ਸਾਂਝਾ ਅਧਿਆਪਕ ਮੋਰਚਾ : ਫ਼ੁਹਾਰਾ ਚੌਂਕ ਬਣਿਆ ਮਹਾਂਕੁੰਭ

Common Teacher Morcha, Fountain, Mahakumbh

ਸਾਂਝਾ ਅਧਿਆਪਕ ਮੋਰਚੇ ਨੇ ਲਾਇਆ ਫੁਹਾਰਾ ਚੌਂਕ ਨੇੜੇ ਧਰਨਾ

ਪੁਲਿਸ ਪ੍ਰਸ਼ਾਸਨ ਨੇ ਰਸਤੇ ‘ਚ ਰੋਕਿਆ

ਮੰਗਾਂ ਨਾ ਮੰਨਣ ਤੱਕ ਫੁਹਾਰਾ ਨੇੜੇ ਲਾਇਆ ਜਾਵੇਗਾ ਧਰਨਾ : ਆਗੂ

ਸੱਚ ਕਹੂੰ ਨਿਊਜ, ਖੁਸ਼ਵੀਰ ਸਿੰਘ ਤੂਰ, ਪਟਿਆਲਾ

ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਅੱਜ ਹਜ਼ਾਰਾਂ ਦੀ ਗਿਣਤੀ ਭਰਾਤਰੀ ਜੱਥੇਬੰਦੀਆਂ ਨਾਲ ਮਿਲ ਅੱਜ ਮੋਤੀ ਮਹਿਲ ਵੱਲ ਰੋਸ ਮਾਰਚ ਕੀਤਾ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਫੁਹਾਰਾ ਚੌਂਕ ਨੇੜੇ ਹੀ ਰੋਕ ਲਿਆ, ਜਿੱਥੇ ਇਨ੍ਹਾਂ ਨੇ ਜੰਮ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਹ ਧਰਨਾ ਮਹਾਂਕੁੰਭ ਦਾ ਨਜਾਰਾ ਪੇਸ਼ ਕਰ ਰਿਹਾ ਸੀ ਇਸ ਮੌਕੇ ਇਨ੍ਹਾਂ ਅਧਿਆਪਕਾਂ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਉਸ ਸਮੇਂ ਤੱਕ ਇੱਥੇ ਪੱਕਾ ਮੋਰਚਾ ਸ਼ੁਰੂ ਕਰੇਗਾ ਤੇ ਇਨ੍ਹਾਂ ਵੱਲੋਂ ਦੇਰ ਸ਼ਾਮ ਇੱਥੇ ਫੁਹਾਰਾ ਚੌਂਕ ਨੇੜੇ ਟੈਂਟ ਵਗੈਰਾ ਲਾਉਣੇ ਵੀ ਸ਼ੁਰੂ ਕਰ ਦਿੱਤੇ ਗਏ ਹਨ। ਅਧਿਆਪਕਾਂ ਦੇ ਇਸ ਮੋਰਚੇ ਵਿੱਚ ਅੱਜ ਵੱਖ-ਵੱਖ ਭਰਾਤਰੀ ਜੱਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਤੇ ਅਧਿਆਪਕਾਂ ਨਾਲ ਮਿਲ ਕੇ ਸਰਕਾਰ ਖਿਲਾਫ ਜੰਮ ਕੇ ਆਪਣੀ ਭੜਾਸ ਕੱਢੀ।

ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਦੇ ਸੂਬਾਈ ਕਨਵੀਨਰਾਂ ਹਰਜੀਤ ਸਿਘ ਬਸੋਤਾ, ਬਾਜ਼ ਸਿੰਘ ਖਹਿਰਾ, ਬਲਕਾਰ ਸਿੰਘ ਵਲਟੋਹਾ, ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ ਤੇ ਸੂਬਾਈ ਕੋ-ਕਨਵੀਨਰਾਂ ਗੁਰਜਿੰਦਰ ਪਾਲ, ਦੀਦਾਰ ਸਿੰਘ ਮੁੱਦਕੀ, ਹਰਦੀਪ ਟੋਡਰਪੁਰ, ਡਾ. ਅੰਮ੍ਰਿਤਪਾਲ ਸਿੱਧੂ, ਜਸਵਿੰਦਰ ਔਜਲਾ, ਵਿਨੀਤ ਕੁਮਾਰ, ਸੁਖਰਾਜ ਕਾਹਲੋਂ, ਜਸਵੰਤ ਪੰਨੂੰ, ਸੁਖਰਾਜ ਸਿੰਘ, ਗੁਰਵਿੰਦਰ ਸਿੰਘ ਤਰਨਤਾਰਨ, ਸੁਖਜਿੰਦਰ ਹਰੀਕਾ, ਹਾਕਮ ਸਿੰਘ, ਹਰਵਿੰਦਰ ਬਿਲਗਾ, ਜਗਸੀਰ ਸਹੋਤਾ, ਪ੍ਰਦੀਪ ਮਲੂਕਾ, ਸਤਨਾਮ ਸ਼ੇਰੋਂ, ਸੰਜੀਵ ਕੁਮਾਰ, ਵੀਰਪਾਲ ਕੌਰ ਅਤੇ ਜਗਮੀਤ ਸਿੰਘ ਨੇ ਆਪਣੇ ਸੰਬੋਧਨ ਰਾਹੀਂ ਦੱਸਿਆ ਕਿ ਨਿੱਜੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਤਹਿਤ ਸੂਬੇ ਦੀ ਜਨਤਕ ਸਿੱਖਿਆ ਪ੍ਰਣਾਲੀ ਨੂੰ ਤਹਿਤ ਨਹਿਸ ਕਰਨ ਲੱਗੀ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਵਾਜਬ ਮੰਗਾਂ ਦਾ ਹੱਲ ਕਰਨ ਦੀ ਬਜਾਏ ਜਬਰ ਨਾਲ ਸੰਘਰਸ਼ਾਂ ਨੂੰ ਦਬਾਉਣ ਦੇ ਰਾਹ ਪੈਣ ਕਾਰਨ ਸਰਕਾਰ ਨੂੰ ਲਾਜ਼ਮੀ ਤੌਰ ‘ਤੇ ਇਸ ਦੀ ਵੱਡੀ ਸਿਆਸੀ ਕੀਮਤ ਦੇਣੀ ਪਏਗੀ।

ਆਗੂਆਂ ਨੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ‘ਤੇ ਸੰਘਰਸ਼ਸ਼ੀਲ ਅਧਿਆਪਕ ਆਗੂਆਂ ਦੀਆਂ ਮੁਅੱਤਲੀਆਂ, ਆਦਰਸ਼ ਸਕੂਲਾਂ (ਪੀਪੀਪੀ) ਅਧਿਆਪਕਾਂ ਦੀਆਂ ਬਰਖਾਸਤੀਆਂ ਤੇ ਤਬਾਦਲੇ ਕਰਕੇ ਜਮਹੂਰੀਅਤ ਦਾ ਗਲਾ ਘੋਟਣ, ਅਧਿਆਪਕਾਂ ਨੂੰ ਜਲੀਲ ਕਰਨ, ਝੂਠੇ ਅੰਕੜਿਆਂ ਦੇ ਅਧਾਰ ‘ਤੇ ਗੈਰ ਜਿੰਮੇਵਾਰਾਨਾ ਬਿਆਨ ਦੇਣ, ਅਧਿਆਪਕਾਂ ਸਿਰ ਤਨਖਾਹ ਕਟੌਤੀ ਨੂੰ ਥੋਪਣ ਤੇ ਆਗੂਆਂ ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਮੂੰਹ ਤੋੜਵਾ ਜਵਾਬ ਦੇਣ ਦਾ ਐਲਾਨ ਕੀਤਾ ਹੈ।

ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੀਵੇਂ ਪੱਧਰ ‘ਤੇ ਜਾ ਕੇ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਰੈਗੂਲਰ ਕਰਨ ਦੇ ਨਾਂਅ ਹੇਠ ਤਨਖਾਹ ‘ਚ ਕੀਤੀ ਜਾ ਰਹੀ ਕਟੌਤੀ ਨੂੰ ਅਧਿਆਪਕਾਂ ਵੱਲੋਂ ਵੱਡੇ ਪੱਧਰ ‘ਤੇ ਨਕਾਰਨਾ ਪੰਜਾਬ ਸਰਕਾਰ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ‘ਤੇ ਕਰਾਰੀ ਚਪੇੜ ਹੈ। ਇਸ ਮੌਕੇ ਪਿਛਲੇ 15 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਅਧਿਆਪਕਾਂ ਨੇ ਬੁਲੰਦ ਹੌਂਸਲਿਆਂ ਨਾਲ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਵੀ ਕੀਤਾ।

ਇਸ ਮੌਕੇ ਭਰਾਤਰੀ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾ, ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਖੇਤ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟ ਯੂਨੀਅਨ, ਨੌਜਵਾਨ ਭਾਰਤ ਸਭਾ, ਭੱਠਾ ਤੇ ਨਿਰਮਾਣ ਯੂਨੀਅਨ, ਜਮਹੂਰੀ ਕਿਸਾਨ ਸਭਾ ਪੰਜਾਬ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਪ.ਸ.ਸ.ਫ (1406/22-ਬੀ, ਚੰਡੀਗੜ੍ਹ), ਪ.ਸ.ਸ.ਫ (ਵਿਗਿਆਨਕ), ਪੀ.ਐੱਸ.ਐੱਸ.ਐੱਫ. (1680/22-ਬੀ,ਚੰਡੀਗੜ੍ਹ), ਟੀ.ਐੱਸ.ਯੂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ, ਮੁਲਾਜ਼ਮ ਫਰੰਟ ਪੰਜਾਬ, ਮੁਲਾਜ਼ਮ ਭਲਾਈ ਬੋਰਡ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਗੌਰਮਿੰਟ ਪੈਨਸ਼ਨਰਜ਼ ਯੂਨੀਅਨ, ਪੇਂਡੂ ਮਜਦੂਰ ਯੂਨੀਅਨ, ਇਨਕਲਾਬੀ ਲੋਕ ਮੋਰਚਾ ਆਦਿ ਨੇ ਅਧਿਆਪਕਾਂ ਦੇ ਸੰਘਰਸ਼ ‘ਚ ਸ਼ਮੂਲੀਅਤ ਕੀਤੀ।

ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਆਈਜੀ ਏ. ਐੱਸ. ਰਾਏ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਦੇ ਮੁੱਖ ਚੌਂਕਾਂ ‘ਤੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਲਾਈ ਹੋਈ। ਪੁਲਿਸ ਵੱਲੋਂ ਸ਼ਹਿਰ ਦੇ ਮੁੱਖ ਚੌਂਕ ਜਿਵੇਂ ਖੰਡਾ ਚੌਂਕ, ਲੀਲਾ ਭਵਨ ਚੌਂਕ, ਫੁਹਾਰਾ, ਵਾਈਪੀਐੱਸ ਚੌਂਕ, ਮੋਦੀ ਕਾਲਜ ਚੌਂਕ, ਐਨਆਈਐੱਸ ਚੌਂਕ ਤੋਂ ਇਲਾਵਾ ਹੋਰ ਚੌਂਕਾਂ ‘ਚ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਹੋਈ ਸੀ। ਦੇਖਣ ‘ਚ ਅਜਿਹਾ ਲੱਗ ਰਿਹਾ ਸੀ ਜਿਵੇਂ ਪੂਰਾ ਸ਼ਹਿਰ ਪੁਲਿਸ ਛਾਉਣੀ ‘ਚ ਬਦਲ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।