ਮਿੱਟੀ ਦਾ ਮੋਹ

Clay fascination

ਅਰਜਨ ਸਿਉਂ ਦੇ ਪੋਤੇ ਨੂੰ ਕੈਨੇਡਾ ਗਏ ਪੰਜ ਸਾਲ ਹੋ ਗਏ ਸਨ ਪਰ ਉਹ ਮੁੜ ਕੇ ਇੱਕ ਵਾਰ ਵੀ ਪਿੰਡ ਨਹੀਂ ਆਇਆ ਸੀ। ਪੀ ਆਰ ਮਿਲਣ ਮਗਰੋਂ ਤਾਂ ਲੱਗਦਾ ਸੀ ਕਿ ਜਿਵੇਂ ਉਸ ਨੇ ਪਿੰਡ ਮੁੜਨ ਦਾ ਖ਼ਿਆਲ ਹੀ ਛੱਡ ਦਿੱਤਾ ਸੀ। ਉਸ ਦੀ ਮਾਂ ਫੋਨ ’ਤੇ ਉਸਨੂੰ ਬਥੇਰਾ ਕਹਿੰਦੀ ਕਿ ਪੁੱਤ ਹੁਣ ਤਾਂ ਤੂੰ ਏਥੇ ਸੁੱਖ ਨਾਲ ਪੱਕਾ ਹੋ ਗਿਆ ਏਂ ਹੁਣ ਤਾਂ ਘਰ ਆਜਾ। ਪਰ ਉਹ ਹਰ ਵਾਰੀ ਕੋਈ ਨਾ ਕੋਈ ਬਹਾਨਾ ਬਣਾ ਕੇ ਗੱਲ ਨੂੰ ਟਾਲ ਦਿੰਦਾ ਸੀ। ਮਾਪਿਆਂ ਦਾ ਇਕਲੌਤਾ ਪੁੱਤ ਹੋਣ ਕਰਕੇ ਉਸ ਬਿਨਾਂ ਖਾਲੀ ਘਰ ਵੱਢ ਖਾਣ ਨੂੰ ਆਉਂਦਾ ਸੀ। ਉਸਦੇ ਮਾਂ ਪਿਉ ਤਾਂ ਫਿਰ ਵੀ ਆਥਣੇ ਤੜਕੇ ਫੋਨ ’ਤੇ ਗੱਲ ਕਰਕੇ ਆਪਣੇ ਦਿਲ ਨੂੰ ਧਰਵਾਸ ਦੇ ਲੈਂਦੇ ਸਨ ਪਰ ਔਖਾ ਤਾਂ ਅਰਜਨ ਸਿਉਂ ਦਾ ਹੋਇਆ ਪਿਆ ਸੀ ਜਿਸ ਨੇ ਪੰਜ ਸਾਲਾਂ ਵਿੱਚ ਮਸਾਂ ਪੰਜ-ਸੱਤ ਵਾਰੀ ਗੱਲ ਕੀਤੀ ਹੋਵੇਗੀ ਉਹ ਜਦ ਵੀ ਫੋਨ ਤੇ ਗੱਲ ਕਰਦਾ ਤਾਂ ਉਸ ਦਾ ਇੱਕ-ਦੋ ਗੱਲਾਂ ਕਰਕੇ ਹੀ ਗੱਚ ਭਰ ਆਉਂਦਾ ਤੇ ਉਹ ਫੋਨ ਆਪਣੀ ਨੂੰਹ ਨੂੰ ਫੜਾ ਦਿੰਦਾ। (Clay fascination)

