ਏਅਰ ਏਸ਼ੀਆ ਵੱਲੋਂ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਉਡਾਨ ਸ਼ੁਰੂ

Air Asia, Starts, Flights, Amritsar, Kuala Lumpur

ਅੰਮ੍ਰਿਤਸਰ ਦੀ ਸੈਰ ਸਪਾਟਾ ਸਨਅਤ ਤੇ ਪੰਜਾਬੀਆਂ ਲਈ ਵਰਦਾਨ ਹੋਵੇਗੀ ਇਹ ਉਡਾਨ-ਸਿੱਧੂ

ਅੰਮ੍ਰਿਤਸਰ, (ਰਾਜਨ ਮਾਨ)। ਏਸ਼ੀਆ ਉਪ ਮਹਾਂਦੀਪ ਵਿਚ ਸਸਤੀ ਤੇ ਚੰਗੀ ਹਵਾਈ ਯਾਤਰਾ ਕਰਕੇ ਜਾਣੀ ਜਾਂਦੀ ਏਅਰ ਏਸ਼ੀਆ ਨੇ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਨਵੀਂ ਉਡਾਨ ਏਅਰ ਏਸ਼ੀਆ ਐਕਸ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਡੀ 7188 ਨਾਮ ਦਾ ਇਹ ਜਹਾਜ਼ ਕੁਆਲਾਲੰਪਰ ਤੋਂ ਚੱਲਕੇ ਆਪਣੇ ਮਿੱਥੇ ਸਮੇਂ ਤੋਂ 10 ਮਿੰਟ ਪਹਿਲਾਂ 10ਵੱਜ ਕੇ 20 ਮਿੰਟ ‘ਤੇ ਅੰਮ੍ਰਿਤਸਰ ਪੁੱਜਾ। ਵਾਪਸੀ ਤੇ ਇਹ ਉਡਾਨ ਪੌਣੇ ਬਾਰਾਂ ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 8ਵੱਜ ਕੇ 5 ਮਿੰਟ ਤੇ ਕੁਆਲਾਲੰਪਰ ਪਹੁੰਚ ਗਈ। ਆਉਣ ਤੇ ਜਾਣ ਵਾਲੀਆਂ ਦੋਵੇਂ ਉਡਾਨਾਂ 80 ਫੀਸਦੀ ਭਰੀਆਂ ਹੋਈਆਂ ਸਨ। (Amritsar News)

ਅੱਜ ਇਸ ਉਡਾਨ ਦੀ ਖੁਸ਼ੀ ਸਾਂਝੀ ਕਰਨ ਲਈ ਬੁਲਾਈ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਸ.ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਤੋਂ ਇਹ ਉਡਾਨ ਸ਼ੁਰੂ ਕਰਨ ਵਾਸਤੇ ਏਅਰ ਲਾਈਨ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਅੰਮ੍ਰਿਤਸਰ ਜੋ ਕਿ ਗੁਰੂ ਰਾਮ ਦਾਸ ਜੀ ਦੁਆਰਾ ਵਸਾਇਆ ਗਿਆ ਨਗਰ ਹੈ, ਵਿਚ ਹਰ ਰੋਜ਼ ਡੇਢ ਲੱਖ ਦੇ ਕਰੀਬ ਯਾਤਰੀ ਵਿਸ਼ਵ ਭਰ ਵਿਚੋਂ ਆਉਂਦੇ ਹਨ ਅਤੇ ਛੁੱਟੀਆਂ ਤੇ ਤਿਉਹਾਰਾਂ ਦੇ ਦਿਨਾਂ ਵਿਚ ਇਹ ਗਿਣਤੀ ਤਿੰਨ ਲੱਖ ਨੂੰ ਪਹੁੰਚ ਜਾਂਦੀ ਹੈ। (Amritsar News)

ਇਹ ਵੀ ਪੜ੍ਹੋ : ਦੇਖੋ, ਬਰਨਾਵਾ ਆਸ਼ਰਮ ਦੀ ਪਵਿੱਤਰ ਧਰਤੀ, ਜਿੱਥੇ ਐੱਮਐੱਸਜੀ ਦੀਆਂ ਰਹਿਮਤਾਂ ਦੀ ਹੋ ਰਹੀ ਐ ਕਮਾਲ

