ਬਚਪਨ ਤੇ ਅਖ਼ੀਰੀ ਉਮਰ ਦਾ ਬਚਪਨ

Childhood

ਬਚਪਨ ਤੇ ਅਖ਼ੀਰੀ ਉਮਰ ਦਾ ਬਚਪਨ

ਬਚਪਨ ਦੀ ਬੇਫ਼ਿਕਰੀ ਤੇ ਅਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ। ਬਚਪਨ ਉਸ ਜ਼ਰਖ਼ੇਜ਼ ਜ਼ਮੀਨ ਵਾਂਗ ਹੁੰਦਾ ਹੈ ਜਿਸ ਵਿੱਚ ਬਾਰਾਂ-ਮਾਸੇ ਸਦਾਬਹਾਰ ਫੁੱਲ ਖਿੜਦੇ ਹਨ। ਬਚਪਨ ਵਿੱਚ ਹਰ ਸ਼ੈਅ ਖਿਡੌਣਾ ਜਾਪਦੀ ਹੈ। ਬਚਪਨ ਜਾਤ-ਪਾਤ, ਰੀਤੀ-ਰਿਵਾਜ਼ਾਂ ਦੇ ਪਿੰਜਰਿਆਂ ਤੋਂ ਆਜ਼ਾਦ ਹੁੰਦਾ ਹੈ। ਇਸ ਉਮਰ ਵਿੱਚ ਪੰਛੀਆਂ ਸੰਗ ਪਰਵਾਜ਼ ਭਰਨ ਦੀ ਰੀਝ ਅਤੇ ਪਰੀ ਲੋਕ ਦੇ ਸੋਨਮਈ ਸੁਪਨੇ ਬਾਲ ਮਨਾਂ ਵਿੱਚ ਉਮੜਦੇ ਹਨ।

ਬਚਪਨ ਦੀ ਅਉਧ ਵੈਰ-ਵਿਰੋਧ ਤੇ ਈਰਖਾ ਤੋਂ ਮੁਕਤ ਮਸਤ-ਮੌਲੀ ਹੁੰਦੀ ਹੈ। ਜਿਸ ਤਰ੍ਹਾਂ ਖਾਲੀ ਕਮਰੇ ਵਿੱਚੋਂ ਗੂੰਜ ਆਉਂਦੀ ਹੈ, ਠੀਕ ਉਸੇ ਤਰ੍ਹਾਂ ਬਚਪਨ ਵਿੱਚੋਂ ਵੀ ਖ਼ੁਸ਼ੀ ਦੀ ਸੱਚੀ ਗੂੰਜ ਸੁਣਾਈ ਦਿੰਦੀ ਹੈ ਪਰ ਅਖੌਤੀ ਮਨੁੱਖ, ਜੀਵਨ ਰੂਪੀ ਕਮਰੇ ਵਿੱਚ ਕਬੀਲਦਾਰੀਆਂ ਦਾ ਅਜਿਹਾ ਸਾਮਾਨ ਢੋਂਹਦਾ ਹੈ ਕਿ ਇਹ ਗੂੰਜ ਮੁੜ ਸੁਣਾਈ ਨਹੀਂ ਦਿੰਦੀ।

ਬਚਪਨ ਦਾ ਜੋ ਮੌਜ-ਮਸਤੀ ਭਰਿਆ ਅਹਿਸਾਸ ਇੱਕ ਰਾਜੇ-ਮਹਾਰਾਜੇ ਦੇ ਬੱਚੇ ਨੂੰ ਹੁੰਦਾ ਹੈ, ਉਹੀ ਮਸਤੀ ਤੇ ਅਨੰਦ ਇੱਕ ਭਿਖਾਰੀ ਦਾ ਬੱਚਾ ਵੀ ਬਚਪਨ ਵਿੱਚੋਂ ਮਾਣਦਾ ਹੈ। ਬਚਪਨ ਵਿੱਚ ਮਾਣੀਆਂ ਮੌਜਾਂ ਸਾਰੀ ਉਮਰ ਯਾਦ ਰਹਿੰਦੀਆਂ ਹਨ। ਕੋਈ ਜ਼ਰੂਰੀ ਨਹੀਂ ਕਿ ਮਹਿੰਗੇ ਖਿਡੌਣੇ ਹੀ ਬੱਚਿਆਂ ਨੂੰ ਖ਼ੁਸ਼ੀ ਦੇਣ ਬਲਕਿ ਬੱਚੇ ਤੀਲੇ, ਡੱਕਿਆਂ, ਨਮੋਲੀਆਂ, ਕਾਗਜ਼ ਦੀਆਂ ਕਿਸ਼ਤੀਆਂ, ਗਿੱਲੀ ਮਿੱਟੀ ਵਰਗੀਆਂ ਅਤਿ ਸਾਧਾਰਨ ਵਸਤਾਂ ਵਿੱਚੋਂ ਵੀ ਸੱਚੀ ਸੰਤੁਸ਼ਟੀ ਲੱਭ ਲੈਂਦੇ ਹਨ।

ਤਿਤਲੀਆਂ ਮਗਰ ਭੱਜ ਰਿਹਾ ਬਚਪਨ ਕੁਦਰਤ ਦੀ ਗੋਦ ਮਾਣਦਾ ਤੋਤਲੀ ਆਵਾਜ਼ ਵਿੱਚ ਉਸ ਕਾਦਰ ਦਾ ਗੁਣਗਾਣ ਕਰ ਰਿਹਾ ਪ੍ਰਤੀਤ ਹੁੰਦਾ ਹੈ। ਪਰ ਇਸ ਦੇ ਉਲਟ ਜਦੋਂ ਵਿਅਕਤੀ ਆਪਣੇ ਬਚਪਨ, ਜਵਾਨੀ ਦਾ ਪੜਾਅ ਪੂਰਾ ਕਰਕੇ ਬੁਢਾਪੇ ਵਿੱਚ ਪ੍ਰਵੇਸ਼ ਕਰਦਾ ਹੈ। ਉਸ ਵਿੱਚ ਫਿਰ ਉਹੀ ਬਚਪਨ ਵਾਲੀਆਂ ਆਦਤਾਂ ਆਉਣ ਲੱਗ ਜਾਂਦੀਆਂ ਹਨ। ਪਰ ਉਮਰ ਦੇ ਇਸ ਪੜਾਅ ਵਿੱਚ ਵਿਅਕਤੀ ਦਾ ਦਿਲ ਤੇ ਆਤਮਾ ਬਚਪਨ ਵਰਗੀ ਹੋ ਜਾਂਦੀ ਹੈ ਪਰ ਉਸ ਵਿੱਚ ਇੱਕ ਝਿਜਕ ਤੇ ਸ਼ਰਮ ਆ ਜਾਂਦੀ ਹੈ, ਵਿਅਕਤੀ ਇਹ ਸੋਚਣ ਲੱਗ ਜਾਂਦਾ ਹੈ ਜੇ ਮੈਂ ਇਹ ਕੀਤਾ ਤਾਂ ਮੈਨੂੰ ਲੋਕ ਕੀ ਕਹਿਣਗੇ।

ਉਮਰ ਦੇ ਇਸ ਪੜਾਅ ਵਿੱਚ ਹਰ ਵਿਅਕਤੀ ਖੁੱਲ੍ਹ ਕੇ ਬਚਪਨ ਵਾਂਗ ਬੇਫਿਕਰ ਹੋਣਾ ਚਾਹੁੰਦਾ ਹੈ, ਹਰ ਨਿੱਕੀ-ਨਿੱਕੀ ਗੱਲ ’ਤੇ ਜਿੱਦ ਕਰਨਾ ਚਾਹੁੰਦਾ ਹੈ, ਆਪਣੇ ਪਸੰਦ ਦਾ ਖਾਣਾ ਚਾਹੁੰਦਾ ਹੈ, ਪਰ ਉਹ ਕਈ ਵਾਰ ਲੋਕਾਂ ਤੋਂ ਝਿਜਕ ਜਾਂਦਾ ਹੈ ਤੇ ਕਈ ਵਾਰ ਉਸ ਦੇ ਬੱਚੇ ਉਸ ਨੂੰ ਰੋਕਦੇ ਹਨ ਤੇ ਕਹਿੰਦੇ ਹਨ ਕਿ ਇਹ ਕੀ ਬੱਚਿਆਂ ਵਾਲੀਆਂ ਆਦਤਾਂ ਫੜੀਆਂ ਹਨ। ਤੁਹਾਡੀ ਉਮਰ ਪੂਜਾ -ਪਾਠ ਦੀ ਹੈ ਤੇ ਤੁਸੀਂ ਇਹ ਹਰਕਤਾਂ ਕਰਦੇ ਹੋ।

