ਵਿਦਿਆਰਥਣ ‘ਤੇ ਤੇਜ਼ਾਬ ਨਾਲ ਹਮਲਾ

ਮੋਟਰਸਾਈਕਲ ਸਵਾਰਾਂ ਨੇ ਵਿਦਿਆਰਥਣ ‘ਤੇ ਸੁੱਟਿਆ ਤੇਜਾਬ
ਜਲਾਲਾਬਾਦ  (ਰਜਨੀਸ਼ ਰਵੀ) ਸਥਾਨਕ ਗਗਨੇਜਾ ਸਟ੍ਰੀਟ ਵਿੱਚ ਦੇਰ ਸ਼ਾਮ 6 ਵਜੇ ਦੇ ਕਰੀਬ ਕੰਪਿਊਟਰ ਸੈਂਟਰ ਤੋਂ ਪੜ੍ਹ ਕੇ ਵਾਪਸ ਘਰ ਆ ਰਹੀ 18 ਸਾਲਾਂ ਵਿਦਿਆਰਥਣ ‘ਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਤੇਜਾਬ ਸੁੱਟਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਸਥਾਨਕ ਵਾਸੀ ਪੀੜਤ ਲੜਕੀ ਦੇਰ ਸ਼ਾਮ ਕੰਪਿਊਟਰ ਸੈਂਟਰ ਤੋਂ ਐਕਟਿਵਾ ‘ਤੇ ਸਵਾਰ ਹੋ ਕੇ ਆਪਣੇ ਘਰ ਚੱਲੀ ਸੀ ਕਿ ਗਗਨੇਜਾ ਸਟ੍ਰੀਟ ਵਿੱਚ ਇਕ ਮੋਟਰਸਾਈਕਲ ‘ਤੇ ਸਵਾਰ ਦੋ ਲੜਕਿਆਂ ਨੇ ਉਸ ‘ਤੇ ਤੇਜਾਬ ਸੁੱਟ ਦਿੱਤਾ। ਲੜਕੀ ਵੱਲੋਂ ਰੌਲਾ ਪਾਉਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਜਦਕਿ ਉਕਤ ਮੋਟਰਸਾਈਕਲ ਸਵਾਰ ਭੱਜਣ ਵਿੱਚ ਕਾਮਯਾਬ ਹੋ ਗਏ ਇਸ ਦੌਰਾਨ ਆਸ ਪਾਸ ਦੇ ਲੋਕਾਂ ਨੇ ਲੜਕੀ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ। ਘਟਨਾਂ ਬਾਰੇ ਪਤਾ ਲੱਗਦਿਆ ਐਸ.ਐਚ.ਓ. ਸਿਟੀ ਹਰਪ੍ਰੀਤ ਸਿੰਘ ਤੇ ਐਸ.ਐਚ.ਓ. ਸਦਰ ਜਤਿੰਦਰ ਪਾਲ ਸਿੰਘ ਪੁਲਸ ਪਾਰਟੀ ਸਮੇਤ ਘਟਨਾਂ ਸਥਾਨ ‘ਤੇ ਪਹੁੰਚੇ ਤੇ ਇਸ ਉਪਰੰਤ ਐਸ.ਡੀ.ਐਮ. ਅਵਿਕੇਸ਼ ਗੁਪਤਾ ਵੀ ਸਥਾਨਕ ਸਰਕਾਰੀ ਹਸਪਤਾਲ ਵਿਖੇ ਪਹੁੰਚ ਗਏ।
ਇਸ ਮੌਕੇ ਐਸ.ਡੀ.ਐਮ. ਅਵਿਕੇਸ਼ ਗੁਪਤਾ ਨੇ ਇਸ ਘਿਨੌਣੀ ਘਟਨਾਂ  ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਦੋਸ਼ੀ ਵਿਅਕਤੀਆਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ।