਸ਼ੁਰੂਆਤ ਨੂੰ ਸੂਰਜ ਪੂਜਾ ਨਾਲ ਸਬੰਧਿਤ ਮੰਨਿਆ ਜਾ ਸਕਦਾ ਹੈ। ਬਾਅਦ ਵਿਚ ਇਸ ਤਿਉਹਾਰ ਨੂੰ ਕਈ ਹੋਰ ਲੋਕ ਕਥਾਵਾਂ ਨਾਲ ਵੀ ਜੋੜ ਦਿੱਤਾ ਗਿਆ।

ਭਾਈਚਾਰੇ ਦੇ ਸੰਦੇਸ਼ ਦਾ ਤਿਉਹਾਰ ਲੋਹੜੀ

ਇੱਕ ਹੋਰ ਵਿਚਾਰਧਾਰਾ ਅਨੁਸਾਰ ਲੋਹੜੀ ਦਾ ਤਿਉਹਾਰ ਯੱਗਾਂ ਦੇ ਆਰੰਭ ਦਾ ਸੂਚਕ ਮੰਨਿਆ ਜਾਂਦਾ ਹੈ। ਪੁਰਾਤਨ ਮਾਨਤਾ ਅਨੁਸਾਰ ਸਾਰੇ ਦੇਵੀ ਦੇਵਤਿਆਂ ਵਿੱਚੋਂ ਅਗਨੀ ਦੇਵਤੇ ਨੂੰ ਦੇਵਤਿਆਂ ਦੀ ਜੀਭ ਮੰਨਿਆ ਗਿਆ ਹੈ। ਇਸ ਲਈ ਲੋਹੜੀ ਵਾਲੇ ਦਿਨ ਅਗਨੀ ਦੇਵਤੇ ਨੂੰ ਅਨਾਜ ਦੇ ਰੂਪ ਵਿੱਚ ਰਿਉੜੀ, ਫੁੱਲੇ, ਮੂੰਗਫਲੀ ਆਦਿ ਦੀ ਆਹੂਤੀ ਦਿਤੀ ਜਾਂਦੀ ਹੈ ਅਤੇ ਫਿਰ ਉਸਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਉੱਤਰੀ ਭਾਰਤ ਵਿੱਚ ਮਾਘੀ ਦੀ ਸੰਗਰਾਂਦ ਤੱਕ ਲਗਭਗ ਸਾਰੀਆਂ ਫਸਲਾਂ ਦੀ ਬਿਜਾਈ ਹੋ ਜਾਂਦੀ ਹੈ।। ਇਸ ਵਾਸਤੇ ਇਸ ਤਿਉਹਾਰ ਰਾਹੀਂ ਸੰਬੰਧਤ ਦੇਵਤਿਆਂ ਦੀ ਪ੍ਰਸੰਨਤਾ ਹਾਸਲ ਕੀਤੀ ਜਾਂਦੀ ਹੈ। ਯੂਪੀ ਵਿਚ ਇਸੇ ਤਿਉਹਾਰ ਨੂੰ ਖਿਚੜੀ ਦੇ ਤਿਉਹਾਰ ਦੇ ਤੌਰ ’ਤੇ ਮਨਾਇਆ ਜਾਂਦਾ ਹੈ ਅਤੇ ਗੋਰਖ ਨਾਥ ਦੇ ਨਾਮ ਉਪਰ ਖਿੱਚੜੀ ਚੜ੍ਹਾ ਕੇ ਫਸਲਾਂ ਦੀ ਪ੍ਰਫੁਲਤਾ ਦੀ ਕਾਮਨਾ ਕੀਤੀ ਜਾਂਦੀ ਹੈ।

