ਕਾਂਗਰਸ ਨੂੰ ਮਾਫ਼ੀਆ ਕਹਿਣ ਵਾਲੇ ਅਮਰਜੀਤ ਸਿੰਘ ਸੰਦੋਆ ਬਣੇ ਕਾਂਗਰਸੀ, ਛੱਡੀ ਆਪ

Amarjeet Singh, Congressman, Congress, Mafia, Congress

ਨਹੀਂ ਦਿੱਤਾ ਵਿਧਾਇਕੀ ਤੋਂ ਅਸਤੀਫ਼ਾ, ਬਣੇ ਰਹਿਣਗੇ ਵਿਧਾਇਕ

ਚੰਡੀਗੜ੍ਹ(ਅਸ਼ਵਨੀ ਚਾਵਲਾ)। ਰੂਪ ਨਗਰ ਤੋਂ ਜਿੱਤ ਕੇ ਵਿਧਾਨ ਸਭਾ ਪੁੱਜੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਮਰਿੰਦਰ ਸਿੰਘ ਦੀ ਅਗਵਾਈ ਕਬੂਲ ਲਈ ਹੈ। ਸ੍ਰ. ਸੰਦੋਆ ਨੇ ਝਾੜੂ ਦੀ ਖ਼ਿਲਾਫ਼ਤ ਕਰਦੇ ਹੋਏ ਕਾਂਗਰਸ ਦਾ ਹੱਥ ਫੜ ਲਿਆ ਹੈ।
ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਹੁਣ ਅਮਰਜੀਤ ਸਿੰਘ ਸੰਦੋਆ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਲਈ ਵੋਟਾਂ ਮੰਗਦੇ ਨਜ਼ਰ ਆਉਣਗੇ। ਇਥੇ ਖ਼ਾਸ ਗੱਲ ਇਹ ਹੈ ਕਿ ਰੂਪ ਨਗਰ ਵਿਖੇ ਹਮੇਸ਼ਾ ਹੀ ਮਾਈਨਿੰਗ ਸਬੰਧੀ ਹੰਗਾਮਾ ਕਰਨ ਦੇ ਨਾਲ ਹੀ ਕਾਂਗਰਸ ਨੂੰ ਮਾਫੀਆ ਕਹਿਣ ਵਾਲੇ ਅਮਰਜੀਤ ਸਿੰਘ ਸੰਦੋਆ ਹੁਣ ਖ਼ੁਦ ਕਾਂਗਰਸੀ ਬਣ ਗਏ ਹਨ। ਇਸ ਮੁੱਦੇ ‘ਤੇ ਅਮਰਜੀਤ ਸਿੰਘ ਸੰਧੋਆ ਨੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਪਰ ਇੰਨਾ ਜਰੂਰ ਕਿਹਾ ਕਿ ਉਨ੍ਹਾਂ ਨੇ ਆਪਣੇ ਹਲਕੇ ਦਾ ਵਿਕਾਸ ਕਰਵਾਉਣਾ ਸੀ, ਜਿਸ ਕਾਰਨ ਉਨ੍ਹਾਂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਕਬੂਲਣੀ ਪਈ ਹੈ। ਇਸ ਵਿਕਾਸ ਦੇ ਮੁੱਦੇ ਨੂੰ ਸੰਧੋਆ ਦੀ ਮਜਬੂਰੀ ਕਹੀਏ ਜਾਂ ਫਿਰ ਉਨਾਂ ਦੀ ਖ਼ੁਸ਼ੀ ਪਰ ਉਹ ਇਸ ਮੁੱਦੇ ‘ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਆਮ ਆਦਮੀ ਪਾਰਟੀ ਦਾ ਝਾੜੂ ਪਿਛਲੇ ਕੁਝ ਮਹੀਨੇ ਤੋਂ ਹੀ ਤੀਲਾ-ਤੀਲਾ ਹੁੰਦਾ ਨਜ਼ਰ ਆ ਰਿਹਾ ਹੈ। ਪਹਿਲਾਂ ਬਾਗੀ 7 ਵਿਧਾਇਕਾਂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ ਤਾਂ ਫਿਰ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਸੀ। ਉਸੇ ਕਤਾਰ ਵਿੱਚ ਹੁਣ ਸ਼ਨਿੱਚਰਵਾਰ ਨੂੰ ਅਮਰਜੀਤ ਸਿੰਘ ਸੰਧੋਆ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਹ  ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਹਮੇਸ਼ਾ ਹੀ ਕਾਂਗਰਸ ਪਾਰਟੀ ਨੂੰ ਬੁਰੀ ਤਰਾਂ ਘੇਰਦੇ ਆਏ ਹਨ। ਉਹ ਨਾਜਾਇਜ਼ ਮਾਈਨਿੰਗ ਦੇ ਮੁੱਦੇ ‘ਤੇ ਕਾਂਗਰਸ ਦੇ ਨਾਲ ਹੀ ਸਥਾਨਕ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਘੇਰਨ ਤੋਂ ਪਿੱਛੇ ਨਹੀਂ ਰਹੇ ਸਨ ਪਰ ਅਚਾਨਕ ਉਨਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ।
ਸ਼ਨਿੱਚਰਵਾਰ ਨੂੰ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਅਮਰਜੀਤ ਸਿੰਘ ਸੰਧੋਆ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੁੰਦੇ ਹੋਏ ਆਪਣੀ ਮਾਂ ਪਾਰਟੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ।
ਅਮਰਜੀਤ ਸਿੰਘ ਸੰਧੋਆ ਨੇ ਕਿਹਾ ਕਿ ਉਨਾਂ ਨੇ ਆਪਣੇ ਹਲਕੇ ਦਾ ਵਿਕਾਸ ਕਰਵਾਉਣਾ ਸੀ, ਜਿਸ ਕਾਰਨ ਉਨਾਂ ਨੂੰ ਸਰਕਾਰ ਦਾ ਹਿੱਸਾ ਬਣਨਾ ਪਿਆ ਹੈ। ਉਹ ਆਪਣਾ ਅਸਤੀਫ਼ਾ ਨਹੀਂ ਦੇਣਗੇ ਅਤੇ ਇਸੇ ਤਰਾਂ ਵਿਧਾਇਕ ਬਣੇ ਰਹਿਣਗੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੋਣ ਕਾਰਨ ਉਹ ਆਪਣੇ ਹਲਕੇ ਦਾ ਵਿਕਾਸ ਨਹੀਂ ਕਰਵਾ ਸਕੇ ਸਨ।
ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਕੁਰਸੀ ਖ਼ਤਰੇ ‘ਚ

