ਸਰਕਾਰੀ ਸਕੂਲਾਂ ਦੇ ਬੱਚੇ ਗਰਮੀਆਂ ‘ਚ ਪਾਉਣਗੇ ਕੋਟੀਆਂ

Children, Government, School, Summer

ਸਰਕਾਰੀ ਸਕੂਲਾਂ ਦੇ ਬੱਚਿਆਂ ਨਾਲ ਸਿੱਖਿਆ ਵਿਭਾਗ ਦਾ ਕੋਝਾ ਮਜ਼ਾਕ

ਸਰਦੀਆਂ ਵਾਲੀ ਵਰਦੀ ਗਰਮੀਆਂ ‘ਚ ਭੇਜੀ

ਬਰਗਾੜੀ, ਕੁਲਦੀਪ

ਪੰਜਾਬ ਸਕੂਲ ਸਿੱਖਿਆ ਬੋਰਡ ਕਿਵੇਂ ਨਾ ਕਿਵੇਂ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਹੀ ਰਹਿੰਦਾ ਹੈ। ਇਸ ਵਾਰ ਚਰਚਾ ਦਾ ਵਿਸ਼ਾ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਭੇਜੀਆਂ ਵਰਦੀਆਂ ਹਨ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਭੇਜੀਆਂ ਗਈ ਵਰਦੀਆਂ ਜਿੱਥੇ ਸਰਦੀ ਵਾਲੀਆਂ ਹਨ ਉੱਥੇ ਹਰ ਕਲਾਸ ਦੇ ਬੱਚੇ ਲਈ ਇੱਕ ਹੀ ਸਾਈਜ਼ ਦੀ ਵਰਦੀ ਭੇਜੀ ਗਈ ਹੈ ਜਿਸ ਕਾਰਨ ਵਰਦੀ ਕਿਸੇ ਦੇ ਵੀ ਮੇਚ ਨਹੀਂ ਆ ਰਹੀ ।

ਜਾਣਕਾਰੀ ਅਨੁਸਾਰ  ਵਾੜਾ ਭਾਈ ਕਾ ਸੈਂਟਰ ਅਧੀਨ ਆਉਂਦੇ ਸਕੂਲਾਂ, ਬਾਜਾਖਾਨਾ ਸੈਂਟਰ ਅਧੀਨ ਆਉਂਦੇ ਸਕੂਲਾਂ ਅਤੇ ਬਰਗਾੜੀ ਸੈਂਟਰ ਅਧੀਨ ਆਉਂਦੇ ਸਕੂਲਾਂ ‘ਚ ਜੋ ਵਰਦੀਆਂ ਭੇਜੀਆਂ ਗਈਆਂ ਹਨ, ਉਹਨਾਂ ‘ਚ ਕੋਟੀਆਂ ਵੀ ਆਈਆਂ ਹਨ ਕਿਉਂਕਿ ਇਹ ਵਰਦੀਆਂ ਕਰੀਬ ਛੇ ਮਹੀਨੇ ਪਹਿਲਾਂ ਆਉਣੀਆਂ ਸਨ। ਸਰਦੀ ਦੇ ਸਮੇਂ ਪ੍ਰਾਇਮਰੀ ਸਕੂਲਾਂ ਦੇ ਬੱਚੇ ਬਿਨਾਂ ਕੋਟੀ ਤੋਂ ਠੰਢ ‘ਚ ਠੁਰ-ਠੁਰ ਕਰਦੇ ਰਹੇ ਪਰੰਤੂ ਹੁਣ ਬੱਚਿਆਂ ਨੂੰ ਗਰਮੀਆਂ ‘ਚ ਕੋਟੀਆਂ ਪਾਉਣ ਨੂੰ ਭੇਜੀਆਂ ਗਈਆਂ ਹਨ। ਇਸ ਤੋਂ ਬਿਨਾ ਜੋ ਵਰਦੀਆਂ ਆਈਆਂ ਹਨ ਉਨ੍ਹਾਂ ਦਾ ਇੱਕ ਕਲਾਸ ਦਾ ਸਾਈਜ਼ ਇੱਕੋ ਜਿਹਾ ਹੈ। ਜੇਕਰ ਕਲਾਸ ‘ਚ ਕੋਈ ਬੱਚਾ ਜ਼ਿਆਦਾ ਪਤਲਾ ਹੈ ਤਾਂ ਉਸ ਦੇ ਵਰਦੀ ਖੁੱਲ੍ਹੀ ਹੈ ਅਤੇ ਜੇਕਰ ਕੋਈ ਵਿਦਿਆਰਥੀ ਮੋਟਾ ਹੈ ਤਾਂ ਉਸ ਦੇ ਕੋਈ ਵਰਦੀ ਪੈਂਦੀ ਹੀ ਨਹੀਂ। ਕਈ ਸਕੂਲਾਂ ‘ਚ ਸਿਹਤਮੰਦ ਵਿਦਿਆਰਥੀਆਂ ਦੇ ਸਿੱਖਿਆ ਵਿਭਾਗ ਵੱਲੋਂ ਭੇਜੀ ਕੋਈ ਵੀ ਪੈਂਟ ਮੇਚ ਨਹੀਂ ਆਈ। ਇਸ ਤੋਂ ਇਲਾਵਾ ਪਹਿਲੀ ਕਲਾਸ ਦੇ ਬੱਚਿਆਂ ਲਈ ਕੋਈ ਵੀ ਵਰਦੀ ਨਹੀਂ ਭੇਜੀ ਗਈ।

 ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵਰਦੀਆਂ ਲਈ 400 ਰੁਪਏ ਅਧਿਆਪਕਾਂ ਨੂੰ ਭੇਜੇ ਗਏ ਸਨ ਅਤੇ ਅਧਿਆਪਕਾਂ ਨੂੰ ਕਿਹਾ ਗਿਆ ਕਿ ਉਹ 400 ਰੁਪਏ ‘ਚ ਬੱਚਿਆਂ ਨੂੰ ਵਧੀਆ ਕੁਆਲਿਟੀ ਦੀਆਂ ਵਰਦੀਆਂ ਮੁਹੱਈਆ ਕਰਨ। ਪਿਛਲੇ ਸਾਲ ਅਧਿਆਪਕਾਂ ਨੇ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਅਤੇ ਕੁਝ ਕੁ ਰੁਪਏ ਆਪਣੇ ਕੋਲੋਂ ਪਾ ਕੇ 400 ਰੁਪਏ ‘ਚ ਵਧੀਆ ਕੁਆਲਿਟੀ ਦੀ ਵਰਦੀ ਮੁਹੱਈਆ ਕਰਵਾਈ ਸੀ ਪਰੰਤੂ ਇਸ ਸਾਲ ਜੋ ਵਰਦੀ ਭੇਜੀ ਹੈ ਇਹ 600 ਰੁਪਏ ‘ਚ ਤਿਆਰ ਹੋਈ ਹੈ ਪਰੰਤੂ ਇਸ ਦੀ ਕੁਆਲਿਟੀ 400 ਰੁਪਏ ਵਾਲੀ ਵਰਦੀ ਤੋਂ ਘੱਟ ਹੈ। ਕੁਝ ਮਾਪਿਆਂ ਨੇ ਦੱਸਿਆ ਕਿ ਇਸ ਸਾਲ ਜੋ ਬੂਟ ਦਿੱਤੇ ਗਏ ਹਨ, ਉਨ੍ਹਾਂ ਦੀ ਕੁਆਲਿਟੀ ਬਹੁਤ ਹੀ ਮਾੜੀ ਹੈ ਅਤੇ ਇਹ ਮਸਾਂ ਦੋ ਮਹੀਨੇ ਹੀ ਚੱਲਣਗੇ। ਜਦੋਂ ਕਿ ਪਿਛਲੇ ਸਾਲ ਵਾਲੇ ਬੂਟ ਬੱਚਿਆਂ ਦੇ ਅਜੇ ਵੀ ਪਾਏ ਹੋਏ ਸਨ।

ਦੱਸਣਯੋਗ ਹੈ ਕਿ ਕਈ ਸਕੂਲਾਂ ਦੇ ਅਧਿਆਪਕ ਵੀ ਇਸ ਗੱਲ ਤੋਂ ਕੰਨੀ ਕਤਰਾ ਰਹੇ ਸਨ ਕਿ ਸਾਡੇ ਸਕੂਲ ਦੀ ਵਰਦੀਆਂ ਦੀ ਖਬਰ ਨਾ ਲਗਾਈ ਜਾਵੇ, ਜਦੋਂ ਕਿ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਕਰੀਬ ਹਰ ਇੱਕ ਸਕੂਲ ‘ਚ ਵਰਦੀਆਂ ਦੀ ਵੰਡ ਸਕੂਲ ਕਮੇਟੀ ਅਤੇ ਪਿੰਡ ਦੇ ਸਰਪੰਚ ਦੀ ਹਾਜ਼ਰੀ ‘ਚ ਕੀਤੀ ਗਈ ਪਰੰਤੂ ਇਸ ਵਾਰ ‘ਚੋਰ ਦੀ ਦਾੜ੍ਹੀ ‘ਚ ਤਿਣਕਾ’ ਦੀ ਕਹਾਵਤ ਵਾਂਗ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਰਦੀਆਂ ਦੀ ਵੰਡ ਚੁੱਪ ਚਪੀਤੇ ਹੀ ਕਰ ਦਿੱਤੀ ਗਈ।

ਗਰੀਬਾਂ ਦੇ ਬੱਚਿਆਂ ਨਾਲ ਕੋਝਾ ਮਜ਼ਾਕ

ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਜਿਲ੍ਹਾ ਫਰੀਦਕੋਟ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਬਾਠ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਦਬੜੀਖਾਨਾ ‘ਚੋਂ ਜਿਨ੍ਹਾਂ ਬੱਚਿਆਂ ਨੂੰ ਵਰਦੀਆਂ ਮਿਲੀਆਂ ਸਨ, ਉਨ੍ਹਾਂ ਦੀਆਂ ਵਰਦੀਆਂ ਛੋਟੀਆਂ-ਵੱਡੀਆਂ ਸਨ। ਬੂਟ ਵੀ ਕਿਸੇ ਬੱਚੇ ਦੇ ਸਹੀ ਢੰਗ ਨਾਲ ਪੈਰਾਂ ‘ਚ ਨਹੀਂ ਪਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਗਰੀਬ ਬੱਚਿਆਂ ਨੂੰ ਸਿਆਲਾਂ ਵਾਲੀਆਂ ਵਰਦੀਆਂ ਗਰਮੀਆਂ ‘ਚ ਦੇ ਕੇ ਗਰੀਬਾਂ ਦੇ ਬੱਚਿਆਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਦੋ ਸਾਲ ਹੋ ਗਏ ਬਣੇ ਪਰੰਤੂ ਅਜੇ ਤੱਕ ਕਿਸੇ ਵੀ ਬੱਚੇ ਦਾ ਵਜੀਫਾ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।

ਜਦ ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਬਲਜੀਤ ਕੌਰ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮੀਟਿੰਗ ‘ਚ ਹਨ ਤੇ ਇਹ ਕਹਿ ਕੇ ਉਨ੍ਹਾਂ ਫੋਨ ਕੱਟ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।