ਅਰਜਨ ਸਿਉਂ ਨੇ ਆਪਣੇ ਪੋਤੇ ਨੂੰ ਬੜੇ ਲਾਡ-ਪਿਆਰ ਨਾਲ ਪਾਲ਼ਿਆ ਸੀ। ਉਹ ਨਿੱਕੇ ਹੁੰਦੇ ਨੂੰ ਸਾਰਾ ਦਿਨ ਗੋਦੀ ਚੁੱਕ ਕੇ ਖਿਡਾਉਂਦਾ ਥੱਕਦਾ ਨਹੀਂ ਸੀ। ਫਿਰ ਜਦ ਉਸ ਨੂੰ ਸਕੂਲ ਦਾਖ਼ਲ ਕਰਵਾਇਆ ਤਾਂ ਆਪ ਉਸ ਨੂੰ ਸਾਈਕਲ ’ਤੇ ਪਹਿਲਾਂ ਸਵੇਰੇ ਸਕੂਲ ਛੱਡ ਕੇ ਆਉਂਦਾ ਫਿਰ ਛੁੱਟੀ ਮਿਲਣ ’ਤੇ ਘਰ ਲੈ ਕੇ ਆਉਂਦਾ। ਜਦੋਂ ਬਾਰਾਂ ਜਮਾਤਾਂ ਪਾਸ ਕਰਨ ਮਗਰੋਂ ਆਈਲੈਟਸ ਕਰਕੇ ਉਸ ਦਾ ਪੋਤਾ ਕੈਨੇਡਾ ਜਾ ਰਿਹਾ ਸੀ ਤਾਂ ਅਰਜਨ ਸਿਉਂ ਨੇ ਉਸ ਨੂੰ ਬਥੇਰਾ ਰੋਕਿਆ ਸੀ ਕਿ ਪੁੱਤ ਕਿਉਂ ਸੱਤ ਸਮੁੰਦਰੋਂ ਪਾਰ ਬੇਗਾਨੇ ਮੁਲਕ ਜਾਨਾ ਏਂ ਆਪਣੇ ਘਰ ਇੱਥੇ ਕੀ ਤੈਨੂੰ ਕਿਸੇ ਗੱਲ ਦਾ ਘਾਟਾ ਹੈ।

ਇਹ ਵੀ ਪੜ੍ਹੋ : CBSE Results : 10ਵੀਂ ਅਤੇ 12ਵੀਂ ਦੇ ਸਾਲਾਨਾ ਨਤੀਜਿਆਂ ’ਚ ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰੇ ਛਾਏ

ਪਰ ਜਦ ਉਸਦਾ ਪੋਤਾ ਨਹੀਂ ਮੰਨਿਆ ਸੀ ਤਾਂ ਉਸ ਨੇ ਆਪਣੇ ਪੋਤੇ ਦੇ ਪਿਆਰ ਤੇ ਜ਼ਿੱਦ ਅੱਗੇ ਝੁਕ ਕੇ ਉਸ ਨੂੰ ਕੈਨੇਡਾ ਭੇਜ ਦਿੱਤਾ ਸੀ। ਪਰ ਹੁਣ ਜਦੋਂ ਪੰਜ ਸਾਲਾਂ ਤੋਂ ਵੱਧ ਸਮੇਂ ਦੇ ਬੀਤ ਜਾਣ ਮਗਰੋਂ ਵੀ ਉਸ ਦਾ ਪੋਤਾ ਘਰ ਨਹੀਂ ਮੁੜਿਆ ਸੀ ਤਾਂ ਅਰਜਨ ਸਿਉਂ ਕੁਝ ਓਦਰਿਆ-ਓਦਰਿਆ ਜਿਹਾ ਰਹਿਣ ਲੱਗ ਪਿਆ ਸੀ। ਉਸ ਨੇ ਇਸ ਉਦਰੇਵੇਂ ਵਿੱਚ ਹੀ ਸੱਥ ਦੇ ਨਾਲ ਘਰੋਂ ਬਾਹਰ-ਅੰਦਰ ਜਾਣਾ ਵੀ ਛੱਡ ਦਿੱਤਾ ਸੀ ਤੇ ਸਾਰਾ ਦਿਨ ਚੁੱਪ ਕਰਕੇ ਘਰੇ ਹੀ ਬੈਠਾ ਰਹਿੰਦਾ ਸੀ। ਅਰਜਨ ਸਿਉਂ ਦੇ ਨੂੰਹ-ਪੁੱਤ ਵੀ ਉਸਦੇ ਉਦਰੇਵੇਂ ਤੇ ਉਦਾਸੀ ਦਾ ਕਾਰਨ ਸਮਝਦੇ ਸਨ ਪਰ ਉਹ ਚਾਹ ਕੇ ਵੀ ਕੁਝ ਨਹੀਂ ਕਰ ਪਾ ਰਹੇ ਸਨ ਕਿਉਂਕਿ ਉਹ ਤਾਂ ਆਪ ਆਪਣੇ ਪੁੱਤ ਨੂੰ ਮਿਲਣ ਲਈ ਤਰਸੇ ਪਏ ਸਨ।