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਪਾਰਟੀ ਨੂੰ ਛੱਡ ਕੇ ਜਾਣ ਦਾ ਨੁਕਸਾਨ ਹੁਣ ਸਿੱਧੇ ਤੌਰ ‘ਤੇ ਵਿਧਾਨ ਸਭਾ ਦੇ ਅੰਦਰ ਦਿਖਾਈ ਦੇਵੇਗਾ, ਕਿਉਂਕਿ ਵਿਧਾਨ ਸਭਾ ਦੇ ਅੰਦਰ ਆਪ ਵਿਧਾਇਕਾਂ ਦੀ ਗਿਣਤੀ ਘੱਟ ਕੇ 16 ਹੋ ਜਾਵੇਗੀ, ਜਿਥੇ ਇਨ੍ਹਾਂ ਤੋਂ ਇਲਾਵਾ 5 ਵਿਧਾਇਕ ਆਮ ਆਦਮੀ ਪਾਰਟੀ ਤੋਂ ਬਾਗੀ ਹਨ। ਜਿਸ ਕਾਰਨ ਵਿਧਾਨ ਸਭਾ ਵਿੱਚ ਪਾਰਟੀ ਦੀ ਅਗਵਾਈ ਵਾਲੇ ਵਿਧਾਇਕਾਂ ਦੀ ਗਿਣਤੀ 11 ਰਹਿ ਜਾਏਗੀ, ਜਦੋਂ ਕਿ ਅਕਾਲੀ ਦਲ ਕੋਲ ਇਸ ਸਮੇਂ ਗਿਣਤੀ 14 ਹੈ ਅਤੇ ਅਕਾਲੀ ਦਲ ਦੇ 2 ਵਿਧਾਇਕ ਲੋਕ ਸਭਾ ਦੀ ਚੋਣ ਲੜ ਰਹੇ ਹਨ, ਇਸ ਦੇ ਬਾਵਜੂਦ ਅਕਾਲੀ ਦਲ ਦੇ ਵਿਧਾਇਕਾਂ ਦੀ ਗਿਣਤੀ ਜਿਆਦਾ ਹੈ, ਜਿਸ ਕਾਰਨ ਵਿਰੋਧੀ ਧਿਰ ਦੀ ਕੁਰਸੀ ‘ਤੇ ਵੀ ਖ਼ਤਰੇ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।