ਆਓ! ਜਾਣੀਏ ਕੁਝ ਮੌਸਮੀ ਚੀਜ਼ਾਂ ਦੇ ਨੁਸਖਿਆਂ ਬਾਰੇ

ਆਓ! ਜਾਣੀਏ ਕੁਝ ਮੌਸਮੀ ਚੀਜ਼ਾਂ ਦੇ ਨੁਸਖਿਆਂ ਬਾਰੇ

ਅੱਜ ਆਪਾਂ ਗੱਲ ਕਰਾਂਗੇ ਮੌਸਮ ਮੁਤਾਬਿਕ ਜੋ ਫਲ਼, ਜਿਵੇਂ ਕੌੜ ਤੁੰਮਾ, ਜਾਮਨ, ਨਿੰਮ ਨਮੋਲ਼ੀ ਆਮ ਹੀ ਮਿਲ ਜਾਂਦੇ ਹਨ। ਇੰਨ੍ਹਾਂ ਤੋਂ ਆਪਾਂ ਬਹੁਤ ਫਾਇਦਾ ਲੈ ਸਕਦੇ ਹਾਂ। ਦੇਸੀ ਨੁਸਖੇ ਆਮ ਘਰਾਂ ’ਚ ਆਪਾਂ ਨੂੰ ਬਹੁਤ ਵੱਡੇ-ਵੱਡੇ ਫਾਇਦੇ ਦੇ ਸਕਦੇ ਹਨ। ਆਪਾਂ ਬੱਸ ਕੋਸ਼ਿਸ਼ ਕਰੀਏ ਕੀ ਇੰਨ੍ਹਾਂ ਦੀ ਜਾਣਕਾਰੀ ਇਕੱਠੀ ਕਰਕੇ ਕਿਸੇ ਵੀ ਔਖੇ ਵੇਲ਼ੇ ਘਰ ’ਚ ਉਹ ਚੀਜ਼ ਵਰਤੋਂ ’ਚ ਲਿਆ ਕੇ ਆਪਾਂ ਕਿਸੇ ਵੀ ਰੋਗ ਦਾ ਜਿਹੜਾ ਮੁੱਢਲਾ ਇਲਾਜ ਹੁੰਦਾ ਹੈ ਉਹ ਜ਼ਰੂਰ ਕਰੀਏ।

ਅੱਜ-ਕੱਲ਼੍ਹ ਕੌੜ ਤੁੰਮਿਆਂ ਦਾ ਮੌਸਮ ਹੇੈ। ਇਸ ਤੋਂ ਆਪਾਂ ਘਰ ’ਚ ਕੌੜ ਤੁੰਮੇ ਦੀ ਫੱਕੀ ਤਿਆਰ ਕਰ ਸਕਦੇ ਹਾਂ। ਪੀਲ਼ੇ ਤੇ ਵੱਡੇੇ-ਵੱਡੇ ਪੱਕੇ ਕੌੜ ਤੁੰਮੇ ਲੈ ਕੇ ਕੱਟ ਲਵੋ ਧੁੱਪ ’ਚ ਸੁਕਾ ਲਵੋ। ਜਦੋਂ ਸੁੱਕ ਜਾਣ ਤਾਂ ਇੰਨ੍ਹਾਂ ਦੇ ਬੀਜ਼ ਅਲ਼ੱਗ ਕੱਢ ਦਿਉ। ਬਾਕੀ ਕੌੜ ਤੁੰਮਾਂ ਪੀਸ ਲਵੋ, ਜਿਵੇਂ ਇਹ ਸੁੱਕਾ ਤੁੰਮਾਂ 250 ਗ੍ਰਾਮ ਹੈ ਤਾਂ ਇਸ ’ਚ 70 ਗ੍ਰਾਮ ਅਜਵਾਇਨ, ਕਾਲਾ ਨਮਕ 50 ਗ੍ਰਾਮ, 50 ਗ੍ਰਾਮ ਜ਼ੀਰਾ ਭੁੰਨ੍ਹ ਕੇ ਪਾ ਦਿਉ। ਕੁਟਕੀ, ਜਿਹਨੂੰ ਕੜੂ ਵੀ ਕਹਿ ਦਿੰਦੇ ਹਨ, ਇਹ 30 ਗ੍ਰਾਮ ਪਾ ਲਵੋ।ਚੰਗੀ ਤਰ੍ਹਾਂ ਕੁੱਟ ਕੇ ਮਿਲਾ ਲਵੋ। ਇਹ ਕੌੜ ਤੁੰਮੇ ਦੀ ਫੱਕੀ ਹੈ। ਜਦੋਂ ਕਿਤੇ ਪੇਟ ਦਰਦ, ਅਫਾਰਾ, ਗੈਸ, ਕਬਜ਼ ਹੋਵੇ ਤਾਂ ਚਮਚ ਦਾ ਚੌਥਾ ਹਿੱਸਾ ਗਰਮ ਪਾਣੀ ਨਾਲ ਲੇੇੈ ਲਵੋ। ਤੁਰੰਤ ਫਾਇਦਾ ਹੋਵੇਗਾ। ਘਰ ’ਚ ਐਮਰਜੈਂਸੀ ਵਰਤੀ ਜਾਣ ਵਾਲੀ ਚੀਜ਼ ਹੈ।

