ਚੋਗਾਵਾਂ ਵਿਖੇ ਜਲਦ ਖੋਲਿਆ ਜਾਵੇਗਾ ਲੜਕੀਆਂ ਦਾ ਸਰਕਾਰੀ ਕਾਲਜ : ਸਰਕਾਰੀਆ

Chogawan, Government, College, Girls, Soon, Saekariya

ਕਲੇਰ ਵਿਖੇ ਫੇਰੂਮਾਨ ਪਬਲਿਕ ਸਕੂਲ ਤੇ ਕਿੱਤਾਮੁਖੀ ਕੇਂਦਰ  ਦਾ ਰੱਖਿਆ ਨੀਂਹ ਪੱਥਰ

ਅੰਮ੍ਰਿਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਰਈਆ ਵੱਲੋਂ ਪਿੰਡ ਕਲੇਰ ਰਾਮ ਤੀਰਥ ਰੋਡ ਵਿਖੇ ਖੋਲੇ ਜਾ ਰਹੇ ਫੇਰੂਮਾਨ ਪਬਲਿਕ ਸਕੂਲ ਅਤੇ ਕਿੱਤਾਮੁਖੀ ਕੇਂਦਰ ਦਾ ਨੀਂਹ ਪੱਥਰ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ, ਮਾਲ ਮੰਤਰੀ ਪੰਜਾਬ ਨੇ ਰੱਖਿਆ।

ਇਸ ਮੌਕੇ ਬੋਲਦਿਆਂ ਸ੍ਰ ਸਰਕਾਰੀਆ ਨੇ ਕਿਹਾ ਕਿ ਅਸੀਂ ਸਿਖਿਆ ਦੇ ਖੇਤਰ ਵਿੱਚ ਬਹੁਤ ਪਿਛੇ ਹਾਂ ਕਿਉਂਕਿ ਪਿਛਲੇ 10 ਸਾਲਾਂ ਦੀ ਅਕਾਲੀ -ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਿਖਿਆ ਦੇ ਖੇਤਰ ਵਿੱਚ ਕੋਈ ਪ੍ਰਗਤੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਖਿਆ ਸਾਡਾ ਅਸਲ ਖਜਾਨਾ ਹੈ ਜਿਸ ਕੋਲ ਸਿਖਿਆ ਦਾ ਖਜਾਨਾ ਹੁੰਦਾ ਹੈ ਉਹ ਕਦੇ ਵੀ ਨਾਕਾਮਯਾਬ ਨਹੀਂ ਹੋ ਸਕਦਾ। ਉਨ੍ਹਾਂ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਨਕਲ ਦੀ ਪ੍ਰਥਾ ਬਹੁਤ ਮਾੜੀ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਇਮਤਿਹਾਨਾਂ ਵਿੱਚ ਨਕਲ ਦੀ ਬੁਰਾਈ ਨੂੰ ਰੋਕਣਾ ਚਾਹੀਦਾ ਹੈ। ਅਧਿਆਪਕਾਂ ਦੀ ਘਾਟ ਬਾਰੇ ਗੱਲ ਕਰਦਿਆਂ ਸ੍ਰ ਸਰਕਾਰੀਆਂ ਨੇ ਕਿਹਾ ਕਿ ਪਿੰਡਾਂ ਵਿੱਚ ਜਿੰਨਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ ਉਨ੍ਹਾਂ ਸਕੂਲਾਂ ਨੂੰ ਦੂਜੇ ਸਕੂਲਾਂ ਵਿੱਚ ਸ਼ਿਫਟ ਕੀਤਾ ਜਾਵੇਗਾ।

ਸਰਕਾਰੀਆ ਨੇ ਕਿਹਾ ਕਿ ਇਸ ਖੇਤਰ ਵਿੱਚ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਵੱਲੋਂ ਸਕੂਲ ਖੋਲਣਾ ਬਹੁਤ ਹੀ ਸ਼ਲਾਘਾਯੋਗ ਹੈ। ਇਨ੍ਹਾਂ ਦੇ ਇਸ ਉਦਮ ਨਾਲ ਪੇਂਡੂ ਖੇਤਰ ਦੇ ਬੱਚਿਆਂ ਨੂੰ ਮਿਆਰੀ ਸਿਖਿਆ ਮੁਹੱਈਆ ਹੋਵੇਗੀ। ਸ੍ਰ ਸਰਕਾਰੀਆ ਨੇ ਕਿਹਾ ਕਿ ਇਸ ਸਕੂਲ ਵਿੱਚ ਕਿੱਤਾਮੁਖੀ ਕੋਰਸ ਵੀ ਕਰਵਾਏ ਜਾਣਗੇ ਤਾਂ ਜੋ ਬੱਚੇ ਤਕਨੀਕੀ ਗਿਆਨ ਹਾਸਲ ਕਰਕੇ ਆਪਣੇ ਪੈਰਾ ਤੇ ਖੜੇ ਹੋ ਸਕਣ। ਮਾਲ ਮੰਤਰੀ ਨੇ ਕਿਹਾ ਕਿ ਜਲਦ ਹੀ ਚੋਗਾਵਾਂ ਵਿਖੇ ਲੜਕੀਆਂ ਦਾ ਸਰਕਾਰੀ ਕਾਲਜ ਖੋਲਿਆ ਜਾਵੇਗਾ।  ਉਨ੍ਹਾਂ ਕਿਹਾ ਕਿ ਇਸ ਹਲਕੇ ਵਿੱਚ ਸਿਹਤ ਸੇਵਾਵਾਂ ਅਤੇ ਸਿਖਿਆ ਦੇ ਵਿਕਾਸ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਬੋਲਦਿਆਂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਦੇ ਪ੍ਰਧਾਨ ਪ੍ਰੋ: ਬਲਜੀਤ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਸਕੂਲ ਦਾ ਨੀਂਹ ਪੱਥਰ ਸ੍ਰ ਸਰਕਾਰੀਆ ਵੱਲੋਂ ਰੱਖਿਆ ਗਿਆ ਹੈ। ਇਹ ਸੰਸਥਾ ਬੱਚਿਆਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਆਪਣਾ ਪਹਿਲਾ ਕਾਲਜ 1974 ਵਿੱਚ ਰਈਆ ਵਿਖੇ ਖੋਲਿਆ ਗਿਆ ਸੀ ਅਤੇ ਇਸ ਸੰਸਥਾਂ ਦੀਆਂ ਹੋਰ ਵੀ ਬ੍ਰਾਂਚਾਂ ਖੁੱਲ ਚੁੱਕੀਆਂ ਹਨ ਅਤੇ ਛੇਤੀ ਹੀ ਟਾਂਗਰਾ ਵਿਖੇ ਨਵਾਂ ਸਕੂਲ ਖੋਲਿਆ ਜਾਵੇਗਾ। ਸ੍ਰ ਸੇਖੋਂ ਨੇ ਇਸ ਮੌਕੇ ਸਕੂਲਾਂ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ।