ਬੀਬੀ ਰਾਜਿੰਦਰ ਕੌਰ ਭੱਠਲ ਨੂੰ ਲੋਕਾਂ ਵੱਲੋਂ ਸਵਾਲਾਂ ਦੀ ਝੜੀ

Rajinder Kaur Bhattal Sachkahoon, Rajinder Kaur Bhattal

ਕਿੱਧਰ ਗਏ ਸਰਕਾਰ ਦੇ ਨੌਕਰੀਆਂ, ਪਲਾਟ ਦੇਣ ਦੇ ਵਾਅਦੇ?

ਸਾਰਿਆਂ ਨੂੰ ਤਾਂ ਬਾਬਾ ਨਾਨਕ ਵੀ ਖੁਸ਼ ਨਹੀਂ ਕਰ ਸਕਿਆ, ਅਸੀਂ ਤਾਂ ਫੇਰ ਵੀ ਬੰਦੇ ਹਾਂ : ਬੀਬੀ ਭੱਠਲ

(ਗੁਰਪ੍ਰੀਤ ਸਿੰਘ) ਸੰਗਰੂਰ। ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਸੇਖੂਵਾਸ ਵਿਖੇ ਹਲਕੇ ਦੀ ਸਾਬਕਾ ਵਿਧਾਇਕਾ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਉਸ ਸਮੇਂ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣੇ ਪੈ ਗਏ ਜਦੋਂ ਉਹ ਹਲਕੇ ਵਿੱਚ ਦੌਰੇ ਤੇ ਆਏ ਹੋਏ ਸਨ ਪਿੰਡ ਵਾਸੀਆਂ ਨੇ ਲਗਾਤਾਰ ਕਾਫ਼ੀ ਸਮਾਂ ਬੀਬੀ ਭੱਠਲ ਨਾਲ ਸਵਾਲ ਜਵਾਬ ਕੀਤੇ ਤੇ ਬੀਬੀ ਭੱਠਲ ਨੇ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਤੇ ਅੱਧੇ ਸਵਾਲਾਂ ਤੇ ਆਪਣੀ ਤੇ ਆਪਣੀ ਸਰਕਾਰ ਦੀ ਅਸਮਰਥਤਾ ਦਿਖਾਈ।

ਪਿੰਡ ਸੇਖੂਵਾਸ ਵਿਖੇ ਪੁੱਜੇ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਲੋਕਾਂ ਨੇ ਸਿੱਧੇ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਅਤੇ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ, ਇਹ ਐਲਾਨ ਕਿੱਥੇ ਗਏ ਲੋਕਾਂ ਨੇ ਇੱਕ ਹੋਰ ਸਵਾਲ ਕੀਤਾ ਕਿ ਚੰਨੀ ਸਰਕਾਰ ਵੱਲੋਂ ਜਿਹੜੇ ਸਸਤੇ ਰੇਤੇ ਦੇ ਗੁਣਗਾਨ ਕੀਤੇ ਜਾ ਰਹੇ ਹਨ, ਉਹ ਕਿੱਥੋਂ ਮਿਲ ਰਿਹਾ ਹੈ, ਲੋਕ ਹਾਲੇ ਤੱਕ ਮਹਿੰਗੇ ਭਾਅ ’ਤੇ ਰੇਤਾ ਖਰੀਦਣ ਲਈ ਮਜ਼ਬੂਰ ਹਨ ਜਿਸ ’ਤੇ ਬੀਬੀ ਭੱਠਲ ਨੇ ਕਿਹਾ ਕਿ ਸਾਨੂੰ ਵੀ ਪਤਾ ਹੈ ਕਿ ਅਸੀਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੇ ਕਿਉਂਕਿ ਚੰਨੀ ਤੋਂ ਪਹਿਲਾਂ ਜਿਹੜੀ ਸਾਡੀ ਸਰਕਾਰ ਚੱਲ ਰਹੀ ਸੀ, ਉਹਦਾ ਧਿਆਨ ਵਿਕਾਸ ਕੰਮਾਂ ਵੱਲ ਉੱਕਾ ਹੀ ਨਹੀਂ ਸੀ ਉਨ੍ਹਾਂ ਆਪਣੇ ਪੁਰਾਣੇ ਦਿਨ ਯਾਦ ਕਰਦਿਆਂ ਕਿਹਾ ਕਿ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਮੈਂ ਆਪਣੇ ਦਮ ਤੇ ਕਿਸਾਨਾਂ ਦਾ 52 ਹਜ਼ਾਰ ਕਰੋੜ ਰੁਪਏ ਮੁਆਫ਼ ਕਰਵਾਇਆ ਸੀ, ਅੱਜ ਕੇਜਰੀਵਾਲ ਤੇ ਢੀਂਡਸਾ ਦੱਸਣ ਕਿ ਉਨ੍ਹਾਂ ਨੇ ਹਲਕੇ ਦੇ ਲੋਕਾਂ ਲਈ ਕੀ ਕੀਤਾ।