-ਦੇਸੀ ਅਜ਼ਵਾਇਨ 250 ਗ੍ਰਾਮ, ਸੇਂਧਾ ਨਮਕ 50 ਗ੍ਰਾਮ, ਕੌੜ ਤੁੰੰਮਾ ਇੱਕ ਕਿੱਲੋ ਗ੍ਰਾਮ ਕੱਟ ਕੇ ਤਿੰਨਾ ਨੂੰ ਮਿਲਾ ਕੇ ਕੱਚ ਦੇ ਬਰਤਨ ’ਚ ਪਾ ਕੇ ਰੱਖ ਦਿਉ। ਜਦ ਪਏ-ਪਏ ਖੁਸ਼ਕ ਹੋ ਕੇ ਸੁੱਕ ਜਾਣ ਤਾਂ ਪੀਸ ਕੇ ਪਾਊਡਰ ਬਣਾ ਲਵੋ 2-3 ਗ੍ਰਾਮ ਲੋੜ ਵੇਲੇ ਲਵੋ। ਪੇਟ ਦਰਦ, ਭੁੱਖ ਨਾ ਲੱਗਣਾ, ਕਬਜ਼ ਠੀਕ ਹੋਵੇਗੀ। -ਤੁੰਮਾ 2 ਕਿਲੋਗ੍ਰਾਮ ਲੈ ਕੇ ਛੋਟੇ-ਛੋਟੇ ਟੁਕੜੇ ਕਰ ਲਵੋ। ਪਾਕਿਸਤਾਨੀ ਨਮਕ, ਕਾਲ਼ਾ ਨਮਕ, ਸਾਦਾ ਨਮਕ 50-50 ਗ੍ਰਾਮ ਕੁਟਕੀ, ਕਾਲ਼ੀ ਜ਼ੀਰੀ 50-50 ਗ੍ਰਾਮ, ਚਾਰੇ ਅਜਵਾਇਨਾਂ 25-25 ਗ੍ਰਾਮ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਧੁੱਪ ’ਚ ਰੱਖ ਦਿਉ। ਰੋਜ਼ ਹਿਲਾਉਂਦੇ ਰਹੋ। ਭਾਂਡਾ ਕੱਚ ਦਾ ਜਾਂ ਮਿੱਟੀ ਦਾ ਹੋਵੇ।