ਆਖਿਰ ਜਦ ਅਰਜਨ ਸਿਉਂ ਦੀ ਆਪਣੇ ਪੋਤੇ ਦੇ ਹੇਰਵੇ ’ਚ ਹਾਲਤ ਜ਼ਿਆਦਾ ਵਿਗੜਨ ਲੱਗੀ ਤਾਂ ਉਸ ਦੀ ਨੂੰਹ ਨੇ ਆਪਣੇ ਪੁੱਤ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਪੁੱਤ ਤੇਰੇ ਦਾਦਾ ਜੀ ਤੇਰੇ ਬਿਨਾਂ ਬਹੁਤ ਓਦਰੇ ਪਏ ਹਨ ਜੇ ਤੂੰ ਨਹੀਂ ਆਉਣਾ ਤਾਂ ਜੀ ਸਦਕੇ ਨਾ ਆ ਪਰ ਪੁੱਤ ਤੂੰ ਆਪਣੇ ਦਾਦਾ ਜੀ ਨੂੰ ਤਾਂ ਆਪਣੇ ਕੋਲ ਬੁਲਾ ਸਕਦਾ ਹੈਂ। ਵੇਖ ਪੁੱਤ ਨਾਲੇ ਤਾਂ ਤੇਰੇ ਕੋਲ ਮਹੀਨਾ ਦੋ ਮਹੀਨੇ ਰਹਿ ਕੇ ਉਨ੍ਹਾਂ ਦਾ ਚਿੱਤ ਰਾਜ਼ੀ ਹੋ ਜਾਵੇਗਾ ਨਾਲੇ ਉਨ੍ਹਾਂ ਦੀ ਗਰਮੀ ਵੀ ਸੌਖੀ ਲੰਘ ਜਾਵੇਗੀ।