ਉਨਾਂ ਕਿਹਾ ਕਿ ਇਹ ਉਡਾਨ ਸ਼ੁਰੂ ਹੋਣ ਨਾਲ ਜਿੱਥੇ ਅੰਮ੍ਰਿਤਸਰ ਤੋਂ ਸੈਰ ਸਪਾਟੇ ਲਈ ਕੁਆਲਾਲੰਪਰ,  ਬਾਲੀ,  ਮੈਲਬਰਨ,  ਸਿਡਨੀ,  ਸਿੰਘਾਪੁਰ ਅਤੇ ਬੈਂਕਾਕ ਅਸਾਨੀ ਨਾਲ ਜਾ ਸਕਣਗੇ,  ਉਥੇ ਨਿਊਜੀਲੈਂਡ, ਆਸਟਰੀਆ ਅਤੇ ਹੋਰ ਦੇਸ਼ਾਂ ਵਿਚ ਵੱਸਦੇ ਪ੍ਰਵਾਸੀ ਪੰਜਾਬੀ ਵੀ ਇਸ ਉਡਾਨ ਦਾ ਲਾਭ ਉਠਾਉਣਗੇ ਅਤੇ ਉਨਾਂ ਨੂੰ ਦਿੱਲੀ ਜਾ ਕੇ ਖੱਜ਼ਲ ਨਹੀਂ ਹੋਣਾ ਪਵੇਗਾ। ਉਨਾਂ ਕਿਹਾ ਕਿ ਇਸ ਨਾਲ ਜਿੱਥੇ ਵਿਦੇਸ਼ ਵੱਸਦੇ ਪ੍ਰਵਾਸੀ ਪੰਜਾਬੀ ਖੁਸ਼ ਹੋਣਗੇ, ਉਥੇ ਅੰਮ੍ਰਿਤਸਰ ਦੀ ਸੈਰ ਸਪਾਟਾ ਸਨਅਤ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਇਹ ਹੁਣ ਵਿਸ਼ਵ ਪ੍ਰਸਿਧ ਸੈਲਾਨੀ ਕੇਂਦਰਾਂ ਨਾਲ ਸਿੱਧੇ ਸੰਪਰਕ ਵਿਚ ਆ ਜਾਵੇਗਾ।

ਉਨਾਂ ਦੱਸਿਆ ਕਿ ਵਿਸ਼ਵ ਭਰ ਵਿਚ ਅਸਾਨ ਦਰਾਂ ‘ਤੇ ਹਵਾਈ ਯਾਤਰਾ ਮੁਹਈਆ ਕਰਵਾਉਣ ਲਈ ਜਾਣੀ ਜਾਂਦੀ ਏਅਰ ਏਸ਼ੀਆ ਨੇ ਹਫਤੇ ਵਿਚ ਚਾਰ ਦਿਨ ਮੰਗਲਵਾਰ,ਵੀਰਵਾਰ, ਸ਼ਨਿਚਰਵਾਰ ਤੇ ਐਤਵਾਰ ਨੂੰ ਇਹ ਉਡਾਨ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਚਲਾਈ ਹੈ, ਜੋ ਕਿ ਰਾਤ ਪੌਣੇ ਬਾਰਾਂ ਵਜੇ ਇਥੋਂ ਚੱਲਕੇ ਸਵੇਰੇ 8 ਵੱਜ ਕੇ 5 ਮਿੰਟ ‘ਤੇ ਕੁਆਲਾਲੰਪਰ ਪਹੁੰਚੇਗੀ ਅਤੇ ਇਨਾਂ ਦਿਨਾਂ ਵਿਚ ਹੀ ਸ਼ਾਮ ਸੱਤ ਵੱਜ ਕੇ 20 ਮਿੰਟ ‘ਤੇ ਕੁਆਲਾਲੰਪਰ ਤੋਂ ਚੱਲਿਆ ਕਰੇਗੀ।

ਇਸ ਮੌਕੇ ਸੰਬੋਧਨ ਕਰਦੇ ਏਅਰ ਏਸ਼ੀਆ ਐਕਸ ਦੇ ਚੇਅਰਮੈਨ ਸ੍ਰੀਮਤੀ ਟਾਨ ਸ੍ਰੀ ਰਫੀਡਾਹ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਤੇ ਜੇਬ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਬਹੁਤ ਘੱਟ ਖਰਚੇ ‘ਤੇ ਇਹ ਉਡਾਨ ਸ਼ੁਰੂ ਕੀਤੀ ਹੈ, ਜਿਸ ਵਿਚ ਕੁਆਲਾਲੰਪਰ ਤੱਕ ਦੀ ਟਿਕਟ 26 ਅਗਸਤ ਤੱਕ ਕੇਵਲ ਫਿਲਹਾਲ 5490 ਰੁਪਏ ਰੱਖੀ ਗਈ ਹੈ ਅਤੇ ਇਸ ਟਿਕਟ ‘ਤੇ ਯਾਤਰਾ31 ਜਨਵਰੀ 2019 ਤੱਕ ਕੀਤੀ ਜਾ ਸਕੇਗੀ। ਉਨਾਂ ਦੱਸਿਆ ਕਿ ਦਿਲੀ ਤੇ ਜੈਪੁਰ ਤੋਂ ਬਾਅਦ ਅਸੀਂ ਅੰਮ੍ਰਿਤਸਰ ਤੋਂ ਇਹ ਉਡਾਨ ਸ਼ੁਰੂ ਕੀਤੀ ਹੈ।

ਆਸ ਹੈ ਕਿ ਇਹ ਲੋਕਾਂ ਦੇ ਸਹਿਯੋਗ ਨਾਲ ਬੇਹੱਦ ਕਾਮਯਾਬ ਰਹੇਗੀ। ਇਸ ਮੌਕੇ ਸਿੱਧੂ ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਮੀਡੀਆ ਕਰਮੀਆਂ ਨਾਲ ਸਾਂਝਾ ਕਰਦੇ ਉਨਾਂ ਦੀ ਮੌਤ ਨੂੰ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਅਤੇ ਸਾਰੇ ਹਾਜ਼ਰੀਨ ਨਾਲ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। (Amritsar News)