ਭਾਂਡੇ ’ਤੇ ਕੱਪੜਾ ਬੰਨ੍ਹ ਦਿਉ।ਰੋਜ਼ ਹਿਲਾਉ ਤੇ ਉੱਪਰੋਂ ਕੱਪੜਾ ਬੰਨ੍ਹ ਦਿਉ ਜਦੋਂ ਇਹ ਸੁੱਕ ਜਾਵੇ ਤਾਂ ਇਸ ਦਾ ਪਾਊਡਰ ਬਣਾ ਲਵੋ। 1 ਗ੍ਰਾਮ ਖਾਲ਼ੀ ਪੇਟ ਗਰਮ ਪਾਣੀ ਨਾਲ਼ ਲਵੋ। ਇਹ ਚੂਰਨ ਕਬਜ਼, ਗੈਸ, ਸ਼ੂਗਰ ’ਚ ਬਹੁਤ ਕੰਮ ਕਰਦਾ ਹੈ। ਜਿਹੜੇ ਵੀ ਡੱਬੇ ’ਚ ਇਹ ਚੂਰਨ ਪਾਉਣਾ ਹੈ ਉਸ ਦਾ ਢੱਕਣ ਟਾਈਟ ਹੋਵੇ। ਢੱਕਣ ਢਿੱਲਾ ਨਾ ਰਹੇ ਨਹੀਂ ਤਾਂ ਚੂਰਨ ਜਲਦੀ ਖਰਾਬ ਹੋ ਜਾਂਦਾ ਹੈ।
-ਪੱਕੇ-ਪੱਕੇ ਵੱਡੇ-ਵੱਡੇ ਕੌੜ ਤੁੰਮੇ ਲੈ ਕੇ ਉਨ੍ਹਾਂ ਦਾ ਛਿਲਕਾ ਲਾਹ ਲਵੋ। ਕਿਸੇ ਕੱਚ ਦੇ ਭਾਂਡੇ ’ਚ ਛਿਲਕਾ ਲਾਹ ਕੇ ਭਾਂਡੇ ’ਚ ਪਾਉਂਦੇ ਜਾਉ। ਕੌੜ ਤੁੰਮੇ ਬੜੇ ਅਰਾਮ ਨਾਲ਼ ਤੇ ਟਿਕਾ ਕੇ ਉੱਪਰ ਤੋਂ ਉੱਪਰ ਰੱਖਣੇ ਹਨ। 15-20 ਦਿਨ ਰੱਖ ਛੱਡੋ। ਹੌਲ਼ੀ-ਹੌਲੀ ਕੌੜ ਤੁੰਮੇ ਆਪਣਾ ਰਸ ਛੱਡ ਦੇਣਗੇ। ਹੌਲ਼ੀ-ਹੌਲੀ ਕੜਛੀ ਨਾਲ਼ ’ਕਲਾ-’ਕੱਲਾ ਕੱਢ ਲਵੋ।

ਐੇਨਾ ਧਿਆਨ ਰੱਖੋ ਕਿ ਕੌੜ ਤੁੰਮਾ ਟੁੱਟੇ ਨਾ, ਜਦੋਂ ਸਾਰੇ ਤੁੰਮੇ ਨਿੱਕਲ ਜਾਣ ਤਾਂ ਜੋ ਰਸ ਬਚ ਗਿਆ ਹੈ। ਉਹਨੂੰ ਮਲਮਲ ਦੇ ਕੱਪੜੇ ’ਚ ਪਾ ਕੇ ਬੰਨ੍ਹ ਕੇ ਲਟਕਾ ਦਿਉ। ਜਿਵੇਂ ਆਪਾਂ ਪਨੀਰ ਨੂੰ ਲਟਕਾਉਂਦੇ ਹਾਂ। ਥੱਲ਼ੇ ਕੋਈ ਖਾਲ਼ੀ ਭਾਂਡਾ ਰੱਖ ਦਿਉ। ਰਸ ਹੌਲ਼ੀ-ਹੌਲੀ ਉਸ ਭਾਂਡੇ ’ਚ ਇੱਕਠਾ ਹੋ ਜਾਵੇਗਾ। ਜਦੋਂ ਸਾਰਾ ਰਸ ਨੁੱਚੜ ਜਾਵੇ ਤਾਂ ਉਸ ਨੂੰ ਕੱਚ ਦੀ ਬੋਤਲ਼ ’ਚ ਪਾ ਕੇ ਰੱਖ ਲਵੋ। ਜੇਕਰ ਕਿਸੇ ਨੂੰ ਬਹੁਤ ਜਿਆਦਾ ਕਬਜ਼ ਹੋ ਜਾਵੇ ਜੋ ਕਿਸੇ ਵੀ ਦਵਾਈ ਜਾਂ ਅਨੀਮਾ ਦੇਣ ਨਾਲ ਨਾ ਖੁੱਲ਼੍ਹੇ ਤਾਂ ਇੱਕ ਚਮਚ ਮਰੀਜ਼ ਨੂੰ ਦੇ ਦਿਉ। ਇੱਕਦਮ ਪੇਟ ਸਾਫ ਹੋ ਜਾਵੇਗਾ। ਕਈ ਰੋਗੀਆਂ ਦਾ ਲੀਵਰ ਕਮਜ਼ੋਰ ਹੁੰਦਾ ਹੈ ।ਉਨ੍ਹਾਂ ਨੂੰ ਕੋਈ ਵੀ ਵਧੀਆ ਲੀਵਰ ਟੋਨਿਕ ਦੇ ਦਿਉ।

