ਆਓ! ਇਸ ਵਾਰ ਚੰਗੀ ਤਰ੍ਹਾਂ ਖ਼ੋਜ ਪੜਤਾਲ ਕਰਕੇ ਆਪਣੇ ਨੁਮਾਇੰਦੇ ਚੁਣੀਏ

Politicians Sachkahoon

ਆਓ! ਇਸ ਵਾਰ ਚੰਗੀ ਤਰ੍ਹਾਂ ਖ਼ੋਜ-ਪੜਤਾਲ ਕਰਕੇ ਆਪਣੇ ਨੁਮਾਇੰਦੇ ਚੁਣੀਏ

ਜਦੋਂ ਤੋਂ ਦੇਸ਼ ਆਜਾਦ ਹੋਇਆ ਹੈ ਭਾਵ ਚੁਹੱਤਰ-ਪਝੰਤਰ ਸਾਲ ਤੋਂ, ਕੀ ਦੇਸ਼ ਨੂੰ ਕੋਈ ਜਿਉਂਦੀ ਜਾਗਦੀ ਜਮੀਰ ਵਾਲਾ (Politicians) ਸਿਆਸਤਦਾਨ ਮਿਲਿਆ ਹੈ? ਜਿਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਲਈ, ਕਾਰਪੋਰੇਟ ਘਰਾਣਿਆਂ ਨੂੰ ਨੱਥ ਪਾਉਣ ਲਈ, ਭਿ੍ਰਸ਼ਟਾਚਾਰੀ ਦੀ ਦਲਦਲ ਵਿੱਚ ਧਸਦੇ ਜਾ ਰਹੇ ਪੰਜਾਬ ਲਈ, ਨਸ਼ਿਆਂ ਵਿੱਚ ਗਰਕਦੀ ਜਾ ਰਹੀ ਜਵਾਨੀ ਲਈ, ਕੁੱਲੀ-ਗੁੱਲੀ-ਜੁੱਲੀ ਲਈ ਜਾਂ ਫਿਰ ਮਾਫੀਏ ਨੂੰ ਨੱਥ ਪਾਉਣ ਲਈ, ਬੇਰੁਜਗਾਰੀ ਨੂੰ ਠੱਲ੍ਹ ਪਾਉਣ ਲਈ, ਵਿਦੇਸ਼ਾਂ ਵੱਲ ਭੱਜਦੀ ਜਵਾਨੀ ਨੂੰ ਰੋਕਣ ਲਈ, ਗਰੀਬ ਕਾਮਿਆਂ ਦੇ ਹੱਕਾਂ ਨੂੰ ਜੋ ਉਨ੍ਹਾਂ ਤੋਂ ਖੁੱਸਦੇ ਜਾ ਰਹੇ ਹਨ ਅਤੇ ਸਹਿਕਦੀ ਕਿਰਸਾਨੀ ਬਾਬਤ ਕੋਈ ਗੱਲ ਕੀਤੀ ਹੋਵੇ?

ਮੇਰੇ ਖਿਆਲ ਅਨੁਸਾਰ ਇਸ ਦਾ ਜਵਾਬ ਹਰ ਇੱਕ ਉਸ ਪੰਜਾਬੀ ਕੋਲ ਹੋਵੇਗਾ ਜਿਸ ਦੀ ਆਪਣੀ ਜਮੀਰ ਜਿਉਂਦੀ ਹੈ। ਇਸ ਦੀ ਬਾਬਤ ਆਪਾਂ ਬਹੁਤੀ ਡੂੰਘਾਈ ਵਿੱਚ ਨਹੀਂ ਜਾਣਾ, ਅੱਜ ਲੋੜ ਹੈ ਪੰਜਾਬ ਵਾਸੀਆਂ ਨੂੰ ਇਹੋ-ਜਿਹੇ ਸਿਆਸਤਦਾਨਾਂ (Politicians) ਦੀ ਜੋ ਲੋਕਾਂ ਦੀ ਆਵਾਜ ਨੂੰ ਸਰਕਾਰ ਵਿੱਚ ਜਾ ਕੇ ਮੇਜ ਨੂੰ ਥਪਥਪਾ ਕੇ ਉਹਦੇ ਕੰਨਾਂ ਵਿੱਚ ਪਹੁੰਚਾ ਸਕਣ, ਨਿਰਸੰਦੇਹ ਇਹ ਲੋਕਾਂ ਦੀ ਆਵਾਜ ਸਮੇਂ ਦੀਆਂ ਸਰਕਾਰਾਂ ਦੇ ਕੰਨਾਂ ਵਿੱਚ ਉਹੀ ਇਨਸਾਨ ਪਹੁੰਚਾ ਸਕਦਾ ਹੈ, ਜਿਸ ਦੀ ਆਪਣੀ ਜਮੀਰ ਜਿਉਂਦੀ-ਜਾਗਦੀ ਹੋਊ। ਜਿਸ ਨੂੰ ਲੋਕਾਂ ਦਾ ਦਰਦ ਹੋਵੇਗਾ। Politicians

ਪੰਜਾਬ ਵਾਸੀਓ ਇਹੋ-ਜਿਹੇ (Politicians) ਸਿਆਸਤਦਾਨ ਨੂੰ ਅੱਗੇ ਲਿਆਉਣ ਵਾਸਤੇ ਆਪਾਂ ਨੂੰ ਖੁਦ ਵੀ ਆਪਣੀ ਜਮੀਰ ਜਗਾਉਣ ਦੀ ਅਤਿਅੰਤ ਲੋੜ ਹੈ, ਆਪਾਂ ਆਪਣੇ ਕੀਮਤੀ ਵੋਟ ਦੇ ਅਧਿਕਾਰ ਨੂੰ ਚੰਦ ਛਿੱਲੜਾਂ ਪਿੱਛੇ, ਇੱਕ ਬੋਤਲ ਸ਼ਰਾਬ ਪਿੱਛੇ ਜਾਂ ਫਿਰ ਪਿਤਾਪੁਰਖੀ ਕਿਸੇ ਵੀ ਪਾਰਟੀ ਨਾਲ ਜੁੜੇ ਕਰਕੇ ਵੇਚ ਰਹੇ ਹਾਂ। ਦੋਸਤੋ! ਜਾਗਣਾ ਪਊ, ਜੇਕਰ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਆਪਣੇ ਹੱਕਾਂ ਨੂੰ ਬਚਾਉਣਾ ਹੈ, ਤਾਂ ਇਨ੍ਹਾਂ ਗੱਲਾਂ ਤੋਂ ਉੱਪਰ ਉੱਠ ਕੇ ਅੱਜ ਲੋੜ ਹੈ ਇਸ ਗੱਲ ਨੂੰ ਪਛਾਣਨ ਦੀ ਅਤੇ ਆਪਣੀਆਂ ਲੋੜਾਂ ਨੂੰ ਪਛਾਨਣ ਦੀ ਤੁਹਾਡੇ ਏਕੇ ਵਿੱਚ ਅਥਾਹ ਸ਼ਕਤੀ ਹੈ ਲੋੜ ਹੈ ਇਸ ਨੂੰ ਪਰਖਣ ਦੀ। ਇਸ ਦੀ ਜਿਉਂਦੀ ਜਾਗਦੀ ਮਿਸਾਲ ਅੱਜ ਕੁੱਲ ਦੁਨੀਆਂ ਦੇ ਸਾਹਮਣੇ ਹੈ।

