ਬਾਲ ਕਹਾਣੀ: ਸਕੀ ਭੈਣ ਵਰਗੀ 

ਸਵੇਰ ਹੁੰਦੇ ਸਾਰ ਹੀ ਇੱਕ ਨਿੱਕੀ ਭੂਰੀ ਚਿੜੀ ਆਪਣੇ ਬੱਚਿਆਂ ਲਈ ਦਾਣਾ ਇਕੱਠਾ ਕਰਨ ਲਈ ਆਪਣੇ ਆਲ੍ਹਣੇ ਤੋਂ ਦੂਰ ਚਲੀ ਗਈ। ਉਸ ਦੇ ਦੋਵੇਂ ਬੱਚੇ ਅਜੇ ਆਂਡਿਆਂ ਵਿਚੋਂ ਨਿੱਕਲੇ ਹੀ ਸਨ। ਅਸਮਾਨ ਵਿੱਚ ਬੱਦਲ ਛਾਏ ਹੋਣ ਕਰਕੇ ਭੂਰੀ ਚਿੜੀ ਬੜੀ ਸਹਿਮੀ ਹੋਈ ਸੀ। ਭਾਵੇਂ ਉਸ ਨੇ ਆਪਣੇ ਆਲ੍ਹਣੇ ਦੇ ਉੱਪਰ ਵੱਡੇ-ਵੱਡੇ ਪੱਤੇ ਰੱਖ ਦਿੱਤੇ ਸਨ ਤਾਂ ਕਿ ਮੀਂਹ ਜਾਂ ਹਨ੍ਹੇਰੀ ਦਾ ਅਸਰ ਨਿੱਕੇ ਬੱਚਿਆਂ ’ਤੇ ਨਾ ਪਵੇ। ਉਸ ਨੇ ਦਾਣਿਆਂ ਦੀ ਬਹੁਤ ਖੋਜ ਕੀਤੀ ਪਰ ਕਿਤੇ ਵੀ ਕੁਝ ਖਾਣ ਨੂੰ ਨਾ ਮਿਲਿਆ।

ਬਾਲ ਕਹਾਣੀ: ਸਕੀ ਭੈਣ ਵਰਗੀ

ਰਸਤੇ ਵਿੱਚੋਂ ਪਾਣੀ ਦੀ ਇੱਕ ਨਿੱਕੀ ਕੱਸੀ ਵਿੱਚੋਂ ਪਾਣੀ ਨਾਲ਼ ਢਿੱਡ ਭਰ ਕੇ ਉਹ ਫਿਰ ਅੱਗੇ ਉੱਡਣ ਲੱਗੀ ਅੰਤ ਉਸ ਨੂੰ ਬਹੁਤ ਸਾਰੇ ਦਾਣੇ ਨਜ਼ਰ ਆਏ। ਉਸ ਨੇ ਪਹਿਲਾਂ ਖੁਦ ਪੇਟ ਭਰ ਕੇ ਦਾਣੇ ਖਾਧੇ ਫਿਰ ਆਪਣੇ ਨਿੱਕੇ-ਨਿੱਕੇ ਬੱਚਿਆਂ ਲਈ ਬਹੁਤ ਸਾਰੇ ਦਾਣੇ ਇਕੱਠੇ ਕਰ ਲਏ। ਉਹ ਉੱਡਣ ਹੀ ਵਾਲੀ ਸੀ ਕਿ ਬਹੁਤ ਜ਼ੋਰ ਦੀ ਮੀਂਹ ਤੇ ਹਨ੍ਹੇਰੀ ਆ ਗਿਆ। ਉਸ ਨੇ ਨੇੜੇ ਦੇ ਇੱਕ ਰੁੱਖ ਦਾ ਸਹਾਰਾ ਲਿਆ ਅਤੇ ਉਹ ਮੀਂਹ ਰੁਕਣ ਦਾ ਇੰਤਜ਼ਾਰ ਕਰਨ ਲੱਗੀ। ਹਨ੍ਹੇਰੀ ਤੇ ਮੀਂਹ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ ਸੀ।