-ਜਾਮਨ ਅੱਜ-ਕੱਲ਼੍ਹ ਆਮ ਹੀ ਮਿਲ਼ ਜਾਂਦੀ ਹੈ। ਜਾਮਨ ਦੀ ਗੁਠਲ਼ੀ ਸਾਂਭ ਲਵੋ। ਜਿਨ੍ਹਾਂ ਨੂੰ ਸ਼ੂਗਰ ਹੈ ਜਾਮਨ ਦੀ ਗਿਰੀ 200 ਗ੍ਰਾਮ ਗੁੜਮਾਰ ਬੂਟੀ 200 ਗ੍ਰਾਮ, ਛੋਟਾ ਕਰੇਲਾ ਜਿਹਨੂੰ ਝਾੜ ਕਰੇਲਾ ਕਹਿੰਦੇ ਹਾਂ 200 ਗ੍ਰਾਮ, ਬੇਲ਼ਗਿਰੀ 100 ਗ੍ਰਾਮ, ਕੁਟਕੀ 50 ਗ੍ਰਾਮ ਲੈ ਕੇ ਚੂਰਨ ਬਣਾ ਲਵੋ। 1 ਚਮਚ ਖਾਲ਼ੀ ਪੇਟ ਸਵੇਰੇ-ਸ਼ਾਮ ਲਵੋ ਬਿਲਕੁਲ਼ ਹਾਨੀਰਹਿਤ ਹੈ। ਕੋਈ ਵੀ ਸਾਈਡ ਇਫੈਕਟ ਨਹੀਂ ਕਰਦਾ, ਜਿਹੜੀ ਵੀ ਗੋਲ਼ੀ ਖਾਂਦੇ ਹੋ ਉਹ ਹੌਲ਼ੀ-ਹੌਲੀ ਘਟਾ ਦਿਉ। ਜਦੋਂ ਸ਼ੂਗਰ ਨੌਰਮਲ ਆ ਜਾਵੇ ਤਾਂ ਗੋਲ਼ੀ ਬੰਦ ਕਰ ਦਿਉ। ਫੇਰ ਇਹੀ ਚੂਰਨ ਖਾਂਦੇ ਰਹੋ। ਸ਼ੂਗਰ ’ਚ ਇਸ ਚੂਰਣ ਦਾ ਬਹੁਤ ਫਾਇਦਾ ਹੁੰਦਾ ਹੈ।

-ਜਾਮਨ ਦਾ ਸਿਰਕਾ ਘਰ ਬਣਾਉ, ਜਿਹੜਾ ਕਈ ਰੋਗਾਂ ਦਾ ਖਾਤਮਾ ਕਰਦਾ ਹੈ। ਘਰ ਦਾ ਬਣਾਇਆ ਸਿਰਕਾ ਇੱਕਦਮ ਸ਼ੁੱਧ ਤੇ ਖਾਲਸ ਹੁੰਦਾ ਹੈ। ਜਾਮਨਾਂ ਦਾ ਮੌਸਮ ਹੈ। ਜਿੰਨੀ ਮਰਜ਼ੀ ਜਾਮਨ ਇਕੱਠੀ ਕਰ ਲਵੋ। ਜਾਮਨ ਦਾ ਸਿਰਕਾ ਬਣਾਉਣ ਲਈ ਜਾਮਨਾਂ ਪੂਰੀਆਂ ਪੱਕੀਆਂ ਹੋਣ ਥੋੜ੍ਹਾ ਸਿਰਕਾ ਬਣਾਉਣਾ ਹੈ ਤਾਂ ਥੋੜ੍ਹੀਆਂ, ਜਿਆਦਾ ਸਿਰਕਾ ਬਣਾਉਣਾ ਹੇੈ ਤਾਂ ਜਿਆਦਾ ਲੈ ਲਵੋ। ਜਾਮਨਾਂ ਨੂੰ ਹੱਥ ਨਾਲ਼ ਮਸਲ ਕੇ ਗੁਠਲ਼ੀ ਕੱਢ ਦਿਉ। ਗੁਠਲ਼ੀ ਤੁਹਾਡੇ ਕੰਮ ਆਏਗੀ, ਉਹਨੂੰ ਸੁਕਾ ਕੇ ਰੱਖ ਲਵੋ।

