ਕਿਸੇ ਪੰਜਾਬੀ ਨੂੰ ਕਮਾਨ ਸੌਂਪੀ ਜਾਵੇ ਤਾਂ ਆਮ ਆਦਮੀ ਪਾਰਟੀ ਤੋਂ ਚੋਣ ਲੜ ਸਕਦਾ ਹਾਂ : ਡਾ. ਗਾਂਧੀ

Soldier, Aam, Aadmi, Party, Dr, Gandhi

ਸੁਖਪਾਲ ਖਹਿਰਾ, ਬੈਂਸ ਭਰਾਵਾਂ ਨਾਲ ਸਾਂਝੀ ਪਾਰਟੀ ਦਾ ਨਿਰਮਾਣ ਜਲਦ ਹੀ ਹੋਵੇਗਾ

ਨਾਭਾ, (ਤਰੁਣ ਕੁਮਾਰ ਸ਼ਰਮਾ)। ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਸਕਦਾ ਹਾਂ, ਬਸ਼ਰਤੇ ਆਮ ਆਦਮੀ ਪਾਰਟੀ ਦੀ ਸੂਬੇ ਦੀ ਵਾਗਡੋਰ ਕਿਸੇ ਪੰਜਾਬੀ ਨੂੰ ਸੌਂਪੀ ਜਾਵੇ। ਇਹ ਵਿਚਾਰ ਪਟਿਆਲਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਨਾਭਾ ਵਿਖੇ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਦਿਆਂ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅੱਜ ਤੱਕ ਕੇਜਰੀਵਾਲ ਨਾਲ ਕੋਈ ਗੱਲ ਨਹੀਂ ਹੋਈ ਹੈ ਪੰ੍ਰਤੂ ਉਨ੍ਹਾਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਨਾਲ ਜ਼ਰੂਰ ਗੱਲ ਕੀਤੀ ਹੈ। ਉਨ੍ਹਾਂ ਨੂੰ ਕਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਦੀਆਂ ਮੰਗਾਂ ਵੱਲ ਧਿਆਨ ਦੇਵੋ ਤੇ ਸਾਨੂੰ ਖੁਦਮੁਖਤਿਆਰੀ ਚਾਹੀਦੀ ਹੈ। ਜੇਕਰ ਕੁਝ ਸ਼ਰਤਾਂ ਦੀ ਸਹਿਮਤੀ ਹੁੰਦੀ ਹੈ ਤਾਂ ਉਹ ਪਟਿਆਲਾ ਤੋਂ ਆਪ ਉਮੀਦਵਾਰ ਵਜੋਂ ਚੋਣ ਲੜਨ ਨੂੰ ਤਿਆਰ ਹਨ।

ਪ੍ਰੰਤੂ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ‘ਚ ਇੱਕ ਅਜਿਹੀ ਸਾਂਝੀ ਪਾਰਟੀ ਦਾ ਨਿਰਮਾਣ ਕਰਨ ਜਾ ਰਹੇ ਹਨ, ਜਿਸ ਦੇ ਇੱਕ ਮੰਚ ‘ਤੇ ਸੁਖਪਾਲ ਖਹਿਰਾ, ਪੰਜਾਬ ਮੰਚ ਦੀ ਟੀਮ ਤੇ ਲੋਕ ਇਨਸਾਫ ਪਾਰਟੀ ਤਿੰਨੋਂ ਟੀਮਾਂ ਇਕੱਤਰ ਹੋ ਕੇ ਸਿਆਸੀ ਉਦਮ ਕਰਨਗੀਆਂ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਵਿੱਚ ਹਨ। ਨਵੇਂ ਅਕਾਲੀ ਦਲ ਦੇ ਨਿਰਮਾਣ ਦੇ ਲਾਏ ਜਾ ਰਹੇ ਕਿਆਸਾਂ ਸਬੰਧੀ ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਹੈ ਤੇ ਹੁਣ ਪੰਜਾਬੀ ਲੋਕ ਬਾਦਲਾਂ ਨੂੰ ਮੂੰਹ ਨਹੀਂ ਲਾਉਣਗੇ। ਨਵਜੋਤ ਸਿੱਧੂ ਦੀਆਂ ਆਪ ‘ਚ ਰਲੇਵੇ ਦੇ ਕਿਆਸਾਂ ਬਾਰੇ ਉਨ੍ਹਾਂ ਕਿਹਾ ਕਿ ਅਜੇ ਤੱਕ ਸਿੱਧੂ ਨਾਲ ਉਨ੍ਹਾਂ ਦੀ ਕਿਸੇ ਵੀ ਪੱਧਰ ‘ਤੇ ਕੋਈ ਗੱਲ ਨਹੀਂ ਹੋਈ ਹੈ ਪਰੰਤੂ ਜੇ ਉਹ ਆਉਣਾ ਚਾਹੁਣ ਤਾਂ ਉਨ੍ਹਾਂ ਦਾ ਸਵਾਗਤ ਹੈ।