ਸੂਰਜ ਢਲ਼ ਗਿਆ ਅੰਤ ਉਸ ਨੂੰ ਉੱਥੇ ਹੀ ਰਾਤ ਪੈ ਗਈ। ਮੌਸਮ ਦੀ ਖ਼ਰਾਬੀ ਕਰਕੇ ਤੇ ਬੱਚੇ ਇਕੱਲੇ ਹੋਣ ਕਰਕੇ ਚਿੜੀ ਬੜੀ ਫ਼ਿਕਰਮੰਦ ਸੀ। ਪਰ ਹੁਣ ਉਹ ਕਰ ਵੀ ਕੁਝ ਨਹੀਂ ਸਕਦੀ ਸੀ। ਉਹ ਰੱਬ ਨੂੰ ਪ੍ਰਾਰਥਨਾ ਕਰਨ ਲੱਗੀ, ‘‘ਹੇ ਸੱਚੇ ਪਾਤਸ਼ਾਹ! ਮੇਰੇ ਬੱਚਿਆਂ ਦੀ ਰੱਖਿਆ ਕਰਨੀ!’’ ਸਾਰੇ ਦਿਨ ਦੀ ਉਡਾਨ ਤੇ ਭੋਜਨ ਦੀ ਭਾਲ ਕਰਕੇ-ਕਰਕੇ ਥੱਕੀ ਨੂੰ ਉਸ ਨੂੰ ਗੂੜ੍ਹੀ ਨੀਂਦ ਆ ਗਈ।

ਜਦੋਂ ਸਵੇਰੇ ਉਸ ਦੀ ਨੀਂਦ ਖੁੱਲ੍ਹੀ ਤਾਂ ਮੀਂਹ ਤੇ ਹਨ੍ਹੇਰੀ ਬੰਦ ਹੋ ਚੁੱਕਾ ਸੀ। ਉਹ ਛੇਤੀ-ਛੇਤੀ ਉੱਡਦੀ ਹੋਈ ਆਪਣੇ ਬੱਚਿਆਂ ਕੋਲ਼ ਆਈ। ਪਰ ਜਦੋਂ ਉਹ ਆਪਣੇ ਆਲ੍ਹਣੇ ਵਿੱਚ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਦੋਵੇਂ ਬੱਚੇ ਅਜੇ ਸੁੱਤੇ ਪਏ ਸਨ। ਜਦੋਂ ਉਸ ਨੇ ਬੱਚਿਆਂ ਨੂੰ ਜਗਾ ਕੇ ਪੁੱਛਿਆ, ‘‘ਤੁਸੀਂ ਰਾਤ ਤੋਂ ਕੁਝ ਨਹੀਂ ਖਾਧਾ ਹੋਣਾ? ਲਓ ਬੱਚਿਓ ਪਹਿਲਾਂ ਕੁਝ ਦਾਣੇ ਖਾ ਲਓ।’’ ਪਰ ਬੱਚੇ ਕਹਿਣ ਲੱਗੇ, ‘‘ਨਹੀਂ ਮਾਂ! ਅਸੀਂ ਕੁਝ ਨਹੀਂ ਖਾਣਾ, ਅਸੀਂ ਤਾਂ ਰਾਤੀਂ ਢਿੱਡ ਭਰ ਕੇ ਦਾਣੇ ਖਾਧੇ ਸਨ।’’ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਚਿੜੀ ਬਹੁਤ ਹੈਰਾਨ ਹੋਈ। ਉਸ ਨੇ ਛੇਤੀ ਹੀ ਪੁੱਛਿਆ, ‘‘ਤਾਂ ਫਿਰ, ਤੁਹਾਨੂੰ ਖਾਣਾ ਕਿਸ ਨੇ ਦਿੱਤਾ ਸੀ ਰਾਤ?’’ ਬੱਚਿਆਂ ਨੇ ਦੱਸਿਆ ਕਿ ਆਪਣੇ ਗੁਆਂਢ ਵਿੱਚ ਰਹਿੰਦੀ ਕਾਲੀ ਚਿੜੀ ਨੇ ਸਾਨੂੰ ਰਾਤ ਰੱਜਵਾਂ ਖਾਣਾ ਦਿੱਤਾ ਸੀ।