ਜਾਮਨਾਂ ਨੂੰ ਮਿਕਸੀ ’ਚ ਗਰਾਇੰਡ ਕਰੋ। ਫੇਰ ਇਹਨੂੰ ਬਰੀਕ ਕੱਪੜੇ ਨਾਲ਼ ਛਾਣ ਲਵੋ। ਚੰਗੀ ਤਰ੍ਹਾਂ ਛਾਣ ਲਵੋ ਬੱਸ ਜੋ ਗੁੱਦਾ ਹੈ ਉਹ ਰਸ ’ਚ ਨਾ ਜਾਵੇ। ਇਹ ਰਸ ਕੱਚ ਦੇ ਬਰਤਨ ’ਚ ਪਾ ਕੇ ਰੱਖ ਦਿਉ। ਇਸ ’ਚ ਵਧੀਆ ਚਿਟਾ ਸਿਰਕਾ ਕਿਸੇ ਚੰਗੀ ਕੰਪਨੀ ਦਾ ਲੈ ਕੇ ਇਸੇ ਰਸ 1 ਕੱਪ ਮਿਲਾ ਲਵੋ। ਮਹੀਨਾ ਬਰਤਨ ’ਚ ਪਿਆ ਰਹੇ। ਹਫਤੇ ’ਚ ਇੱਕ ਵਾਰ ਬਰਤਨ ਜ਼ਰੂਰ ਹਿਲਾ ਦਿਆ ਕਰੋ। ਮਹੀਨੇ ’ਚ ਸਿਰਕਾ ਤਿਆਰ ਹੋ ਜਾਂਦਾ ਹੈ। ਜਿਨ੍ਹਾਂ ਦਾ ਕੌਲੈਸਟਰੋਲ਼ ਵਧਦਾ ਹੈ। ਖੂਨ ਗਾੜ੍ਹਾ ਹੁੰਦਾ ਰਹਿੰਦਾ ਹੈ। ਉਹ ਇਹ ਸਿਰਕਾ 200 ਮਿਲ਼ੀਲੀਟਰ+200 ਮਿਲ਼ੀਲੀਟਰ ਸ਼ਹਿਦ ’ਚ ਮਿਲਾ ਕੇ ਰੱਖ ਲੈਣ ਥੋੜ੍ਹੇ ਜਿਹੇ ਕੋਸੇ ਪਾਣੀ ’ਚ 2 ਚਮਚ ਮਿਲਾ ਕੇ ਤਿੰਨ ਟਾਇਮ ਪੀਣ। ਇਸ ਨਾਲ਼ ਖੂਨ ਦੀ ਸਫਾਈ ਤੇ ਖੂਨ ਵਿਚ ਜਿੰਨੀ ਮਰਜ਼ੀ ਰੁਕਾਵਟ ਆਉਂਦੀ ਹੋਵੇ, 15-20 ਦਿਨ ’ਚ ਠੀਕ ਹੋਣੀ ਸ਼ੁਰੂ ਹੋ ਜਾਵੇਗੀ। ਬੀ.ਪੀ. ਵੀ ਵਧਦਾ ਹੋਵੇ ਉਹ ਵੀ ਕੰਟਰੋਲ਼ ਹੋਵੇਗਾ।

– ਸ਼ੂਗਰ ਦੇ ਇਲਾਜ਼ ਲਈ ਜਾਮਨ ਦੀ ਗੁਠਲ਼ੀ, ਆਂਵਲਾ, ਹਰੜ, ਵੱਡੀ ਇਲਾਇਚੀ ਦਾਣਾ ਬਰਾਬਰ-ਬਰਾਬਰ ਲੈ ਕੇ ਪਾਊਡਰ ਬਣਾ ਲਵੋ।1 ਚਮਚ ਸਵੇਰੇ-ਸ਼ਾਮ ਲਵੋ। 15 ਦਿਨ ’ਚ ਸ਼ੂਗਰ ਨੌਰਮਲ ਹੋ ਜਾਂਦੀ ਹੈ। ਜਿਹੜੀ ਵੀ ਕੋਈ ਤੁਹਾਡੀ ਪਹਿਲਾਂ ਤੋਂ ਗੋਲੀ ਚੱਲਦੀ ਹੈ ਉਹ ਵੀ ਚੱਲਦੀ ਰਹਿਣ ਦਿਉ। ਜਦੋਂ ਸ਼ੂਗਰ ਨੌਰਮਲ ਹੋ ਜਾਵੇ ਤਾਂ ਪਹਿਲਾਂ ਵਾਲ਼ੀ ਗੋਲ਼ੀ ਨੂੰ ਹੌਲ਼ੀ-ਹੌਲੀ ਘਟਾਉਂਦੇ ਜਾਉ। ਫਿਰ ਇਸੇ ਚੂਰਨ ਨੂੰ ਲਗਾਤਾਰ ਖਾਉ। ਇਹ ਚੂਰਨ ਬਿਲਕੁਲ਼ ਸੇਫ ਹੈ।