ਫਿਰ ਲੋਕਾਂ ਨੇ ਬੀਬੀ ਭੱਠਲ ਨੂੰ ਇਹ ਵੀ ਸਵਾਲ ਕੀਤਾ ਕਿ ਸੰਗਰੂਰ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਪਿਛਲੇ ਦਸ ਦਿਨਾਂ ਤੋਂ ਧਰਨੇ ’ਤੇ ਬੈਠੇ ਹਨ, ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਮੰਗ ਮੰਨੀ ਨਹੀਂ ਜਾ ਰਹੀ ਉਨ੍ਹਾਂ ਕਿਹਾ ਕਿ ਸਰਕਾਰ ਖਰਾਬ ਹੋਏ ਨਰਮੇ ਦਾ ਮਹਿਜ਼ 8 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਲਈ ਤਿਆਰ ਹੈ, ਇਸ ਤੋਂ ਇਲਾਵਾ ਅਧਿਆਪਕਾਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀ ਦੇ ਖਿਲਾਫ਼ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।

ਬੀਬੀ ਭੱਠਲ ਨੇ ਜਵਾਬ ਦਿੰਦਿਆਂ ਕਿਹਾ ਕਿ ਚੋਣ ਮੈਨੀਫੈਸਟੋ ਵਿੱਚ ਸਰਕਾਰ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਸੌ ਫੀਸਦੀ ਪੂਰਾ ਨਹੀਂ ਕੀਤਾ ਗਿਆ ਉਨ੍ਹਾਂ ਨੇ ਸਵਾਲ ਕਰਨ ਵਾਲਿਆਂ ਨੂੰ ਕਿਹਾ ਕਿ ਤੁਸੀਂ ਮੈਥੋਂ ਤਾਂ ਸਵਾਲ ਕਰੀ ਜਾਨੇ ਹੋ, ਕਦੇ ਕੇਜਰੀਵਾਲ ਨੂੰ ਇਹ ਸਵਾਲ ਕੀਤਾ ਕਿ ਉਸ ਨੇ ਸਭ ਤੋਂ ਪਹਿਲਾਂ ਦਿੱਲੀ ਵਿੱਚ ਕਿਸਾਨ ਵਿਰੋਧੀ ਕਾਲੇ ਕਾਨੂੰਨ ਕਿਉਂ ਲਾਗੂ ਕੀਤੇ ਸਨ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਢੀਂਡਸਾ ਪਦਮ ਸ੍ਰੀ ਲੈਣ ਸਮੇਂ ਹੀ ਭਾਜਪਾ ਨੂੰ ਸਾਈ ਫੜਾ ਕੇ ਆਇਆ ਸੀ, ਅੱਜ ਉਨ੍ਹਾਂ ਦੀ ਗੱਲ ਸੱਚ ਸਾਬਤ ਹੋ ਗਈ ਉਨ੍ਹਾਂ ਕਿਹਾ ਕਿ ਜਿਹੜੀ ਭਾਜਪਾ ਨੇ ਕਿਸਾਨਾਂ ਨੂੰ ਸਾਲ ਭਰ ਬਾਰਡਰਾਂ ਤੇ ਤਪਾਈ ਰੱਖਿਆ, ਅੱਜ ਢੀਂਡਸਾ ਨੇ ਸਿਆਸਤ ਲਈ ਉਸ ਭਾਜਪਾ ਨਾਲ ਹੱਥ ਮਿਲਾ ਲਿਆ ਉਨ੍ਹਾਂ ਲੋਕਾਂ ਨੂੰ ਜਵਾਬ ਦਿੰਦਿਆਂ ਇਹ ਵੀ ਆਖ਼ ਦਿੱਤਾ ਕਿ ਸਾਰੇ ਲੋਕਾਂ ਨੂੰ ਤਾਂ ਬਾਬਾ ਨਾਨਕ ਵੀ ਨਹੀਂ ਸੀ ਖੁਸ਼ ਕਰ ਸਕਿਆ, ਉਹ ਤਾਂ ਫਿਰ ਵੀ ਬੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