ਉਹ ਜਲਦੀ ਗੁਆਂਢ ਵਿੱਚ ਰਹਿੰਦੀ ਕਾਲੀ ਚਿੜੀ ਕੋਲ਼ ਗਈ ਤੇ ਉਸ ਦਾ ਬਹੁਤ ਧੰਨਵਾਦ ਕੀਤਾ। ਪਰ ਕਾਲੀ ਚਿੜੀ ਬੋਲੀ, ‘‘ਭੈਣ! ਫਿਰ ਕੀ ਹੋਇਆ! ਕੱਲ੍ਹ ਜਦੋਂ ਤੇਜ਼ ਮੀਂਹ ਤੇ ਹਨ੍ਹੇਰੀ ਆਈ ਸੀ ਉਦੋਂ ਤੱਕ ਮੈਂ ਘਰ ਆ ਗਈ ਸੀ। ਮੇਰਾ ਆਲ੍ਹਣਾ ਰੁੱਖ ਦੇ ਉੱਪਰ ਵਾਲੇ ਮੁੱਢ ’ਤੇ ਹੈ। ਜਦੋਂ ਕਾਫੀ ਰਾਤ ਤੱਕ ਤੇਰੇ ਬੱਚਿਆਂ ਨੂੰ ਮੈਂ ਆਲ੍ਹਣੇ ਵਿੱਚ ਇਕੱਲੇ ਦੇਖਿਆ ਤਾਂ ਮੈਂ ਸਮਝ ਗਈ ਕਿ ਤੂੰ ਮੀਂਹ-ਹਨੇ੍ਹਰੀ ਵਿੱਚ ਕਿਤੇ ਫਸ ਗਈ ਹੋਵੇਗੀ। ਇਸ ਕਰਕੇ ਇਹ ਤਾਂ ਇੱਕ ਗੁਆਂਢੀ ਹੋਣ ਕਰਕੇ ਮੇਰਾ ਫ਼ਰਜ਼ ਸੀ।’’ ਫਿਰ ਦੋਵੇਂ ਚਿੜੀਆਂ ਆਪਸ ਵਿੱਚ ਬੜੇ ਪਿਆਰ ਨਾਲ਼ ਰਹਿਣ ਲੱਗੀਆਂ ਤੇ ਦੁੱਖ-ਸੁੱਖ ਵੇਲ਼ੇ ਇੱਕ-ਦੂਜੇ ਦੀ ਮੱਦਦ ਕਰਨ ਲੱਗੀਆਂ।

ਇਹ ਵੀ ਪੜ੍ਹੋ: ਬਾਲ ਕਹਾਣੀ: ਭੇੜੀਏ ਦੀ ਮੂਰਖ਼ਤਾ

ਇਸ ਤਰ੍ਹਾਂ ਕਈ ਹਫ਼ਤੇ ਗੁਜ਼ਰ ਗਏ। ਇੱਕ ਦਿਨ ਸ਼ਾਮ ਨੂੰ ਭੂਰੀ ਚਿੜੀ ਨੇ ਦੇਖਿਆ ਕਿ ਕਾਲੀ ਚਿੜੀ ਦਾ ਨਿੱਕਾ ਬੱਚਾ ਇਕੱਲਾ ਹੀ ਆਲ੍ਹਣੇ ਵਿੱਚ ਬੈਠਾ ਹੈ। ਉਸ ਨੇ ਸੋਚਿਆ ਕਿ ਕਾਲੀ ਚਿੜੀ ਕਿਤੇ ਦੂਰ ਦਾਣਾ ਚੁਗਣ ਚਲੀ ਗਈ ਹੋਣੀ ਏ। ਰਾਤ ਵੀ ਸ਼ੁਰੂ ਹੋ ਗਈ ਪਰ ਉਹ ਕਾਲੀ ਚਿੜੀ ਤਾਂ ਵਾਪਿਸ ਹੀ ਨਾ ਆਈ। ਭੂਰੀ ਚਿੜੀ ਨੇ ਉਸ ਦੇ ਨਿੱਕੇ ਬੱਚੇ ਨੂੰ ਆਪਣੇ ਹੀ ਆਲ੍ਹਣੇ ਵਿੱਚ ਲਿਆਂਦਾ ਤੇ ਆਪਣੇ ਦੋਵੇਂ ਬੱਚਿਆਂ ਨਾਲ਼ ਹੀ ਉਸ ਨੂੰ ਵੀ ਖਾਣ ਲਈ ਚੀਜਾਂ ਦੇਣ ਲੱਗੀ। ਦੂਜਾ ਦਿਨ ਵੀ ਸਾਰਾ ਗੁਜ਼ਰ ਗਿਆ। ਪਰ ਉਹ ਕਾਲੀ ਚਿੜੀ ਨਾ ਆਈ। ਫਿਰ ਇਸੇ ਤਰ੍ਹਾਂ ਤੀਜਾ, ਚੌਥਾ ਤੇ ਕਈ ਹਫ਼ਤੇ ਬੀਤ ਗਏ ਪਰ ਉਹ ਕਾਲੀ ਚਿੜੀ ਤਾਂ ਵਾਪਸ ਹੀ ਨਾ ਆਈ।