-ਨਿੰਮ ਦੀਆਂ ਪੱਕੀਆਂ ਨਮੋਲ਼ੀਆਂ ਮੂੰਹ ਦੀਆਂ ਫਿਨਸੀਆਂ, ਚਮੜੀ ਰੋਗ ਲਈ ਬਹੁਤ ਫਾਇਦਾ ਕਰਦੀਆਂ ਹਨ। ਜਦੋਂ ਇਹ ਪੱਕ ਜਾਣ ਤਾਂ ਜਿੰਨੀਆਂ ਤੁਸੀਂ ਖਾ ਸਕਦੇ ਹੋ।5-6 ਘੱਟੋ-ਘੱਟ ਜ਼ਰੂਰ ਖਾਉ। ਇਹ ਖੁੂਨ ਦੀ ਸਫਾਈ ਕਰਦੀ ਹੈ। ਜੇਕਰ ਮਰੀਜ਼ ਰੋਗ ਤੋਂ ਛੁਟਕਾਰਾ ਚਾਹੁੰਦਾ ਹੈ। ਤਾਂ ਸਵਾਦ ਨਾ ਦੇਖੇ। ਕਿਉਂਕਿ ਅੱਜ-ਕੱਲ੍ਹ ਜੀਭ ਦੇ ਸੁਆਦ ਨੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਗਿਫਟ ’ਚ ਦੇ ਦਿੱਤੀਆਂ ਹਨ।

-ਜਿਨ੍ਹਾਂ ਨੂੰ ਖੁੂਨੀ ਬਵਾਸੀਰ ਜਾਂ ਵਾਦੀ ਬਵਾਸੀਰ ਰਹਿੰਦੀ ਹੋਵੇ।

ਖੂੁਨੀ ਬਵਾਸੀਰ ’ਚ ਲੈਟਰਿੰਗ ਤੋਂ ਬਾਅਦ ਖੂਨ ਆਉਂਦਾ ਹੈ, ਵਾਦੀ ਬਵਾਸੀਰ ’ਚ ਲੈਟਰਿੰਗ ਵਾਲੀ ਜਗ੍ਹਾਂ ’ਤੇ ਖਾਜ ਜਲਣ ਹੁੰਦੀ ਹੈ। ਉੱਥੇ ਨਿੰਮ ਦੀ ਗਿਰੀ ਹੋਰ ਦੇਸੀ ਚੀਜ਼ਾਂ ਨਾਲ਼ ਮਿਲਾ ਕੇ ਬਹੁਤ ਫਾਇਦਾ ਕਰਦੀ ਹੈ। ਨਿੰਮ ਦੀ ਗਿਰੀ 100 ਗ੍ਰਾਮ, ਕਾਲ਼ੀ ਮਿਰਚ 50 ਗ੍ਰਾਮ, ਤਿ੍ਰਫਲਾ ਚੂਰਨ 100 ਗ੍ਰਾਮ, ਸਫੈਦ ਕੱਥਾ 50 ਗ੍ਰਾਮ ਲੈ ਕੇ ਪਾਊਡਰ ਬਣਾ ਲਵੋ।1 ਚਮਚ ਸਵੇਰੇ-ਸ਼ਾਮ ਖਾਉ। ਹਫਤੇ ’ਚ ਫਾਇਦਾ ਹੋਵੇਗਾ। ਤੜਫਦੇ ਰੋਗੀ ਨੂੰ ਠੰਢਕ ਤੇ ਰਾਹਤ ਮਿਲੇਗੀ ਅਰਾਮ ਮਿਲੇਗਾ।

