ਖਾਲੀ ਪਲਾਟ ’ਚੋਂ ਮਿਲੀ ਲਾਸ਼ ਦੇ ਮਾਮਲੇ ’ਚ ਪੁਲਿਸ ਵੱਲੋਂ 7 ਵਿਰੁੱਧ ਮਾਮਲਾ ਦਰਜ਼

Cash Recovered

ਲੁਧਿਆਣਾ (ਸੱਚ ਕਹੂੰ ਨਿਊਜ਼)। ਲੰਘੇ ਕੱਲ ਧਾਂਦਰਾ ਰੋਡ ਤੋਂ ਮਿਲੀ ਇੱਕ ਨੌਜਵਾਨ ਦੀ ਲਾਸ਼ ਦੇ ਮਾਮਲੇ ’ਚ ਪੁਲਿਸ (Police) ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ 7 ਜਣਿਆਂ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਨਾਂ ਦੇ ਪੁੱਤਰ ਨੂੰ ਉਸਦੇ ਸਾਥੀਆਂ ਨੇ ਹੀ ਕੋਈ ਨਸ਼ੀਲੀ ਚੀਜ ਪਿਲਾਈ ਹੈ, ਜਿਸ ਕਾਰਨ ਉਸਦੀ ਮੌਤ ਹੋ ਗਈ।

ਪੁਲਿਸ (Police) ਨੂੰ ਦਿੱਤੀ ਸ਼ਿਕਾਇਤ ’ਚ ਮਿ੍ਰਤਕ ਦੀ ਮਾਂ ਜਸਪਾਲ ਕੌਰ ਪਤਨੀ ਕਿ੍ਰਸ਼ਨ ਸਿੰਘ ਵਾਸੀ ਦੋ ਸੌ ਫੁੱਟੀ ਰੋਡ ਸ਼ਹੀਦ ਭਗਤ ਸਿੰਘ ਨਗਰ ਧਾਂਦਰਾ ਰੋਡ ਨੇ ਦੱਸਿਆ ਕਿ ਉਸਦਾ ਲੜਕਾ ਮੋਨੂੰ ਸਿੰਘ ਕੁੱਝ ਸਮੇਂ ਤੋਂ ਨਸ਼ਾ ਛੱਡਣ ਦੀ ਦਵਾਈ ਖਾ ਰਿਹਾ ਸੀ। ਉਨਾਂ ਦੱਸਿਆ ਕਿ 17 ਮਈ ਨੂੰ ਮੋਨੂੰ ਆਪਣੇ ਘਰ ਹੀ ਸੀ ਕਿ ਸੁਖਵਿੰਦਰ ਸਿੰਘ ਜੋ ਨਸ਼ੇ ਕਰਨ ਦਾ ਆਦੀ ਹੈ, ਰਾਤ ਨੂੰ 12 ਵਜੇ ਦੇ ਕਰੀਬ ਆਪਣੇ ਨਾਲ ਲੈ ਗਿਆ। ਉਨਾਂ ਅੱਗੇ ਕਿਹਾ ਕਿ ਉਨਾਂ ਦੇ ਲੜਕੇ ਮੋਨੂੰ ਨੂੰ ਸੁਖਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੋਈ ਜ਼ਹਿਰੀਲੀ ਚੀਜ ਪਿਲਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਖੁਸ਼ਖਬਰੀ : ਸਕੂਲਾਂ ’ਚ ਛੁੱਟੀਆਂ ਦਾ ਐਲਾਨ, ਐਨੇ ਦਿਨ ਬੰਦ ਰਹਿਣਗੇ ਸਕੂਲ

ਉਨਾਂ ਦੱਸਿਆ ਕਿ ਉਨਾਂ ਨੂੰ ਮੋਨੂੰ ਸਿੰਘ ਦੀ ਲਾਸ਼ ਧਾਂਦਰਾ ਰੋਡ ਤੋਂ ਅਗਲੀ ਸਵੇਰ ਮਿਲੀ, ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਥਾਣਾ ਸਦਰ ਲੁਧਿਆਣਾ ਦੇ ਐਸਆਈ ਹਰਮੇਸ਼ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਿ੍ਰਤਕ ਦੀ ਮਾਤਾ ਜਸਪਾਲ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਧਾਂਦਰਾ ਸਮੇਤ ਰਜੇਸ਼ ਕੁਮਾਰ, ਪਾਰਸ ਸਾਹਨੀ, ਆਕਾਸ਼, ਰਾਜਨ, ਗੁਰਪ੍ਰੀਤ ਸਿੰਘ, ਬਬਲੂ ਵਾਸੀਆਨ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਰੁੱਧ 304 ਆਈਪੀਸੀ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਉਨਾਂ ਦੱਸਿਆ ਕਿ ਮਾਮਲੇ ’ਚ ਹਾਲੇ ਤੱਕ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਹੋਈ ਹੈ।