ਲੋਹੜੀ ਦੇ ਤਿਉਹਾਰ ਨੂੰ ਇਕ ਹੋਰ ਪੁਰਾਣੀ ਪ੍ਰੰਪਰਾ ਨਾਲ ਵੀ ਜੋੜਿਆ ਜਾ ਸਕਦਾ ਹੈ। ਪੁਰਾਣੇ ਸਮਿਆਂ ਵਿੱਚ ਅੱਗ ਬਾਲਣ ਲਈ ਮਾਚਿਸ ਜਾਂ ਹੋਰ ਪ੍ਰਬੰਧ ਨਾ ਹੋਣ ਕਾਰਨ ਹਰ ਘਰ ਵਿਚ ਰਾਤ ਨੂੰ ਅੱਗ ਸੁਆਹ ਵਿੱਚ ਦੱਬ ਕੇ ਰੱਖੀ ਜਾਂਦੀ ਸੀ ਅਤੇ ਸਵੇਰੇ ਦੱਬੀ ਅੱਗ ਨੂੰ ਸੁਆਹ ਚੋਂ ਕੱਢ ਕੇ ਅੱਗ ਬਾਲ ਲਈ ਜਾਂਦੀ ਸੀ। ਘਰ ਵਿਚ ਅੱਗ ਦਾ ਨਾ ਹੋਣਾ ਜਾਂ ਅੱਗ ਦਾ ਬੁਝਣਾ ਇੱਕ ਅਪਸ਼ਗੁਨ ਸਮਝਿਆ ਜਾਂਦਾ ਸੀ। ਇਸ ਲਈ ਹਰ ਸਾਲ ਨਵੀਂ ਅੱਗ ਬਣਾਉਣ ਲਈ ਲੋਹੜੀ ਵਾਲੇ ਦਿਨ ਹਰ ਘਰ ਵਿੱਚੋਂ ਲਕੜੀਆਂ ਅਤੇ ਪਾਥੀਆਂ ਇਕੱਠੀਆਂ ਕਰ ਕੇ ਇੱਕ ਥਾਂ ’ਤੇ ਅੱਗ ਬਾਲ ਦਿੱਤੀ ਜਾਂਦੀ ਸੀ। ਲੋਕ ਇਸ ਲੋਹੜੀ ਦੀ ਅੱਗ ਵਿੱਚੋਂ ਨਵੀਂ ਅੱਗ ਨੂੰ ਆਪਣੇ ਘਰ ਲੈ ਜਾਂਦੇ ਸਨ। ਲੋਹੜੀ ਦੀ ਬਲਦੀ ਹੋਈ ਅੱਗ ਨੂੰ ਆਪਣੇ ਘਰ ਲੈ ਕੇ ਜਾਣ ਦਾ ਰਿਵਾਜ ਅਜੇ ਵੀ ਕੁਝ ਥਾਵਾਂ ਤੇ ਪ੍ਰਚਲਿਤ ਹੈ।

ਲੋਹੜੀ ਸ਼ਬਦ ‘ਲੋਹ’ ਸ਼ਬਦ ਤੋਂ ਬਣਿਆ

ਕੁਝ ਲੋਕ ਇਸ ਤਿਉਹਾਰ ਨੂੰ ਸੰਤ ਕਬੀਰ ਜੀ ਦੀ ਪਤਨੀ ‘ਲੋਈ’ ਜੀ ਦੇ ਨਾਮ ਨਾਲ ਵੀ ਜੋੜਦੇ ਹਨ। ਕੁਝ ਵਿਦਵਾਨਾਂ ਅਨੁਸਾਰ ਲੋਹੜੀ ਸ਼ਬਦ ‘ਲੋਹ’ ਸ਼ਬਦ ਤੋਂ ਬਣਿਆ ਹੈ, ਜਿਸਦਾ ਅਰਥ ਹੈ ਰੌਸ਼ਨੀ ਅਤੇ ਤਪਸ਼। ਕੁਝ ਲੋਕ ਮੰਨਦੇ ਹਨ ਕਿ ਲੋਹੜੀ ਸ਼ਬਦ ਤਿਲ ਅਤੇ ਰਿਓੜੀ ਦੇ ਜੋੜ ਤੋਂ ਬਣੇ ਸ਼ਬਦ ‘ਤਿਲੋਹੜੀ’ ਤੋਂ ਬਣਾਇਆ ਗਿਆ ਹੈ।ਲੋਹੜੀ ਮੰਗਣ ਲਈ ਔਰਤਾਂ ਅਤੇ ਬੱਚਿਆਂ ਵੱਲੋਂ ਲੋਹੜੀ ਦੇ ਗੀਤ ਵਜੋਂ ‘ਦੁੱਲਾ ਭੱਟੀ’ ਦੇ ਇਤਿਹਾਸ ਨੂੰ ਗਾਇਆ ਜਾਂਦਾ ਹੈ।ਸਮਰਾਟ ਅਕਬਰ ਦੇ ਰਾਜ ਦੌਰਾਨ ‘ਦੁੱਲਾ ਭੱਟੀ’ ਨਾਂ ਦਾ ਇਕ ਨੌਜਵਾਨ ਸੀ, ਜੋ ਅਮੀਰ ਲੋਕਾਂ ਤੋਂ ਧਨ ਅਤੇ ਹੋਰ ਚੀਜ਼ਾਂ ਦੀ ਲੁੱਟ ਕਰਕੇ ਗਰੀਬਾਂ ਵਿਚ ਵੰਡ ਦਿੰਦਾ ਸੀ। ਪ੍ਰਸਿਧ ਪੰਜਾਬੀ ਨਾਵਲਕਾਰ ਬਲਦੇਵ ਸਿੰਘ ‘ਸੜਕਨਾਮਾ’ ਦੇ ਨਾਵਲ ‘ਢਾਹਵਾਂ ਦਿੱਲੀ ਦੇ ਕਿੰਗਰੇ’ ਅਨੁਸਾਰ ‘ਦੇਬੂ’ ਨਾਂਅ ਦੇ ਇੱਕ ਗ਼ਰੀਬ ਬ੍ਰਾਹਮਣ ਦੀ 15-16 ਸਾਲ ਦੀ ਲੜਕੀ ‘ਸੁੰਦਰੀ’ ਤੇ ਸ਼ਾਸਕਾਂ ਦੀ ਭੈੜੀ ਨਜ਼ਰ ਸੀ।ਪਰ ਦੁੱਲੇ ਭੱਟੀ ਨੇ ਸੁੰਦਰੀ ਨੂੰ ਆਪਣੀ ਧੀ ਬਣਾ ਕੇ ਆਪਣੇ ਹੱਥੀ ਉਸਦਾ ਵਿਆਹ ਕੀਤਾ ਸੀ। ਦੁੱਲਾ ਭੱਟੀ ਦੀ ਬਹਾਦਰੀ ਦੇ ਕਿੱਸੇ ਇੰਨੇ ਮਸ਼ਹੂਰ ਹੋ ਗਏ ਸਨ ਕਿ ਅੱਜ ਵੀ ਜਦੋਂ ਔਰਤਾਂ ਤੇ ਬੱਚੇ ਘਰਾਂ ਚੋਂ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਗਾਉਂਦੇ ਹਨ:-

