ਚੀਨ-ਨੇਪਾਲ ਨੇ ਰਿਸ਼ਤੇ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟਾਈ

China, Nepal, Agrees, Strengthen. Ties

ਚੀਨ-ਨੇਪਾਲ ਨੇ ਰਿਸ਼ਤੇ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟਾਈ

ਕਾਠਮਾਂਡੂ (ਏਜੰਸੀ)। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਤੇ ਆਪਸੀ ਹਿੱਸੇਦਾਰੀ ‘ਚ ਸਹਿਯੋਗ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ। ਚੀਨ ਦੇ ਰਾਸ਼ਟਰਪਤੀ ਜਿਨਪਿੰਗ ਸ਼ਨਿੱਚਰਵਾਰ ਨੂੰ ਨੇਪਾਲ ਦੌਰੇ ‘ਤੇ ਕਾਠਮਾਂਡੂ ਪਹੁੰਚੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੋਂ ਦੀ ਰਾਸ਼ਟਰਪਤੀ ਭੰਡਾਰੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਵਿਚਕਾਰ ਚਰਚਾ ਤੋਂ ਬਾਅਦ ਇਹ ਐਲਾਨ ਕੀਤਾ ਗਿਆ।

ਸ੍ਰੀ ਜਿਨਪਿੰਗ ਨੇ ਨੇਪਾਲ ਦੀ ਰਾਸ਼ਟਰਪਤੀ ਭੰਡਾਰੀ ਦੇ ਇਸ ਗੱਲ ਨਾਲ ਵੀ ਸਹਿਮਤੀ ਪ੍ਰਗਟਾਈ ਕਿ ਨੇਪਾਲ ਅਤੇ ਚੀਨ ਵਿਚਕਾਰ ਦੋਸਤੀ ਅਤੇ ਆਪਸੀ ਹਿੱਸੇਦਾਰੀ ਹੈ। ਉਨ੍ਹਾਂ ਕਿਹਾ ਕਿ ਮੈਂ ਨੇਪਾਲ ਦੇ ਲੋਕਾਂ ਦੇ ਚਿਹਰੇ ‘ਤੇ ਹਾਸੀ ਦੇਖ ਸਕਦਾ ਹਾਂ ਅਤੇ ਇਹ ਮੈਨੂੰ ਦੋਸਤੀ ਦਾ ਅਹਿਸਾਸ ਕਰਵਾਉਂਦੀ ਹੇ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾ ਨੂੰ ਉਮੀਦ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਦੋਸਤੀ ਵੇਗੀ ਅਤੇ ਇਸ ਦੌਰੇ ਤੋਂ ਸਾਡੇ ਦੁਵੱਲੇ ਰਿਸ਼ਤੇ ਇੱਕ ਨਵੀਂਆਂ ਉਚਾਈਆਂ ਨੂੰ ਛੂਹਣਗੇ।

ਸ੍ਰੀ ਜਿਨਪਿੰਗ ਨੇ ਨੇਪਾਲ ਦੇ ਵਨ ਚਾਈਨਾ ਨੀਤੀ ਦਾ ਸਮੱਰਥਨ ਕਰਨ ਲਈ ਉਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਚੀਨ ਹਮੇਸ਼ਾ ਨੇਪਾਲ ਦੁਆਰਾ ਉਸ ਦੇ ਦੇਸ਼ ਦੀ ਰਾਸ਼ਟਰੀ ਸੁਰੱਖਿਆ, ਸੰਪ੍ਰਭੂਤਾ ਅਤੇ ਖ਼ੇਤਰੀ ਅਖੰਡਤਾ ਦਾ ਸਮੱਰਥਕ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਹਰ ਖ਼ੇਤਰ ‘ਚ ਇੱਕ ਦੂਜੇ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਟ੍ਰਾਂਸ-ਹਿਮਾਲਿਆ ਕਨੈਕਟੀਵਿਟੀ ਨੈੱਟਵਰਕ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਜਿਨਪਿੰਗ ਪਿਛਲੇ 23 ਸਾਲਾਂ ਤੋਂ ਨੇਪਾਲ ਦੀ ਯਾਤਰਾ ਕਰਨ ਵਾਲੇ ਪਹਿਲੇ ਚੀਨੀ ਰਾਸ਼ਟਰਪਤੀ ਹਨ। ਸ੍ਰੀਮਤੀ ਭੰਡਾਰੀ ਨੇ ਕਿਹਾ ਕਿ ਇਸ ਇਤਿਹਾਸਿਕ ਯਾਤਰਾ ਨਾਂਲ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਦੋਸਤੀ ਅਤੇ ਆਪਸੀ ਹਿੱਸੇਦਾਰੀ ਦੇ ਰਿਸ਼ਤੇ ਮਜ਼ਬੂਤ ਹੋਏ ਹਨ। ਨੇਪਾਲ ਦੌਰੇ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਦੋ ਦਿਨਾਂ ਦੇ ਭਾਰਤੀ ਦੌਰੇ ‘ਤੇ ਤਾਮਿਲਨਾਡੂ ਦੇ ਮਹਾਬਲੀਪੁਰਮ ਗਏ ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੂਜੀ ਗੈਰ ਰਸਮੀ ਬੈਠਕ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।