ਜਿਵੇਂ ਬਚਪਨ ਵਿੱਚ ਆਪਣੇ-ਆਪ ’ਤੇ ਕੰਟਰੋਲ ਨਹੀਂ ਹੁੰਦਾ ਪਿਸ਼ਾਬ ਤੇ ਲੈਟਰੀਨ ਬੱਚਾ ਆਪਣੇ ਕੱਪੜਿਆਂ ਵਿੱਚ ਕਰ ਦਿੰਦਾ ਹੈ, ਇਸੇ ਤਰ੍ਹਾਂ ਵੱਡੀ ਉਮਰ ਵਿੱਚ ਵੀ ਸਰੀਰਕ ਕਮਜ਼ੋਰੀ ਕਰਕੇ ਕੰਟਰੋਲ ਨਹੀਂ ਰਹਿੰਦਾ ਕਈ ਵਾਰ ਵਿਅਕਤੀ ਆਪਣੇ ਮੰਜੇ ’ਤੇ ਕਰ ਦਿੰਦਾ। ਉਸ ਸਮੇਂ ਉਸ ਵਿਅਕਤੀ ਦੇ ਬੱਚੇ, ਰਿਸ਼ਤੇਦਾਰ, ਆਂਢ-ਗੁਆਂਢ ਉਸ ਦਾ ਮਜ਼ਾਕ ਬਣਾਉਂਦੇ ਹਨ, ਜਦੋਂਕਿ ਉਹ ਆਪ ਹੀ ਸ਼ਰਮਿੰਦਾ ਹੋ ਰਿਹਾ ਹੁੰਦਾ ਹੈ।
ਪਰ ਸਾਡਾ ਇਹ ਕਰਨਾ ਕਿੰਨਾ ਕੁ ਸਹੀ ਹੈ, ਇਹ ਸੋਚਣ ਵਾਲੀ ਗੱਲ ਹੈ,

ਕਿਉਂ ਅਸੀਂ ਵੱਡੀ ਉਮਰ ਵਾਲੇ ਵਿਅਕਤੀ ਨੂੰ ਸਮਾਜ, ਇੱਜਤ ਦਾ ਵਾਸਤਾ ਦੇ ਕੇ ਉਸ ਨੂੰ ਸ਼ਰਮਿੰਦਾ ਕਰਦੇ ਹਾਂ, ਕਿਉਂ ਨਹੀਂ ਅਸੀਂ ਸਮਝਦੇ ਕਿ ਉਸ ਨੂੰ ਸਾਡੇ ਪਿਆਰ ਦੀ ਲੋੜ ਹੈ, ਵਧਦੀ ਉਮਰ ਦੇ ਵਿਅਕਤੀ ਨੂੰ ਖੁੱਲ੍ਹ ਕੇ ਜੀਉਣ ਦਾ ਹੱਕ ਦਿਓ। ਉਨ੍ਹਾਂ ਨੂੰ ਬੋਝ ਨਾ ਸਮਝੋ। ਸਮੇਂ ਦੇ ਨਾਲ-ਨਾਲ ਹਰ ਇੱਕ ਦੀ ਜਿੰਦਗੀ ਦਾ ਇਹ ਪੜਾਅ ਆਉਂਦਾ ਤੇ ਬੰਦਾ ਇਹ ਭੁੱਲ ਜਾਂਦਾ ਹੈ ਕਿ ਉਹ ਸਦਾ ਇਸੇ ਤਰ੍ਹਾਂ ਨਹੀਂ ਰਹੇਗਾ।

ਵਧਦੀ ਉਮਰ ਦੇ ਨਾਲ-ਨਾਲ ਇਸ ਨੂੰ ਅਸੀਂ ਬਚਪਨੀ ਆਦਤਾਂ ਕਹਿ ਸਕਦੇ ਹਾਂ ਪਰ ਅਕਸਰ ਇਨਸਾਨ ਆਪਣੇ ਜਨਮ ਤੋਂ ਲੈ ਕੇ ਬਚਪਨ, ਜਵਾਨੀ ਤੇ ਅਖੀਰ ਆਪਣੇ ਬੁਢਾਪੇ ਤੱਕ ਪਹੁੰਚਦਾ ਹੈ। ਬਚਪਨ ਤੋਂ ਲੈ ਕੇ ਜਿੰਦਗੀ ਦੇ ਸਫਰ ਨੂੰ ਤੈਅ ਕਰਦਿਆਂ ਉਸ ਨੇ ਹਰੇਕ ਰੰਗ ਦੇਖਿਆ ਹੁੰਦਾ ਹੈ ਕਿਵੇਂ ਬਚਪਨ ਵਿੱਚ ਬੇਫਿਕਰੀ ਤੇ ਜਵਾਨੀ ਵਿੱਚ ਪੈਸੇ ਦੀ ਲੋੜ ਤੇ ਸੁਪਨਿਆਂ ਮਗਰ ਦੌੜਦਾ-ਦੌੜਦਾ ਆਪਣੇ ਜੀਵਨ ਦੇ ਗਲ਼ ਪਏ ਰਿਸ਼ਤਿਆਂ ਨੂੰ ਨਿਭਾਉਂਦੇ ਹੋਏ ਅਖੀਰ ਬੁਢਾਪੇ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ।

ਬੁਢਾਪੇ ਦੀ ਅਵਸਥਾ ਵਿੱਚ ਪਹੁੰਚਣ ਬਾਅਦ ਉਹ ਜ਼ਿੰਦਗੀ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਅਖੀਰ ਇਸ ਪੜਾਅ ’ਤੇ ਬਹੁਤੇ ਆਪਣੀ ਮਾਨਸਿਕ ਅਵਸਥਾ ਨੂੰ ਗੁਆ ਬੈਠਦੇ ਹਨ ਤੇ ਬਹੁਤੇ ਇਸ ਅਵਸਥਾ ਵਿੱਚ ਧਾਰਮਿਕਤਾ ਨਾਲ ਜੁੜ ਜਾਂਦੇ ਹਨ। ਅਖੀਰ ਇਨਸਾਨ ਦਾ ਇਹ ਅਖੀਰਲਾ ਪੜਾਅ ਬਚਪਨ ਵਾਂਗ ਹੀ ਹੁੰਦਾ, ਉਹ ਅਕਸਰ ਆਪਣੀ ਜ਼ਿੰਦਗੀ ਦੇ ਇਨ੍ਹਾਂ ਸਭ ਪੜਾਵਾਂ ਤੋਂ ਉੱਪਰ ਬਚਪਨ ਦੇ ਬੇਫਿਕਰੀ ਵਾਲੇ ਪਲਾਂ ਨੂੰ ਜ਼ਿਆਦਾ ਯਾਦ ਕਰਦਾ, ਤਾਂ ਹੀ ਉਹ ਆਪਣੇ ਬੁਢਾਪੇ ਵਿੱਚ ਆਪਣੇ ਪੋਤਰੇ-ਪੋਤਰੀਆਂ ਨਾਲ ਜ਼ਿਆਦਾ ਸਮਾਂ ਬਤੀਤ ਕਰਦਾ ਹੈ।
ਜੱਬੋਵਾਲ,
ਸ਼ਹੀਦ ਭਗਤ ਸਿੰਘ ਨਗਰ।
ਰਵਨਜੋਤ ਕੌਰ ਸਿੱਧੂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