ਸੁੰਦਰ ਮੁੰਦਰੀਏ, ਹੋ। ਤੇਰਾ ਕੌਣ ਵਿਚਾਰਾ, ਹੋ।
ਦੁੱਲਾ ਭੱਟੀ ਵਾਲਾ, ਹੋ। ਦੁੱਲੇ ਧੀ ਵਿਆਹੀ, ਹੋ।
ਸੇਰ ਸ਼ਕਰ ਪਾਈ, ਹੋ । ……

ਲੋਹੜੀ ਦੇ ਤਿਉਹਾਰ ਦੀਆਂ ਤਿਆਰੀਆਂ ਲਗਭਗ ਇਕ ਮਹੀਨਾ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਪਿੰਡ ਦੇ ਮੁੰਡੇ-ਕੁੜੀਆਂ ਘਰ-ਘਰ ਜਾ ਕੇ ਲੱਕੜਾਂ ਅਤੇ ਦਾਣੇ ਮੰਗਦੇ ਹਨ। ਲੋਹੜੀ ਮੰਗਣ ਵਾਲਿਆਂ ਨੂੰ ਖਾਲੀ ਹੱਥ ਵਾਪਸ ਭੇਜਣਾ ਅਪਸ਼ਗੁਨ ਮੰਨਿਆ ਜਾਂਦਾ ਹੈ। ਲੋਹੜੀ ਵਾਲੀ ਸ਼ਾਮ ਨੂੰ ਸਾਰੇ ਇੱਕਠੇ ਹੋ ਕੇ ਲੋਹੜੀ ਬਾਲ ਕੇ ਗੀਤ ਗਾਉਂਦੇ ਹਨ। ਕੁਝ ਲੋਕਾਂ ਵੱਲੋਂ ਲੋਹੜੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਲੋਹੜੀ ਨੂੰ ਦੇਵੀ ਮੰਨਦਿਆਂ ਪੁੱਤਰ ਦੇ ਜਨਮ ਲਈ ‘ਸੁੱਖਨਾ’ ਵੀ ਸੁੱਖੀ ਜਾਂਦੀ ਹੈ। ਕੁਝ ਲੋਕਾਂ ਦੁਆਰਾ ਪੁੱਤਰ ਦੇ ਜਨਮ ਤੇ ‘ਲੋਹੜੀ ਦੇਵੀ’ ਨੂੰ ਚਰਖਾ ਵੀ ਚੜ੍ਹਾਇਆ ਜਾਂਦਾ ਹੈ, ਜਿਸ ਨੂੰ ਬਾਲਣ ਦੇ ਨਾਲ ਹੀ ਅਗਨੀ ਭੇਂਟ ਕਰ ਦਿੱਤਾ ਜਾਂਦਾ ਹੈ।ਲੋਹੜੀ ਬਾਲ ਕੇ ਸਾਰੇ ਜਣੇ ਉਸਦਾ ਗੇੜਾ ਲਗਾਉਂਦੇ ਹਨ ਅਤੇ ਲੋਹੜੀ ਦੀ ਅੱਗ ਵਿੱਚ ਗੁੜ, ਤਿਲ, ਰਿਓੜੀ ਅਤੇ ਅਨਾਜ ਭਂੇਟ ਕਰਦੇ ਹਨ। ਇਸਤਰੀਆਂ ਦੁਆਰਾ ‘ਜਿਤਨੇ ਜਠਾਣੀ ਤਿਲ ਸੁਟੇਗੀ, ਉਤਨੇ ਦਰਾਣੀ ਪੁੱਤ ਜਣੇਸੀ’ ਆਦਿ ਗੀਤ ਗਾਏ ਜਾਂਦੇ ਹਨ। ਲੋਹੜੀ ਦਾ ਅਗਲਾ ਦਿਨ ਮਾਘ ਮਹੀਨੇ ਦੀ ਸੰਗਰਾਂਦ ਦਾ ਦਿਨ ਹੁੰਦਾ ਹੈ, ਇਸ ਦਿਨ ਧਾਰਮਿਕ ਲੋਕ ਤੀਰਥ ਸਥਾਨਾਂ ‘ਤੇ ਇਸ਼ਨਾਨ ਕਰਦੇ ਹਨ ਅਤੇ ਪੁੰਨ ਦਾਨ ਕਰਦੇ ਹਨ।