ਪ੍ਰਤੱਖ ਨੂੰ ਪ੍ਰਮਾਣ ਦੀ ਕਦੇ ਵੀ ਲੋੜ ਨਹੀਂ ਹੁੰਦੀ। ਦੁਨੀਆਂ ਵਿੱਚ ਅੱਜ ਤੱਕ ਹੋਏ ਹੱਕੀ ਸੰਘਰਸ਼ਾਂ ਵਿੱਚੋਂ ਹੁਣੇ-ਹੁਣੇ ਢੋਲ ਦੇ ਡਗੇ ’ਤੇ ਚੋਟ ਲਾ ਕੇ ਜਿੱਤ ਕੇ ਮੁੜੇ ਸਾਡੇ ਕਿਸਾਨਾਂ ਦੀ ਮਿਸਾਲ ਹੀ ਬਹੁਤ ਵੱਡੀ ਮਿਸਾਲ ਆਪਣੇ ਸਭਨਾਂ ਦੇ ਸਾਹਮਣੇ ਹੈ। ਇਹ ਸਿਰਫ ਤੇ ਸਿਰਫ ਏਕੇ, ਸੰਜਮ, ਸਹਿਣਸ਼ੀਲਤਾ, ਭਾਈਚਾਰਾ ਤੇ ਨਰ੍ਹੰਮੇ ਕਰਕੇ ਹੀ ਸੰਭਵ ਹੋ ਸਕਿਆ ਹੈ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਨੇ ਹਰ ਹਥਕੰਡਾ ਵਰਤਿਆ, ਪਰ ਇਸ ਸ਼ਾਂਤਮਈ ਸੰਘਰਸ਼ ਨੇ ਦੁਨੀਆਂ ਵਿੱਚ ਇੱਕ ਡੂੰਘੀ ਛਾਪ ਛੱਡੀ ਹੈ। ਜੇਕਰ ਅੱਜ ਵੀ ਇਹੋ-ਜਿਹੀ ਜਿਉਂਦੀ-ਜਾਗਦੀ ਉਦਾਹਰਨ ਜੋ ਆਪਣੇ ਸਾਹਮਣੇ ਹੈ ਇਸ ਨੂੰ ਨਜ਼ਰਅੰਦਾਜ ਕਰਕੇ ਕਿਸੇ ਜਿਉਂਦੀ-ਜਾਗਦੀ ਜਮੀਰ ਵਾਲੇ ਨੂੰ ਸਿਆਸਤ ਵਿਚ ਨਹੀਂ ਉਤਾਰਦੇ ਤਾਂ ਯਾਦ ਰੱਖਣਾ ਕਿ ਫਿਰ ਕਦੇ ਵੀ ਆਪਾਂ ਪੰਜਾਬਵਾਸੀ ਇਸ ਸੰਤਾਪ ਤੋਂ ਉੱਭਰ ਨਹੀਂ ਸਕਦੇ ਜੋ ਆਪਾਂ ਅੱਜ ਸਾਰੇ ਭੁਗਤ ਰਹੇ ਹਾਂ। ਕੀ ਭੁਗਤ ਰਹੇ ਹਾਂ ਇਸ ਨੂੰ ਦੱਸਣ ਦੀ ਬਹੁਤੀ ਲੋੜ ਨਹੀਂ ਸਾਰੇ ਹੀ ਭਲੀ-ਭਾਂਤ ਜਾਣਦੇ ਹਾਂ।