ਬਾਲ ਕਹਾਣੀ: ਸਕੀ ਭੈਣ ਵਰਗੀ

ਪਰ ਭੂਰੀ ਚਿੜੀ ਆਪਣੇ ਬੱਚਿਆਂ ਦੇ ਨਾਲ-ਨਾਲ, ਉਸ ਦੇ ਬੱਚੇ ਦੀ ਵੀ ਦੇਖਭਾਲ ਬਿਨਾਂ ਭੇਦ-ਭਾਵ ਕਰਨ ਲੱਗੀ। ਬੱਚੇ ਵੀ ਹੁਣ ਵੱਡੇ ਹੋਣ ਲੱਗੇ। ਕਾਲੀ ਚਿੜੀ ਦਾ ਬੱਚਾ ਤਾਂ ਹੁਣ ਆਪਣੀ ਮਾਂ ਨੂੰ ਬਿਲਕੁਲ ਹੀ ਭੁੱਲ ਚੁੱਕਾ ਸੀ। ਪਰ ਇੱਕ ਦਿਨ ਸ਼ਾਮ ਦੇ ਸਮੇਂ ਕਾਲੀ ਚਿੜੀ ਵਾਪਿਸ ਆ ਗਈ। ਜਦੋਂ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਠੀਕ-ਠਾਕ ਦੇਖਿਆ ਤਾਂ ਉਹ ਬਹੁਤ ਖ਼ੁਸ਼ ਹੋਈ। ਇਸ ਤੋਂ ਪਹਿਲਾਂ ਉਹ ਅੱਗੇ ਬੋਲਦੀ, ਭੂਰੀ ਚਿੜੀ ਕਹਿਣ ਲੱਗੀ, ‘‘ਭੈਣ ਤੂੰ ਕਿੱਥੇ ਚਲੀ ਗਈ ਸੀ?’’ ਇਹ ਸੁਣ ਕੇ ਕਾਲੀ ਚਿੜੀ ਰੋਣ ਲੱਗੀ ਤੇ ਕਹਿਣ ਲੱਗੀ, ‘‘ਕੀ ਦੱਸਾਂ ਭੈਣ! ਮੈਂ ਘਰੋਂ ਉੱਡ ਕੇ ਦਾਣਾ ਚੁੱਗਣ ਗਈ ਸੀ ਪਰ ਮੈਨੂੰ ਇੱਕ ਸ਼ਿਕਾਰੀ ਨੇ ਫੜ੍ਹ ਲਿਆ।

ਬਾਲ ਕਹਾਣੀ: ਸਕੀ ਭੈਣ ਵਰਗੀ

ਉਸ ਨੇ ਮੈਨੂੰ ਪਿੰਜਰੇ ਵਿੱਚ ਬੰਦ ਕਰਕੇ ਇੱਕ ਸੇਠ ਨੂੰ ਵੇਚ ਦਿੱਤਾ। ਪਰ ਭਲਾ ਹੋਵੇ ਸੇਠ ਦੇ ਛੋਟੇ ਪੁੱਤਰ ਦਾ ਜਿਸ ਨੇ ਮੈਨੂੰ ਪਿੰਜਰੇ ਵਿੱਚੋਂ ਕੱਢ ਕੇ ਅਜ਼ਾਦ ਕਰ ਦਿੱਤਾ।’’ ਕਾਲੀ ਚਿੜੀ ਨੇ ਭੂਰੀ ਚਿੜੀ ਨੂੰ ਕਿਹਾ ਕਿ ਤੁਸੀਂ ਅਸਲ ਵਿੱਚ ਮੇਰੇ ਸੱਚੇ ਗੁਆਂਢੀ ਹੀ ਨਹੀਂ ਸਗੋਂ ਮੇਰੀ ਸਕੀ ਭੈਣ ਹੋ। ਜੋ ਸਾਡੇ ਦੁੱਖ-ਸੁੱਖ ਵਿੱਚ ਸਾਡਾ ਸਾਥ ਦੇਵੇ ਉਹ ਹੀ ਅਸਲ ਭੈਣ-ਭਾਈ ਜਾਂ ਸੱਚਾ ਗੁਆਂਢੀ ਹੁੰਦਾ ਹੈ।

ਮਾ. ਹਰਵਿੰਦਰ ਸਿੰਘ ਪੂਹਲੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