ਇਹ ਵੀ ਪੜ੍ਹੋ : ਬੰਗਲੁਰੂ ਨੇ ਰਾਜਸਥਾਨ ਨੂੰ ਦਿੱਤਾ 172 ਦੌੜਾਂ ਦਾ ਟੀਚਾ

ਆਪਣੀ ਮਾਂ ਦੀ ਗੱਲ ਮੰਨਦਿਆਂ ਉਸਨੇ ਦੋ ਕੁ ਮਹੀਨਿਆਂ ਮਗਰੋਂ ਦਾਦਾ ਜੀ ਨੂੰ ਆਪਣੇ ਕੋਲ ਕੈਨੇਡਾ ਬੁਲਾ ਲਿਆ ਸੀ। ਅਰਜਨ ਸਿਉਂ ਪਹਿਲਾਂ ਤਾਂ ਘਰ ਛੱਡ ਕੇ ਜਾਣ ਲਈ ਤਿਆਰ ਨਹੀਂ ਹੋਇਆ ਸੀ ਪਰ ਫਿਰ ਆਪਣੇ ਨੂੰਹ-ਪੁੱਤ ਦੇ ਜ਼ੋਰ ਪਾਉਣ ’ਤੇ ਉਹ ਦੋ ਮਹੀਨਿਆਂ ਲਈ ਆਪਣੇ ਪੋਤੇ ਕੋਲ ਚਲਾ ਗਿਆ ਸੀ। ਕੈਨੇਡਾ ਜਾ ਕੇ ਇੱਕ ਵਾਰ ਉਸਨੂੰ ਲੱਗਿਆ ਜਿਵੇਂ ਸੱਚੀ ਉਹ ਸੁਰਗ ਵਿੱਚ ਆ ਗਿਆ ਹੁੰਦਾ। ਪਰ ਕੁਝ ਦਿਨਾਂ ਵਿੱਚ ਹੀ ਪੋਤੇ ਦੀਆਂ ਸ਼ਿਫਟਾਂ ਤੇ ਉੱਥੋਂ ਦੀ ਇਕੱਲਤਾ ਨੇ ਉਸ ਦਾ ਮੋਹ ਭੰਗ ਕਰ ਦਿੱਤਾ ਸੀ। ਉਹ ਸਾਰਾ ਦਿਨ ਇਕੱਲਾ ਘਰ ਵਿੱਚ ਬੈਠਾ ਰਹਿੰਦਾ ਉਸ ਦਾ ਪੋਤਾ ਕਦੇ ਦਿਨ ਨੂੰ ਆਉਂਦਾ ਕਦੇ ਰਾਤ ਨੂੰ। ਉਸਦਾ ਮਨ ਲੋਚਦਾ ਕਿ ਉਹ ਆਪਣੇ ਪੋਤੇ ਨਾਲ ਖੁੱਲ੍ਹ ਕੇ ਗੱਲਾਂ ਕਰੇ ਪਰ ਪੋਤੇ ਕੋਲ ਤਾਂ ਆਪਣੇ ਦਾਦਾ ਜੀ ਕੋਲ ਬੈਠਣ ਦਾ ਟਾਈਮ ਹੀ ਨਾ ਹੁੰਦਾ।

ਇਹ ਵੀ ਪੜ੍ਹੋ : ਸ਼ਾਹ ਸਤਿਨਾਮ ਜੀ ਗਰਲਜ਼ ਅਤੇ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਪ੍ਰੀਖਿਆ ਨਤੀਜਾ ਰਿਹਾ 100 ਫੀਸਦੀ

ਬੱਸ ਉਹ ਆਉਂਦਾ-ਜਾਂਦਾ ਕਹਿੰਦਾ ਰਹਿੰਦਾ ਕਿ ਦਾਦਾ ਜੀ ਤੁਸੀਂ ਸਾਰਾ ਦਿਨ ਘਰ ਨਾ ਬੈਠੇ ਰਿਹਾ ਕਰੋ, ਬਾਹਰ ਵੀ ਘੁੰਮ-ਫਿਰ ਆਇਆ ਕਰੋ। ਆਹ ਆਪਣੇ ਨੇੜਲੇ ਪਾਰਕ ਵਿੱਚ ਚਲੇ ਜਾਇਆ ਕਰੋ ਉੱਥੇ ਆਪਣੇ ਬਹੁਤ ਸਾਰੇ ਪੰਜਾਬੀ ਹੁੰਦੇ ਨੇ। ਪਰ ਉਹ ਆਪਣੇ ਪੋਤੇ ਦੀ ਗੱਲ ਅਣਸੁਣੀ ਜਿਹੀ ਕਰਕੇ ਕਮਰੇ ਵਿੱਚ ਪਿਆ ਹੀ ਸਾਰਾ ਦਿਨ ਲੰਘਾ ਦਿੰਦਾ ਸੀ। (Clay fascination)