ਜਦੋਂ ਤੋਂ ਦੇਸ਼ ਆਜਾਦ ਹੋਇਆ ਹੈ ਓਦੋਂ ਤੋਂ ਲੈ ਕੇ ਅੱਜ ਤੱਕ ਆਪਾਂ ਆਪਣੇ ਵੱਲੋਂ ਵਧੀਆ ਅਤੇ ਚੰਗੇ ਆਪੋ-ਆਪਣੇ ਇਲਾਕਿਆਂ ਵਿੱਚੋਂ ਸਿਆਸਤਦਾਨ (Politicians) ਚੁਣ ਕੇ ਸਰਕਾਰਾਂ ਬਣਾਉਂਦੇ ਰਹੇ ਹਾਂ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਦਾ ਤਾਂ ਵੋਟਾਂ ਪੈਣ ਤੋਂ ਪਹਿਲਾਂ ਹੋਰ ਰੂਪ ਵੇਖਿਆ ਤੇ ਜਿੱਤਣ ਬਾਅਦ ਹੋਰ। ਇਹ ਗੱਲ ਬਹੁਤ ਕੌੜੀ ਹੈ ਪਰ ਹੈ ਬਿਲਕੁਲ ਸੱਚ। ਜਿਹੜੇ ਸਿਆਸਤਦਾਨ ਆਪਾਂ ਨੂੰ ਪਹਿਲਾਂ ਘਰਾਂ ਵਿੱਚ ਆ ਕੇ ਮਿਲਦੇ ਹਨ, ਜਿੱਤਣ ਮਗਰੋਂ ਚੰਡੀਗੜ੍ਹ ਜਾ ਕੇ ਮਿਲਣ ਤੋਂ ਵੀ ਕੰਨੀ ਕਤਰਾਉਂਦੇ ਹਨ ਜਿਨ੍ਹਾਂ ਨੂੰ ਆਪਾਂ ਆਪਣੇ ਅਤੇ ਇਲਾਕੇ ਦੀ ਨੁਮਾਇੰਦਗੀ ਦਿੰਦੇ ਹਾਂ, ਕੀ ਓਹਨਾਂ ਨੇ ਬਾਅਦ ਵਿੱਚ ਕਦੇ ਆਪਣਾ ਦੁੱਖ-ਸੁੱਖ ਵੀ ਪੁੱਛਿਆ ਹੈ? ਜਿੱਤਣ ਤੋਂ ਪਹਿਲਾਂ ਤਾਂ ਜੁਆਕ ਵੀ ਚੁੱਕਦੇ ਨੇ, ਪੈਰੀਂ ਹੱਥ ਲਾਉਂਦੇ ਨੇ, ਜੱਫੀਆਂ ਪਾਉਂਦੇ ਨੇ ਬਾਅਦ ਵਿੱਚ ਆਪਣੇ ’ਚੋਂ ਮੁਸ਼ਕ ਆਉਣ ਲੱਗ ਪੈਂਦਾ ਹੈ। ਅੱਜ ਜਾਗਣ ਦੀ ਲੋੜ ਹੈ, ਜਾਗਦੀਆਂ ਜ਼ਮੀਰਾਂ ਵਾਲੇ ਨਿਰਖ-ਪਰਖ ਕੇ ਆਪਣੇ ਨੁਮਾਇੰਦੇ ਬਣਾਈਏ ਜੋ ਸਾਡੀ ਗੱਲ ਕਰਨ।

ਅੱਜ ਲੋੜ ਹੈ ਹਰ ਇੱਕ ਲਈ ਕੁੱਲੀ-ਗੁੱਲੀ-ਜੁੱਲੀ, ਰੁਜ਼ਗਾਰ, ਵਿਕਾਸ, ਨਸ਼ਿਆਂ ਨੂੰ ਠੱਲ੍ਹ, ਬਾਹਰ ਜਾਣ ਦਾ ਰੁਝਾਨ ਘਟੇ, ਹਰ ਇੱਕ ਸੁੱਖ ਦੀ ਜਿੰਦਗੀ ਜਿਉਂ ਸਕੇ, ਅੰਤਾਂ ਦੀ ਮਹਿੰਗਾਈ ਵਿਚ ਪਿਸਦੇ ਕਿਰਤੀ ਕਾਮਿਆਂ ਨੂੰ ਬਚਾਉਣ ਦੀ ਅਤੇ ਧੀਆਂ ਭੈਣਾਂ ਦੀ ਸੁਰੱਖਿਆ ਦੀ, ਆਪਣੇ ਹੱਕਾਂ ਦੀ ਰਾਖੀ ਦੀ, ਮਾਫੀਏ ਨੂੰ ਨੱਥ ਪਾਉਣ ਦੀ, ਸਰਮਾਏਦਾਰੀ ਦੀ ਗਿ੍ਰਫਤ ਵਿਚੋਂ ਦੇਸ਼ ਨੂੰ ਕੱਢਣ ਦੀ ਅਤੇ ਜੋ ਸਰਕਾਰਾਂ ’ਚ ਬੈਠੇ ਲੋਕ ਸਾਡੇ ਹੀ ਦੇਸ਼ ਦਾ ਖੂਨ-ਪਸੀਨੇ ਦੇ ਪੈਸੇ ਨੂੰ ਗਲਤ ਅਨਸਰਾਂ ਰਾਹੀਂ ਬਾਹਰਲੇ ਦੇਸ਼ਾਂ ਵਿੱਚ ਸੇਫ ਭਾਵ ਸੰਭਾਲ ਰਹੇ ਹਨ ਉਨ੍ਹਾਂ ਨੂੰ ਭਾਜ ਦੇਈਏ, ਇਹ ਉਪਰੋਕਤ ਸਾਰੇ ਕਾਰਜ ਕੋਈ ਜਾਗਦੀ ਜਮੀਰ ਵਾਲਾ ਹੀ ਕਰ ਸਕਦਾ ਹੈ। ਅਸੀਂ ਮੰਗਤੇ ਨਹੀਂ ਬਣਨਾ ਅਸੀਂ ਗੁਰੂ ਸਾਹਿਬ ਜੀਆਂ ਦੇ ਪਾਏ ਪੂਰਨਿਆਂ ’ਤੇ ਚੱਲਣ ਵਾਲੇ ਹਾਂ ਭਾਵ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਹਾਂ ਸਾਨੂੰ ਰੁਜਗਾਰ ਚਾਹੀਦਾ ਹੈ ਨਾ ਕਿ ਅਸੀਂ ਮੰਗਤੇ ਬਨਣਾ ਹੈ, ਜੋ ਸਮੇਂ ਦੀਆਂ ਸਰਕਾਰਾਂ ਸਾਨੂੰ ਆਟਾ ਦਾਲ ਸਕੀਮਾਂ ਰਾਹੀਂ ਦੇ ਰਹੀਆਂ ਹਨ, ਜੇਕਰ ਸਾਡੇ ਕੋਲ ਰੁਜਗਾਰ ਹੋਵੇਗਾ ਤਾਂ ਕੀ ਅਸੀਂ ਇਹ ਸਭ ਖਰੀਦ ਨਹੀਂ ਸਕਦੇ?