-ਹਰੇਕ ਤਰ੍ਹਾਂ ਦਾ ਵਾਇਰਸ ਠੀਕ ਕਰਨ ਦੀ ਗੋਲ਼ੀ ਜ਼ਰੂਰ ਘਰ ਬਣਾਉ। ਕਿਉਂਕਿ ਇਹ ਗੋਲ਼ੀ ਸਰੀਰ ਨੂੰ ਨਿਰੋਗ ਰੱਖਦੀ ਹੈ। ਹੁਣ ਨਿੰਮ ਦੀਆਂ ਨਮੋਲੀਆਂ ਦਾ ਮੌਸਮ ਹੈ।

ਇਹ ਨੁਸਖਾ ਬਹੁਤ ਕਾਰਗਰ ਹੈ। ਲੈਣਾ ਕੀ ਹੈ ਨਿੰਮ ਦੀ ਨਮੋਲ਼ੀ ਕੱਚੀ ਤੇ ਜਿਹਦੇ ਵਿੱਚ ਦੁੱਧ ਹੋਵੇ ਅੱਧਾ ਕਿਲੋ, ਬਾਂਸ ਦੇ ਪੱਤੇ ਜਾਂ ਪਿੱਪਲ ਦੇ ਨਰਮ-ਨਰਮ ਤੇ ਛੋਟੇ-ਛੋਟੇ ਪੱਤੇ ਅੱਧਾ ਕਿੱਲੋ, ਲਾਲ ਫਿਟਕਰੀ ਖਿੱਲ ਕਰਕੇ 25 ਗ੍ਰਾਮ, ਸੁਹਾਗਾ ਭੁੰਨ੍ਹ ਕੇ 25 ਗ੍ਰਾਮ, ਸੇਂਧਾ ਨਮਕ 10 ਗ੍ਰਾਮ, ਅਜਵਾਇਨ ਦੇ ਫੁੱਲ਼ 25 ਗ੍ਰਾਮ ਕੋਸ਼ਿਸ਼ ਕਰੋ ਕਿ ਅਜਵਾਇਨ ਦੇ ਤਾਜ਼ੇ ਫੁੱਲ਼ ਮਿਲ਼ ਜਾਣ ਇਸ ਨਾਲ਼ ਨੁਸਖ਼ੇ ਦੀ ਤਾਕਤ ਵਧਦੀ ਹੈ ਜੇਕਰ ਫੁੱਲ਼ ਨਹੀਂ ਮਿਲਦੇ ਤਾਂ ਅਜਵਾਇਨ ਥੋੜ੍ਹਾ ਚਿਰ ਪਾਣੀ ’ਚ ਭਿਉਂ ਕੇ ਰੱਖੋ ਜਦੋਂ ਅਜਵਾਇਨ ਫੁੱਲ਼ ਜਾਵੇ ਤਾਂ ਇਹੀ ਗਿੱਲ਼ੀ-ਗਿੱਲੀ ਨੂੰ ਚੰਗੀ ਤਰ੍ਹਾਂ ਘੋਟ ਕੇ ਇੱਕ ਪਾਸੇ ਰੱਖ ਲਵੋ ਪਰ ਜਦੋਂ ਵੀ ਅਜਵਾਇਨ ਦੀ ਖੇਤੀ ਦਾ ਮੌਸਮ ਆਉਂਦਾ ਹੈ ਉਦੋਂ ਫੁੱਲ਼ ਜ਼ਰੂਰ ਸਾਂਭੋ। ਕਿਉਂਕਿ ਅਜਿਹੇ ਨੁਸਖੇ ਘਰ ਦੇ ਹਰੇਕ ਮੈਂਬਰ ਲਈ ਜ਼ਰੂਰੀ ਹਨ।

ਇਹ ਨੁਸਖਾ ਹਰੇਕ ਬਿਮਾਰੀ ’ਤੇ ਕੰਮ ਕਰਦਾ ਹੈ। ਹੁਣ ਕਰਨਾ ਕੀ ਹੈ ਪਹਿਲਾਂ ਨਿੰਮ ਦੀ ਨਮੋਲ਼ੀ ਨੂੰ ਚੰਗੀ ਤਰ੍ਹਾਂ ਕੁੱਟ ਲਵੋ ਜਿਵੇਂ ਚੱਟਣੀ ਬਣਦੀ ਹੈ ਐਵੇਂ ਬਣਾ ਲਵੋ ਫੇਰ ਬਾਂਸ ਦੇ ਪੱਤੇ ਜਾਂ ਪਿੱਪਲ਼ ਦੇ ਪੱਤੇ ਕੁੱਟੋ, ਚੰਗੀ ਤਰ੍ਹਾਂ ਕੁੱਟ ਕੇ ਹੁਣ ਇਸ ’ਚ ਨਿੰਮ ਦੀ ਨਿਮੋਲ਼ੀ ਬਾਂਸ ਦੇ ਪੱਤੇ ਜਾਂ ਪਿੱਪਲ਼ ਦੇ ਪੱਤੇ ਮਿਕਸ ਕਰਕੇ ਚੰਗੀ ਤਰ੍ਹਾਂ ਘੋਟੋ ਫੇਰ ਅਜਵਾਇਨ ਦੇ ਫੁੱਲ਼ ਜਾਂ ਭਿਉਂ ਕੇ ਰੱਖੀ ਅਜਵਾਇਨ ਪਾ ਦਿਉ।