ਅੱਜ ਸ਼ਾਮ ਨੂੰ ਵੀ ਅਰਜਨ ਸਿਉਂ ਕਮਰੇ ਅੰਦਰ ਹੀ ਪਿਆ ਸੀ ਜਦ ਉਸਦਾ ਪੋਤਾ ਸ਼ਿਫਟ ਲਾ ਕੇ ਘਰ ਆਇਆ ਸੀ। ਉਸ ਨੇ ਅੰਦਰ ਆਉਂਦਿਆਂ ਹੀ ਕਿਹਾ, ‘‘ਦਾਦਾ ਜੀ ਅੰਦਰ ਕਿਉਂ ਪਏ ਹੋ ਬਾਹਰ ਚੱਲੋ, ਆਓ ਤੁਹਾਨੂੰ ਸਾਡੇ ਦੇਸ਼ ਕੈਨੇਡਾ ਦੀ ਵਰਖਾ ਦਿਖਾਉਂਦਾ ਹਾਂ, ਬਾਹਰ ਵੇਖੋ ਕਿੰਨਾ ਮੀਂਹ ਪੈ ਰਿਹਾ ਹੈ।’’ ਉਹ ਆਪਣੇ ਦਾਦੇ ਨੂੰ ਬੈੱਡ ਤੋਂ ਉਠਾ ਕੇ ਪੋਰਚ ਵਿੱਚ ਲੈ ਆਇਆ ਸੀ। ਬਾਹਰ ਮੋਹਲੇਧਾਰ ਮੀਂਹ ਪੈ ਰਿਹਾ ਸੀ ਤੇ ਤੇਜ਼ ਹਵਾਵਾਂ ਨਾਲ ਰੁੱਖ ਦੂਹਰੇ ਹੋ ਕੇ ਧਰਤੀ ਨੂੰ ਚੁੰਮਦੇ ਨਜ਼ਰ ਆ ਰਹੇ ਸਨ। ਪੋਤਾ ਵਰਖਾ ਨੂੰ ਵੇਖ ਕੇ ਝੂਮ ਰਿਹਾ ਸੀ ਪਰ ਅਰਜਨ ਸਿਉਂ ਗੁੰਮਸੁੰਮ ਜਿਹਾ ਖੜ੍ਹਾ ਮੀਂਹ ਨੂੰ ਵੇਖ ਰਿਹਾ ਸੀ।

‘‘ਕੀ ਹੋਇਆ ਦਾਦਾ ਜੀ?’’?ਅਚਾਨਕ ਉਸਦੇ ਪੋਤੇ ਨੇ ਉਸਨੂੰ ਮੋਢੇ ਤੋਂ ਫੜ ਕੇ ਹਲੂਣਦਿਆਂ ਕਿਹਾ। ‘‘ਕੁਝ ਨਹੀਂ ਪੁੱਤਰਾ ਮੀਂਹ ਸੱਚੀਂ ਬਾਹਲਾ ਤੇਜ਼ ਪੈ ਰਿਹਾ ਏ ਮੈਨੂੰ ਤਾਂ ਡਰ ਹੈ ਕਿਤੇ ਪਿੰਡ ਆਪਣੇ ਬਾਹਰਲੇ ਘਰ ਤੂੜੀ ਵਾਲੀ ਕੱਚੀ ਸਬਾਤ ਨਾ ਢਹਿ ਜਾਵੇ, ਦੋ ਸਾਲ ਹੋ ਗਏ ਹਨ ਉਸਨੂੰ ਲਿੱਪਿਆ ਨਹੀਂ ਹੈ। ਮੈਂ ਤੇਰੇ ਬਾਪੂ ਨੂੰ ਬਥੇਰਾ ਕਿਹਾ ਸੀ ਕਿ ਸਬਾਤ ਦੀ ਛੱਤ ਨੂੰ ਲਿੱਪ ਦੇ ਪਰ ਉਸਨੇ ਮੇਰੀ ਗੱਲ ਹੀ ਨਹੀਂ ਗੌਲੀ, ਆਹ ਹੁਣ ਸਾਰੀ ਤੂੜੀ ਖ਼ਰਾਬ ਹੋ ਜਾਵੇਗੀ।’’ ਆਪਣੇ ਦਾਦਾ ਜੀ ਦੀ ਗੱਲ ਸੁਣ ਕੇ ਉਸ ਦਾ ਪੋਤਾ ਸੁੰਨ ਜਿਹਾ ਹੋ ਗਿਆ ਸੀ ਤੇ ਬਾਹਰ ਮੀਂਹ ਹੋਰ ਤੇਜ਼ ਹੋ ਗਿਆ ਸੀ।

ਮਨਜੀਤ ਮਾਨ,
ਸਾਹਨੇਵਾਲੀ (ਮਾਨਸਾ)
ਮੋ. 70098-98044