ਆਓ! ਰਲਮਿਲ ਕੇ ਹੰਭਲਾ ਮਾਰੀਏ, ਹੁਣੇ-ਹੁਣੇ ਜੇਤੂ ਕਿਰਤੀ ਕਾਮੇ ਮਜਦੂਰ ਕਿਸਾਨ ਜਥੇਬੰਦੀਆਂ ਦੀ ਜਿੱਤ ਤੋਂ ਸਬਕ ਲਈਏ, ਤੇ ਏਕੇ ਵਿੱਚ ਤਾਕਤ ਦਾ ਅਹਿਸਾਸ ਕਰਵਾ ਦੇਈਏ, ਆਪਣੇ ਹਿਤੈਸ਼ੀਆਂ ਜਿਉਂਦੀ ਜਾਗਦੀ ਜਮੀਰ ਵਾਲਿਆਂ ਨੂੰ ਆਪਣੇ ਨੁਮਾਇੰਦੇ ਬਣਾਈਏ ਜੋ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ, ਸੱਚੇ ਦਿਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਤੇ ਆਪਣਿਆਂ ਲਈ, ਆਪਣੇ ਦੇਸ਼, ਸੂਬੇ ਲਈ ਫਿਕਰਮੰਦ ਹੋਣ। ਨਿਧੜਕ ਹੋ ਕੇ ਆਪਣੀ ਆਵਾਜ਼ ਚੁੱਕਣ ਅਤੇ ਆਪਣਿਆਂ ਦੇ ਮਸਲੇ ਸੁਲਝਾਉਣ ਨੂੰ ਪਹਿਲ ਦੇਣ, ਤਾਂ ਹੀ ਆਪਾਂ ਆਪਣਾ ਭਵਿੱਖ ਬਣਾ ਸਕਦੇ ਹਾਂ, ਨਹੀਂ ਤਾਂ ਸਮੇਂ ਦੀਆਂ ਸਰਕਾਰਾਂ ਦੇ ਡੰਡੇ ਤਾਂ ਪਿਛਲੇ ਚੁਹੱਤਰ-ਪਝੰਤਰ ਸਾਲਾਂ ਤੋਂ ਖਾ ਹੀ ਰਹੇ ਹਾਂ ਤੇ ਅੱਗੋਂ ਵੀ ਇਸ ਲਈ ਤਿਆਰ ਰਹਿਣਾ ਪਵੇਗਾ।

ਜਸਵੀਰ ਸ਼ਰਮਾ, ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ. 95691-49556

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