ਹੁਣ ਤਿੰਨਾਂ ਦੀ ਚੰਗੀ ਤਰ੍ਹਾਂ ਘੁਟਾਈ ਕਰੋ। ਫੇਰ ਇਸ ’ਚ ਫਿਟਕੜੀ, ਸੁਹਾਗਾ, ਸੇਂਧਾ ਨਮਕ ਪਾ ਕੇ ਚੰਗੀ ਤਰ੍ਹਾਂ ਘੋਟੋ। ਘੋਟਦੇ-ਘੋਟਦੇ ਜਦੋਂ ਗੋਲੀ ਵੱਟਣ ਜੋਗੀ ਹੋ ਜਾਵੇ ਤਾਂ ਕਾਲ਼ੇ ਛੋਲਿਆਂ ਦੇ ਦਾਣੇ ਬਰਾਬਰ ਗੋਲ਼ੀ ਬਣਾ ਲਵੋ। ਤੇ ਗੋਲ਼ੀਆਂ ਨੂੰ ਚੰਗੀ ਤਰ੍ਹਾਂ ਧੁੱਪ ’ਚ ਸੁਕਾ ਕੇ ਕੱਚ ਦੇ ਬਰਤਨ ’ਚ ਪਾ ਕੇ ਰੱਖੋ।ਇਹ 1-1 ਗੋਲ਼ੀ ਸਵੇਰੇ-ਸ਼ਾਮ 1 ਮਹੀਨਾ ਖਾਉ ਫੇਰ 3 ਮਹੀਨੇ ਦਾ ਗੈਪ ਪਾ ਕੇ ਫੇਰ, ਇੱਕ ਮਹੀਨਾ ਖਾਉ। ਇਸੇ ਤਰ੍ਹਾਂ ਹਰੇਕ ਤਿੰਨ ਮਹੀਨੇ ਬਾਅਦ ਰਿਪੀਟ ਕਰਦੇ ਜਾਉ। ਇਹ ਨੁਸਖਾ ਤੁਹਾਡੇ ਤੇ ਤੁਹਾਡੇ ਪਰਿਵਾਰ ਦੀ ਨਿਰੋਗ ਰਹਿਣ ’ਚ ਬਹੁਤ ਜਿਆਦਾ ਮੱਦਦ ਕਰੇਗਾ। ਇਸ ਨਾਲ਼ ਸਾਹ, ਦਮਾ, ਨਜਲੇ ਦੇ ਮਰੀਜ਼ਾਂ ਨੂੰ ਜਾਂ ਪੇਟ ਸੰਬੰਧੀ ਰੋਗਾਂ ’ਚ ਬਹੁਤ ਫਾਇਦਾ ਮਿਲਦਾ ਹੈ। ਸਭ ਤੋਂ ਵੱਡਾ ਫਾਇਦਾ ਇਹ ਆਪਣੀ ਇਮਿਊਨਿਟੀ ਬਹੁਤ ਮਜ਼ਬੂਤ ਕਰਦਾ ਹੈ।
ਨੋਟ: ਕੋਈ ਵੀ ਨੁਸਖ਼ਾ ਅਜ਼ਮਾਉਣ ਤੋਂ ਪਹਿਲਾਂ ਕਿਸੇ ਚੰਗੇ ਡਾਕਟਰ ਜਾਂ ਵੈਦ ਨਾਲ ਸੰਪਰਕ ਕਰ ਲੈਣਾ ਚਾਹੀਦਾ ਹੈ
ਵੈਦ ਬੀ. ਕੇ. ਸਿੰਘ
ਮੋ. 98726-10005

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