ਪੰਜਾਬ ’ਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ

ਲੋਹੜੀ ਦਾ ਤਿਉਹਾਰ ਖ਼ਾਸਕਰ ਉਨ੍ਹਾਂ ਘਰਾਂ ਵਿਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਥੇ ਪਿਛਲੇ ਸਾਲ ਪੁੱਤਰ ਦਾ ਜਨਮ ਜਾਂ ਮੁੰਡੇ ਦਾ ਨਵਾਂ ਵਿਆਹ ਹੋਇਆ ਹੋਵੇ, ਉਸ ਘਰ ਦੀਆਂ ਔਰਤਾਂ ਪੂਰੇ ਪਿੰਡ/ਇਲਾਕੇ ਵਿਚ ਪੁੱਤਰ ਪੈਦਾ ਹੋਣ ਦੀ ਖੁਸ਼ੀ ਵਿਚ ਲੋਹੜੀ ਵੰਡਦੀਆਂ ਹਨ। ਅੱਜ ਕੱਲ੍ਹ ਕੁਝ ਪਰਿਵਾਰਾਂ ਵੱਲੋਂ ਘਰ ਵਿੱਚ ਧੀ ਦੇ ਜਨਮ ਸਮੇਂ ਵੀ ਲੋਹੜੀ ਮਨਾਈ ਜਾਂਦੀ ਹੈ, ਜੋ ਕਿ ਇੱਕ ਚੰਗੀ ਪ੍ਰੰਪਰਾ ਦੀ ਸ਼ੁਰੂਆਤ ਹੈ। ਇਹ ਪ੍ਰੰਪਰਾ ਮੁੰਡੇ-ਕੁੜੀ ਦੇ ਵਿਤਕਰੇ ਨੂੰ ਖ਼ਤਮ ਕਰਦੀ ਹੈ। ਸਾਨੂੰ ਵੀ ਇਸ ਦਿਨ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਘਰ ਵਿਚ ਪੈਦਾ ਹੋਈ ਧੀ ਦਾ ਪਾਲਣ ਪੋਸ਼ਣ ਪੁੱਤਰਾਂ ਵਾਂਗ ਪਿਆਰ ਅਤੇ ਸਤਿਕਾਰ ਨਾਲ ਕਰਾਂਗੇ। ਸਾਨੂੰ ਕੁੜੀਆਂ ਦੇ ਜਨਮ ’ਤੇ ਵੀ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਹਨ। ਸਮਾਜ ਵਿਚ ਸਾਨੂੰ ਕੁੜੀ ਅਤੇ ਮੁੰਡੇ ਨੂੰ ਬਰਾਬਰ ਦਾ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਦੋਹਾਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਹਨ, ਤਾਂ ਜੋ ਇੱਕ ਬੇਹਤਰ ਸਮਾਜ ਦੀ ਸਿਰਜਣਾ ਹੋ ਸਕੇ। ਸਮੁੱਚੀ ਲੋਕਾਈ ਨੂੰ ਲੋਹੜੀ ਅਤੇ ਮਾਘੀ ਦੀਆਂ
ਲੱਖ-ਲੱਖ ਵਧਾਈਆਂ।

ਡਾ. ਸੰਦੀਪ ਸਿੰਘ ਮੁੰਡੇ, ਪ੍ਰਧਾਨ, ਰਾਜਸਥਾਨ ਪੰਜਾਬੀ ਐਸੋਸੀਏਸ਼ਨ (ਸੰ.),
ਪ੍ਰਿੰਸੀਪਲ, ਗੁਰੂ ਹਰਗੋਬਿੰਦ ਸਾਹਿਬ ਪੀਜੀ ਕਾਲਜ
ਸੀਸੀ ਹੈਡ, ਸ਼੍ਰੀਗੰਗਾਨਗਰ (ਰਾਜਸਥਾਨ)
ਮੋ : 94136-52646

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